ਦੇਸ਼ ਦੀ ਵੰਡ ਨਾ ਭੁੱਲਣਯੋਗ ਘਟਨਾ: ਭਾਟੀਆ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 20 ਨਵੰਬਰ
ਖ਼ਾਲਸਾ ਕਾਲਜ ਵਿੱਚ ਨੌਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ-ਮੇਲੇ ਦੇ ਦੂਜੇ ਦਿਨ ਦਾ ਆਗਾਜ਼ ਇੰਡੀਅਨ ਕੌਸਲ ਆਫ ਸੋਸ਼ਲ ਸਾਇੰਸਜ਼ ਵੱਲੋਂ ਸਪੌਂਸਰਡ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਦੇ ਉਦਘਾਟਨ ਨਾਲ ਹੋਇਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਦਾ ਇਹ ਸੈਮੀਨਾਰ ਸੰਤਾਲੀ ਦੀ ਪੰਜਾਬ ਵੰਡ ਨੂੰ ਮੁੜ ਵਿਚਾਰਨ ਨਾਲ ਸਬੰਧਿਤ ਸੀ। ਇਸ ਵੰਡ ਦੇ ਪਿਛੋਕੜ ਵਿਚ ਵਾਪਰੀਆਂ ਘਟਨਾਵਾਂ ਪਿੱਛੇ ਕਾਰਜਸ਼ੀਲ ਪੱਖਾਂ ਨੂੰ ਉਘਾੜਨਾ ਅਤੇ ਉਨ੍ਹਾਂ ਪ੍ਰਤੀ ਚਿੰਤਨ ਕਰਨਾ ਇਸ ਸੈਮੀਨਾਰ ਦਾ ਮੁੱਖ ਉਦੇਸ਼ ਸੀ। ਖ਼ਾਲਸਾ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਤਮਿੰਦਰ ਸਿੰਘ ਭਾਟੀਆ ਨੇ ਕਿਹਾ ਕਿ 1947 ਦੀ ਵੰਡ ਇੱਕ ਨਾ ਭੁੱਲਣਯੋਗ ਵਰਤਾਰਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਇਤਿਹਾਸ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ. ਸੁਖਦੇਵ ਸਿੰਘ ਸੋਹਲ ਨੇ ਕੁੰਜੀਵਤ ਭਾਸ਼ਣ ਦਿੰਦਿਆਂ ਕਿਹਾ ਕਿ ਸੈਮੀਨਾਰ ਦਾ ਵਿਸ਼ਾ 77 ਸਾਲਾਂ ਬਾਅਦ ਸੰਤਾਲੀ ਦੀ ਵੰਡ ਦੀ ਹੋਣੀ ਨੂੰ ਵਿਚਾਰਦਿਆਂ ਇਸ ਦੇ ਕਾਰਨਾਂ ਦੀ ਘੋਖ ਕਰਨਾ ਹੈ। ਦੇਸ਼ ਦੀ ਵੰਡ ਸਮੇਂ ਜੋ ਕੁਝ ਵਾਪਰਿਆ ਉਸ ਦੀ ਪੂਰਤੀ ਅਸੰਭਵ ਹੈ। ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਅਤੇ ਮੁਖੀ ਪੰਜਾਬੀ ਵਿਭਾਗ ਡਾ. ਕੁਲਵੀਰ ਗੋਜਰਾ ਨੇ ਕਿਹਾ ਕਿ ਧਾਰਮਿਕ ਵੱਖਰਤਾ, ਜਾਤ-ਪਾਤ, ਊਚ-ਨੀਚ ਜੋ ਵੰਡ ਦੇ ਕਾਰਨਾਂ ਦੇ ਪ੍ਰਮੁੱਖ ਆਧਾਰ ਸਨ, ਅਜੋਕੇ ਸਮਾਜ ਵਿੱਚ ਵੀ ਜਿਵੇਂ ਦੇ ਤਿਵੇਂ ਹਨ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਡਾ. ਰਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਅੰਗਰੇਜ਼ਾਂ ਵੱਲੋਂ ਪੰਜਾਬ ਨੂੰ ਵਿਕਸਿਤ ਕਰਨ ਦੇ ਪਿਛੇ ਕਾਰਜਸ਼ੀਲ ਨੀਤੀਆਂ ਲਈ ਇੱਕ ਕਾਰਨ ਤਾਂ ਅਨਾਜ ਦਾ ਉਤਪਾਦਨ ਸੀ ਅਤੇ ਦੂਜਾ ਇਥੋਂ ਦੀ ਨੌਜਵਾਨੀ ਨੂੰ ਵਰਤਣਾ ਸੀ ਅਤੇ ਅੱਜ ਵੀ ਕੇਂਦਰੀ ਸਰਕਾਰ ਨੇ ਪੰਜਾਬ ਲਈ ਇਹੀ ਨੀਤੀ ਅਪਣਾਈ ਹੋਈ ਹੈ।
ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸੰਤਾਲੀ, ਛਿਆਹਠ ਅਤੇ ਚੁਰਾਸੀ ਦੇ ਦੁਖਾਂਤ ਦੀਆਂ ਕੜੀਆਂ ਇੱਕ-ਦੂਜੇ ਨਾਲ ਜੁੜੀਆਂ ਹੋਈਆਂ ਹਨ। ਫ਼ਿਰਕੂ ਸਿਆਸਤ ਅਤੇ ਜਮਹੂਰੀਅਤ ਇਕ-ਦੂਜੇ ਨਾਲ ਜੁੜੇ ਹੋਏ ਅਜਿਹੇ ਪਹਿਲੂ ਹਨ ਜੋ ਵੰਡ ਦੇ ਕਾਰਨਾਂ ਦੇ ਆਧਾਰ ਹਨ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਮੁਖੀ ਡਾ. ਗੁਰਮੁਖ ਸਿੰਘ ਨੇ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਵੰਡ ਦੇ ਕਾਰਨਾਂ ਤੋਂ ਜਾਣੂ ਕਰਵਾਉਣ ਦੀ ਲੋੜ ਹੈ। ਖ਼ਾਲਸਾ ਕਾਲਜ ਦੇ ਰੈੱਡ ਰੀਬਨ ਅਤੇ ਜੈਂਡਰ ਚੈਂਪੀਅਨਜ਼ ਕਲੱਬਾਂ ਵੱਲੋਂ ਵਾਤਾਵਰਨ ਸੁਰੱਖਿਆ ਸਬੰਧੀ ਪੋਸਟਰ ਮੁਕਾਬਲੇ ਕਰਵਾਏ ਗਏ।