ਪ੍ਰਚਾਰ ਦੇ ਆਖ਼ਰੀ ਪੜਾਅ ’ਚ ਪਾਰਟੀਆਂ ਨੇ ਪੂਰੀ ਤਾਕਤ ਲਗਾਈ
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਫਰਵਰੀ
ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੇ ਆਖ਼ਰੀ ਪੜਾਅ ਵਿੱਚ, ਸਾਰੀਆਂ ਪਾਰਟੀਆਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਅੱਜ ਦਿੱਲੀ ਦੇ ਅਤੇ ਕੇਂਦਰੀ ਦਫ਼ਤਰ ਹਫਤਾਵਾਰੀ ਛੁੱਟੀ ਹੋਣ ਕਰਕੇ ਉਮੀਦਵਾਰਾਂ ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕੋਈ ਕਸਰ ਨਹੀਂ ਛੱਡੀ। ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰਾਂ ਸਣੇ ਆਜ਼ਾਦ ਉਮੀਦਵਾਰਾਂ ਨੇ ਵੀ ਪੂਰੀ ਤਾਕਤ ਚੋਣ ਪ੍ਰਚਾਰ ਵਿੱਚ ਝੋਕ ਦਿੱਤੀ ਹੈ। ‘ਆਪ’ ਵੱਲੋਂ ਭਗਵੰਤ ਮਾਨ ਨੇ ਪੰਜਾਬੀ ਬਹੁਵਸੋਂ ਵਾਲੇ ਵਿਧਾਨ ਸਭਾ ਹਲਕੇ ਹਰੀ ਨਗਰ ਵਿੱਚ ਉਮੀਦਵਾਰ ਲਈ ਰੋਡ ਸ਼ੋਅ ਕੀਤਾ। ਉਨ੍ਹਾਂ ਰਾਜੌਰੀ ਗਾਰਡਨ, ਮਾਦੀਪੁਰ ਅਤੇ ਚਾਂਦਨੀ ਚੌਕ ਵਿੱਚ ਵੀ ਰੋਡ ਸ਼ੋਅ ਕੀਤੇ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਿਠਾਲਾ, ਬਵਾਨਾ, ਨਾਂਗਲੋਈ ਅਤੇ ਮੰਗੋਲਪੁਰੀ ਇਲਾਕੇ ਵਿੱਚ ਚੋਣ ਸਭਾਵਾਂ ਕੀਤੀਆਂ ਅਤੇ ਰੋਡ ਸ਼ੋਅ ਕਰਕੇ ਲੋਕਾਂ ਨਾਲ ਸੰਪਰਕ ਕੀਤਾ।
ਉਧਰ, ਭਾਜਪਾ ਦੇ ਉਮੀਦਵਾਰਾਂ ਲਈ ਕੌਮੀ ਲੀਡਰਸ਼ਿਪ ਅਤੇ ਸੂਬਾਈ ਲੀਡਰਸ਼ਿਪ ਨੇ ਵੱਖ-ਵੱਖ ਇਲਾਕਿਆਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦੋ ਰੈਲੀਆਂ ਸ਼ਿਵ ਵਿਹਾਰ (ਮੁਸਤਫਾਬਾਦ) ਅਤੇ ਸੋਨੀਆ ਵਿਹਾਰ ਵਿੱਚ ਕੀਤੀਆਂ ਗਈਆਂ। ਉਨ੍ਹਾਂ ਵੱਲੋਂ ਰੋਡ ਸ਼ੋਅ ਰੋਹਤਾਸ ਨਗਰ ਵਿਧਾਨ ਸਭਾ ਹਲਕੇ ਵਿੱਚ ਕੱਢਿਆ ਗਿਆ। ਕੇਂਦਰੀ ਮੰਤਰੀ ਜੈਸ਼ੰਕਰ ਵੱਲੋਂ ਦਿੱਲੀ ਵਿੱਚ ਰਹਿੰਦੇ ਦੱਖਣੀ ਭਾਰਤੀ ਵੋਟਰਾਂ ਨਾਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਸਮਾਗਮ ਦੌਰਾਨ ਸੰਪਰਕ ਕੀਤਾ ਗਿਆ। ਇਸੇ ਦੌਰਾਨ ਬਾਲੀਵੁਡ ਐਕਟਰ ਰਵੀ ਕਿਸ਼ਨ ਅਤੇ ਪੰਜਾਬੀ ਫਿਲਮ ਐਕਟਰ ਹੌਬੀ ਧਾਲੀਵਾਲ ਨੇ ਮਨਜਿੰਦਰ ਸਿੰਘ ਸਿਰਸਾ ਲਈ ਚੋਣ ਪ੍ਰਚਾਰ ਕੀਤਾ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਵੀ ਉਮੀਦਵਾਰਾਂ ਲਈ ਪ੍ਰਚਾਰ ਕੀਤਾ।ਕਾਂਗਰਸ ਵੱਲੋਂ ਬਹੁਤਾ ਜ਼ੋਰ ਸੰਦੀਪ ਦੀਕਸ਼ਿਤ ਦੇ ਨਵੀਂ ਦਿੱਲੀ ਹਲਕੇ ਵਿੱਚ ਹੀ ਲਾਇਆ ਜਾ ਰਿਹਾ ਹੈ ਅਤੇ ਨੈਸ਼ਨਲ ਸਟੂਡੈਂਟਸ ਯੂਨੀਅਨ ਦੇ ਦਫਤਰ ਤੋਂ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ।
ਪੰਜਾਬੀ ਵਿੱਚ ਦਸਤਖ਼ਤ ਕਰਨ ਦੀ ਅਪੀਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਮੁਨਾ ਪਾਰ ਤੋਂ ਮੈਂਬਰ ਪਲਵਿੰਦਰ ਸਿੰਘ ਵਿੱਕੀ ਨੇ ਵੀਡੀਓ ਸੰਦੇਸ਼ ਰਾਹੀਂ ਦਿੱਲੀ ਦੇ ਪੰਜਾਬੀ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਪੰਜ ਫਰਵਰੀ ਨੂੰ ਵੋਟਾਂ ਪਾਉਣ ਬੂਥਾਂ ’ਤੇ ਜਾਣ ਤਾਂ ਉੱਥੇ ਪਏ ਰਜਿਸਟਰ ਵਿੱਚ ਆਪਣਾ ਨਾਂ ਪੰਜਾਬੀ ਵਿੱਚ ਹੀ ਲਿਖਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਚਾਹੇ ਇਸ ਵਾਰ ਤਾਂ ਨਹੀਂ ਪਰ ਅੱਗੋਂ ਤੋਂ ਚੋਣ ਅਧਿਕਾਰੀਆਂ ਨੂੰ ਇੱਕ ਵਿਅਕਤੀ ਪੰਜਾਬੀ ਦਾ ਜਾਣਕਾਰ ਰੱਖਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰੇ ਦੇ ਵੋਟਰ ਇਹ ਸੰਦੇਸ਼ ਦੇਣ ਕਿ ਉਨ੍ਹਾਂ ਪੰਜਾਬੀ ਜਾਂ ਗੁਰਮੁਖੀ ਨਹੀਂ ਵਿਸਾਰੀ।