For the best experience, open
https://m.punjabitribuneonline.com
on your mobile browser.
Advertisement

ਇਜ਼ਰਾਈਲ ’ਤੇ ਦਾਗੀਆਂ ਮਿਜ਼ਾਈਲਾਂ ਅਤੇ ਡਰੋਨਾਂ ਦੇ ਪੁਰਜ਼ੇ ਚੀਨੀ ਮੂਲ ਦੇ

06:48 AM Apr 18, 2024 IST
ਇਜ਼ਰਾਈਲ ’ਤੇ ਦਾਗੀਆਂ ਮਿਜ਼ਾਈਲਾਂ ਅਤੇ ਡਰੋਨਾਂ ਦੇ ਪੁਰਜ਼ੇ ਚੀਨੀ ਮੂਲ ਦੇ
Advertisement

ਅਜੈ ਬੈਨਰਜੀ
ਨਵੀਂ ਦਿੱਲੀ, 17 ਅਪਰੈਲ
ਇਰਾਨ ਵੱਲੋਂ ਸ਼ਨਿਚਰਵਾਰ ਨੂੰ ਇਜ਼ਰਾਈਲ ’ਤੇ ਦਾਗੀਆਂ ਗਈਆਂ 300 ਤੋਂ ਵੱਧ ਮਿਜ਼ਾਈਲਾਂ ਤੇ ਡਰੋਨਾਂ ਦੇ ਪ੍ਰਮੁੱਖ ਪੁਰਜ਼ੇ ਚੀਨੀ ਮੂਲ ਦੇ ਸਨ। ਇਰਾਨ ਦੇ ਇਸ ਹਮਲੇ ਦਾ ਇਜ਼ਰਾਈਲ, ਅਮਰੀਕਾ ਤੇ ਬਰਤਾਨੀਆ ਨੇ ਮਿਲ ਕੇ ਜਵਾਬ ਦਿੱਤਾ ਸੀ ਅਤੇ ਉਨ੍ਹਾਂ ਨੇ ਮਿਲ ਕੇ ਇਨ੍ਹਾਂ ਵਿੱਚੋਂ 99 ਫ਼ੀਸਦ ਮਿਜ਼ਾਈਲਾਂ ਤੇ ਡਰੋਨ ਤਬਾਹ ਕਰ ਦਿੱਤੇ ਸਨ। ਇਸ ਹਮਲੇ ਦਾ ਮੁਕਾਬਲਾ ਕਰਨਾ ਇਸ ਵਾਸਤੇ ਆਸਾਨ ਰਿਹਾ ਕਿਉਂਕਿ ਅਮਰੀਕਾ ਤੇ ਬਰਤਾਨੀਆ ਦਹਾਕੇ ਤੋਂ ਚੀਨ ਨੂੰ ਟਰੈਕ ਕਰਦੇ ਆ ਰਹੇ ਹਨ ਅਤੇ ਉਹ ਇਰਾਨ ਵੱਲੋਂ ਇਸਤੇਮਾਲ ਕੀਤੇ ਗਏ ‘ਕਿਮੀਕਾਜ਼ੇ’ ਡਰੋਨਾਂ ਵੱਲੋਂ ਲਿਆਂਦੇ ਗਏ ਗੋਲਾ-ਬਾਰੂਦ ਦੀ ਸਮਰੱਥਾ ਅਤੇ ਬੈਲਿਸਟਿਕ ਮਿਜ਼ਾਈਲਾਂ ਦੇ ਸੰਭਾਵੀ ਰਸਤੇ ਬਾਰੇ ਜਾਣਦੇ ਸਨ। ਅਮਰੀਕਾ ਦੇ ਰੱਖਿਆ ਵਿਭਾਗ ਵੱਲੋਂ ਚੀਨ ਦੀ ਫ਼ੌਜੀ ਤਾਕਤ ਬਾਰੇ ਸਾਲਾਨਾ ਰਿਪੋਰਟਾਂ ਪੇਸ਼ ਕੀਤੀਆਂ ਜਾਂਦੀਆਂ ਰਹੀਆਂ ਹਨ। ਖ਼ੁਫ਼ੀਆ ਏਜੰਸੀਆਂ ਚੀਨ ਅਤੇ ਇਸ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਨੂੰ ਟਰੈਕ ਕਰਦੀਆਂ ਰਹੀਆਂ ਹਨ।
ਸ਼ਨਿਚਰਵਾਰ ਨੂੰ ਹੋਏ ਇਰਾਨੀ ਹਮਲੇ ਦੌਰਾਨ ਇਜ਼ਰਾਈਲ ਦੀ ਬਹੁ-ਪੱਧਰੀ ਹਵਾਈ ਪ੍ਰਣਾਲੀ ਤੁਰੰਤ ਹਰਕਤ ਵਿੱਚ ਆ ਗਈ ਸੀ ਅਤੇ ਇਸ ਨੇ ਮੱਧ-ਪੂਰਬ ਵਿੱਚ ਸਥਿਤ ਅਮਰੀਕੀ ਗਰਾਊਂਡ ਸਟੇਸ਼ਨਾਂ ਤੋਂ ਦਾਗੇ ਗਏ ਮਿਜ਼ਾਈਲ ਇੰਟਰਸੈਪਟਰਾਂ, ਜੰਗੀ ਜਹਾਜ਼ਾਂ ਅਤੇ ਇੱਥੋਂ ਤੱਕ ਕਿ ਪੱਛਮੀ ਇਜ਼ਰਾਈਲ ਵਿੱਚ ਭੂ-ਮੱਧ ਸਾਗਰ ਵਿੱਚ ਤਾਇਨਾਤ ਜੰਗੀ ਬੇੜਿਆਂ ਦੀ ਮਦਦ ਨਾਲ ਇਰਾਨੀ ਹਮਲੇ ਦਾ ਮੂੰਹਤੋੜ ਜਵਾਬ ਦਿੱਤਾ। ਇਰਾਨ ਦਾ ‘ਸ਼ਾਹੇਦ’ ਹਥਿਆਬੰਦ ਡਰੋਨ, ਜੋ ਕਿ ਨਿਸ਼ਾਨੇ ’ਤੇ ਆਪਣੇ ਆਪ ਨੂੰ ਖ਼ੁਦ ਤਬਾਹ ਕਰਨ ਦੀ ਸਮਰੱਥਾ ਰੱਖਦਾ ਹੈ, ਦਾ ਇੰਜਣ ‘ਬੀਜਿੰਗ ਮਾਈਕ੍ਰੋਪਾਇਲਟ ਯੂਏਵੀ ਫਲਾਈਟ ਕੰਟਰੋਲ ਸਿਸਟਮਜ਼’ ਵੱਲੋਂ ਬਣਾਇਆ ਗਿਆ ਹੈ। ਇਹ ਚੀਨੀ ਕੰਪਨੀ ਇਹੀ ਇੰਜਣ ‘ਮੈਡੋ ਇੰਪੋਰਟ ਐਂਡ ਐਕਸਪੋਰਟ ਲਿਮਿਟਡ’ ਇਰਾਨ ਨਾਂ ਦੀ ਕੰਪਨੀ ਨੂੰ ਮੁਹੱਈਆ ਕਰਵਾਉਂਦੀ ਹੈ। ਇਰਾਨ ਵੱਲੋਂ ਇਜ਼ਰਾਈਲ ’ਤੇ ਦਾਗੀਆਂ ਗਈਆਂ ਮਿਜ਼ਾਈਲਾਂ ਵਿੱਚ ਵੀ ਅਜਿਹੇ ਪੁਰਜੇ ਪਾਏ ਗਏ ਹਨ ਜਿਹੜੇ ਕਿ ਤਿੰਨ ਚੀਨੀ ਕੰਪਨੀਆਂ - ਵੁਹਾਨ ਆਈਆਰਸੀਈਐੱਨ ਟੈਕਨੋਲੋਜੀ ਕੰਪਨੀ ਲਿਮਿਟਡ, ਰੇਅਬੀਮ ਆਪਟਰੌਨਿਕਸ ਕੰਪਨੀ ਲਿਮਿਟਡ ਅਤੇ ਸਨਵੇਅ ਟੈਕ ਕੰਪਨੀ ਲਿਮਿਟਡ ਵੱਲੋਂ ਬਣਾਏ ਗਏ ਸਨ। ਇਹ ਤਿੰਨੋਂ ਚੀਨੀ ਕੰਪਨੀਆਂ ਇਰਾਨ ਦੀਆਂ ਕੰਪਨੀਆਂ ਰਿਆਨ ਪਰਦਾਜ਼ੈਸ਼ ਪੈਜ਼ਵਾਕ ਕੰਪਨੀ, ਰਿਆਨ ਲੇਜ਼ਰ ਟੈਸਟ ਕੰਪਨੀ ਅਤੇ ਰਿਆਨ ਇਲੈਕਟ੍ਰੌਨਿਕ ਫ਼ਰਦਾ ਕੰਪਨੀ ਨੂੰ ਇਹ ਪੁਰਜ਼ੇ ਸਪਲਾਈ ਕਰਦੀਆਂ ਹਨ। ਚੀਨ ਨੇ ਇਰਾਨ ਵਿੱਚ 1979 ’ਚ ਇਸਲਾਮੀ ਕ੍ਰਾਂਤੀ ਤੋਂ ਤੁਰੰਤ ਬਾਅਦ ਇਰਾਨ ਨੂੰ ਸਮੁੰਦਰੀ ਜਹਾਜ਼ਾਂ ਵਿਰੋਧੀ ਮਿਜ਼ਾਈਲਾਂ, ਕਰੂਜ਼ ਮਿਜ਼ਾਈਲਾਂ, ਜੰਗੀ ਜਹਾਜ਼, ਟੈਂਕ ਅਤੇ ਟੈਂਕ ਵਿਰੋਧੀ ਬੰਦੂਕਾਂ ਬਰਾਮਦ ਕੀਤੀਆਂ ਸਨ।

Advertisement

Advertisement
Author Image

joginder kumar

View all posts

Advertisement
Advertisement
×