For the best experience, open
https://m.punjabitribuneonline.com
on your mobile browser.
Advertisement

ਅਭਾਗਣ

10:09 AM Nov 29, 2023 IST
ਅਭਾਗਣ
Advertisement

ਹਰਪ੍ਰੀਤ ਬਰਾੜ ਸਿੱਧੂ

ਰੂਪੀ ਭੈਣ ਮੇਰੇ ਨਾਲੋਂ ਸਾਢੇ ਤਿੰਨ ਕੁ ਸਾਲ ਵੱਡੀ ਸੀ। ਸਿਰਫ਼ ਉਮਰ ਹੀ ਨਹੀਂ, ਸਗੋਂ ਕੱਦ-ਕਾਠ, ਰੂਪ-ਰੰਗ ਅਤੇ ਕਿਸਮਤ ਵਿੱਚ ਵੀ ਉਹ ਮੇਰੇ ਨਾਲੋਂ ਧਨੀ ਸੀ। ਉਹ ਮੇਰੀ ਸਕੀ ਭੈਣ ਨਹੀਂ ਸੀ, ਸ਼ਰੀਕੇ ਵਿੱਚੋਂ ਤਾਏ ਦੀ ਕੁੜੀ ਸੀ, ਪਰ ਸਾਡਾ ਘਰ ਉਨ੍ਹਾਂ ਦੇ ਨੇੜੇ ਹੋਣ ਕਰਕੇ ਸਾਡਾ ਬਚਪਨ ਅਤੇ ਜਵਾਨੀ ਇਕੱਠੇ ਹੀ ਬੀਤੇ। ਉਨ੍ਹਾਂ ਦਾ ਦਾਦਾ ਓਨੀ ਜ਼ਮੀਨ ਵਿੱਚ ਇਕੱਲਾ ਸੀ ਅਤੇ ਮੇਰੇ ਦਾਦੇ ਵਰਗੇ ਚਾਰ ਭਰਾ ਅਤੇ ਫੇਰ ਉਨ੍ਹਾਂ ਦੀ ਜ਼ਮੀਨ ਜਾਇਦਾਦ ਵਧਦੀ ਗਈ ਤੇ ਸਾਡੀ ਘਟਦੀ। ਹੁਣ ਸਾਡਾ ਅਤੇ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਸੀ। ਉਹ ਸਰਦਾਰ ਘਰ ਦੀ ਇਕੱਲੀ ਧੀ ਅਤੇ ਅਸੀਂ ਘੱਟ ਜ਼ਮੀਨੇ ਬਾਪ ਦੀਆਂ ਤਿੰਨ ਧੀਆਂ।
ਬਾਰਾਂ ਜਮਾਤਾਂ ਕਰਨ ਬਾਅਦ ਭੈਣ ਸ਼ਹਿਰ ਪੜ੍ਹਨ ਲੱਗ ਪਈ ਅਤੇ ਉੱਥੇ ਹੀ ਬੀ.ਏ. ਦੇ ਤੀਜੇ ਸਾਲ ਵਿੱਚ ਸੀ ਕਿ ਭੈਣ ਦਾ ਰਿਸ਼ਤਾ ਪੱਕਾ ਹੋ ਗਿਆ। ਵਿਆਹ ਵਾਲੇ ਦਿਨ ਸਾਰਾ ਪਿੰਡ ਪ੍ਰਾਹੁਣੇ ਨੂੰ ਖੜ੍ਹ ਖੜ੍ਹ ਦੇਖ ਰਿਹਾ ਸੀ। ਜੇ ਭੈਣ ਰਾਜਕੁਮਾਰੀਆਂ ਵਰਗੀ ਸੀ ਤਾਂ ਉਹ ਵੀ ਰਾਜਕੁਮਾਰਾਂ ਨੂੰ ਮਾਤ ਪਾਉਂਦਾ ਸੀ। ਛੇ ਫੁੱਟ ਤੋਂ ਵੀ ਉੱਚਾ ਕੱਦ ਅਤੇ ਸੁਡੋਲ ਸਰੀਰ, ਸੋਹਣੀ ਪਟਿਆਲਾ ਸ਼ਾਹੀ ਪੱਗ। ਜੋ ਵੀ ਦੇਖਦਾ ਬਸ ਦੇਖਦਾ ਹੀ ਰਹਿ ਜਾਂਦਾ। ਵਿਆਹ ਤੋਂ ਬਾਅਦ ਭੈਣ ਸ਼ਾਹੀ ਠਾਠ ਨਾਲ ਪਿੰਡ ਗੇੜਾ ਮਾਰਦੀ। ਨਵੀਂ ਨਕੋਰ ਗੱਡੀ ਵਿੱਚ ਲਿਸ਼ ਲਿਸ਼ ਕਰਦੇ ਸੂਟ ਅਤੇ ਗਹਿਣੇ ਪਾ ਕੇ ਆਉਂਦੀ ਭੈਣ ਪਰੀ ਲੋਕ ਦੀ ਅਪਸਰਾ ਦਾ ਭੁਲੇਖਾ ਪਾਉਂਦੀ। ਸਾਡੇ ਬਾਈ ਜੀ ਵੀ ਹਮੇਸ਼ਾਂ ਨਾਲ ਹੀ ਹੁੰਦੇ। ਬਾਈ ਰੂਪੀ ਭੈਣ ਦੀ ਮੁਹੱਬਤ ਵਿੱਚ ਪੂਰਾ ਲੀਨ ਸੀ। ਦੋਵੇਂ ਹੱਸਦੇ, ਗੱਲਾਂ ਕਰਦੇ ਤਾਂ ਉਨ੍ਹਾਂ ਨੂੰ ਦੇਖ ਸਾਰੀ ਦੁਨੀਆ ਹੀ ਸੋਹਣੀ ਲੱਗਣ ਲੱਗ ਜਾਂਦੀ। ਲੋਕ ਭੈਣ ਦੀ ਕਿਸਮਤ ਉੱਤੇ ਰਸ਼ਕ ਕਰਦੇ। ਜਦੋਂ ਵਿਆਹ ਦੇ ਚਾਰ ਸਾਲ ਬਾਅਦ ਵੀ ਭੈਣ ਦੀ ਕੁੱਖ ਹਰੀ ਨਾ ਹੋਈ ਤਾਂ ਭੈਣ ਉਦਾਸ ਹੋ ਗਈ ਸੀ, ਪਰ ਬਾਈ ਅੱਜ ਵੀ ਭੈਣ ਨਾਲ ਸੱਚਾ ਪਿਆਰ ਕਰਦਾ ਸੀ। ਆਖਰ ਭੈਣ ਨੇ ਅਜੀਬ ਜਿਹੀ ਜ਼ਿੱਦ ਫੜ ਲਈ ਕਿ ਬਾਈ ਦਾ ਦੂਜਾ ਵਿਆਹ ਕਰਨਾ। ਤਾਈ ਹੋਰਾਂ ਅਤੇ ਬਾਈ ਨੇ ਭੈਣ ਨੂੰ ਬਹੁਤ ਸਮਝਾਇਆ, ਪਰ ਭੈਣ ਦੀ ਜ਼ਿੱਦ ਅੱਗੇ ਕਿਸੇ ਦੀ ਇੱਕ ਨਾ ਚੱਲੀ।
ਸਭ ਤੋਂ ਵੱਡੀ ਗੱਲ ਤਾਂ ਇਹ ਹੋਈ ਕਿ ਭੈਣ ਪੱਲਾ ਅੱਡ ਕੇ ਪਹੁੰਚੀ ਵੀ ਸਾਡੇ ਹੀ ਦਰ ਉੱਤੇ। ਮੇਰਾ ਬਾਪੂ ਤਾਂ ਅਜੇ ਮੈਨੂੰ ਬੂਹੇ ਤੋਂ ਉਠਾਉਣ ਦੀਆਂ ਸਕੀਮਾਂ ਵਿੱਚ ਹੀ ਉਲਝਿਆ ਹੋਇਆ ਸੀ ਅਤੇ ਫੇਰ ਮੇਰੇ ਪਿੱਛੇ ਦੋ ਹੋਰ ਸਨ। ਬੇਬੇ ਬਾਪੂ ਨੂੰ ਤਾਂ ਰੂਪੀ ਭੈਣ ਰੱਬ ਦਾ ਰੂਪ ਹੀ ਲੱਗੀ ਸੀ। ਮੈਂ ਬਥੇਰੀ ਨਾਂਹ-ਨੁੱਕਰ ਕੀਤੀ, ਪਰ ਕਿਸੇ ਨੇ ਮੇਰੀ ਇੱਕ ਨਾ ਸੁਣੀ। ਮੈਨੂੰ ਪਤਾ ਸੀ ਕਿ ਭੈਣ ਦੇ ਅੱਗੇ ਕਦੇ ਵੀ ਮੇਰੀ ਕੋਈ ਬੁੱਕਤ ਨਹੀਂ ਪੈਣੀ। ਕੁੱਝ ਹੀ ਦਿਨਾਂ ਵਿੱਚ ਮੈਨੂੰ ਉਸੇ ਰਾਜਕੁਮਾਰ ਨਾਲ ਲਾਵਾਂ ਦੇ ਕੇ ਤੋਰ ਦਿੱਤਾ, ਪਰ ਇਸ ਵਾਰ ਬਗੈਰ ਬਰਾਤੀਆਂ ਅਤੇ ਬੈਂਡ ਬਾਜੇ ਤੋਂ। ਨਾ ਤਾਂ ਲਾਵਾਂ ਵੇਲੇ ਤੇ ਨਾ ਹੀ ਰਸਤੇ ਵਿੱਚ ਸਰਦਾਰ ਜੀ ਨੇ ਇੱਕ ਵਾਰ ਵੀ ਮੇਰੇ ਵੱਲ ਤੱਕਿਆ। ਉਸ ਦਾ ਸਾਰਾ ਧਿਆਨ ਰੂਪੀ ਉੱਤੇ ਹੀ ਸੀ ਅਤੇ ਮੈਨੂੰ ਪਤਾ ਸੀ ਕਿ ਬਸ ਇਹੀ ਮੇਰੀ ਕਿਸਮਤ ਸੀ ਹੁਣ।
ਭੈਣ ਚਾਹੇ ਮੇਰਾ ਬਹੁਤ ਧਿਆਨ ਰੱਖਦੀ, ਪਰ ਜਿਸ ਨਾਲ ਲਾਵਾਂ ਲੈ ਕੇ ਆਈ ਸੀ ਉਹ ਅੱਖ ਭਰ ਕੇ ਵੀ ਨਾ ਤੱਕਦਾ। ਸੂਟ ਅਤੇ ਗਹਿਣੇ ਮੇਰੇ ਵੀ ਨਵੇਂ ਨਕੋਰ ਭੈਣ ਵਰਗੇ ਹੀ ਹੁੰਦੇ, ਪਿੰਡ ਹੁਣ ਅਸੀਂ ਕਾਰ ਵਿੱਚ ਤਿੰਨੇ ਜਾਂਦੇ, ਪਰ ਸਰਦਾਰ ਸਾਹਿਬ ਬਸ ਭੈਣ ਨਾਲ ਹੀ ਰਹਿੰਦੇ। ਮਾਂ ਕੋਲ ਗਿਲਾ ਕੀਤਾ ਤਾਂ ਉਹ ਪੁੱਛਣ ਲੱਗ ਪਈ ਕਿ ਉਹ ਤੇਰਾ ਧਿਆਨ ਨਹੀਂ ਰੱਖਦੇ ਕਿ ਕੰਮ ਵੱਧ ਕਰਾਉਂਦੇ ਹਨ? ਜਾਂ ਖਾਣ-ਪੀਣ, ਪਹਿਨਣ ਤੋਂ ਵਰਜਦੇ ਹਨ। ਹਰ ਸਵਾਲ ਦਾ ਜਵਾਬ ਨਾਂਹ ਹੀ ਸੀ। ਫੇਰ ਮਾਂ ਨੇ ਮੱਤ ਦਿੱਤੀ ਕਿ ਆਵਦੇ ਪੈਰ ਕੁਹਾੜੀ ਨਾ ਮਾਰ ਸਗੋਂ ਰੂਪੀ ਭੈਣ ਦੀ ਸ਼ੁਕਰਗੁਜ਼ਾਰ ਹੋ ਕੇ ਰਹਿ ਨਹੀਂ ਤਾਂ ਪਤਾ ਨਹੀਂ ਕਿੱਥੇ ਕਿਸੇ ਦਾ ਗੋਹਾ ਕੂੜਾ ਕਰਦੀ ਹੁੰਦੀ। ਉਸ ਦਿਨ ਤੋਂ ਮੇਰੀ ਬਸ ਜੀਭ ਠਾਕੀ ਗਈ। ਫੇਰ ਕਦੇ ਕੋਈ ਗਿਲਾ ਕਿਸੇ ਕੋਲ ਨਾ ਕੀਤਾ।
ਡੇਢ ਕੁ ਸਾਲ ਬਾਅਦ ਮੇਰੀ ਕੁੱਖ ਉਮੀਦ ਤੋਂ ਹੋ ਗਈ। ਸਾਰੇ ਬਹੁਤ ਖੁਸ਼ ਸਨ, ਖ਼ਾਸ ਕਰਕੇ ਮੇਰੇ ਪੇਕੇ। ਹੁਣ ਉਨ੍ਹਾਂ ਦਾ ਡਰ ਜੁ ਮੁੱਕ ਗਿਆ ਸੀ। ਉਸ ਘਰ ਮੇਰੇ ਪੈਰ ਲੱਗ ਗਏ ਸਨ, ਪਰ ਮੈਨੂੰ ਪਤਾ ਸੀ ਕਿ ਸਰਦਾਰ ਜੀ ਦੇ ਨਾਲ ਮੇਰਾ ਰੂਹ ਦਾ ਨਾਤਾ ਤਾਂ ਕਦੇ ਬਣਿਆ ਹੀ ਨਹੀਂ ਸੀ। ਹੁਣ ਜੋ ਮਾੜਾ ਮੋਟਾ ਜਿਸਮਾਨੀ ਸੀ ਉਹ ਵੀ ਮੁੱਕ ਗਿਆ। ਰੱਬ ਨੇ ਜਵਾਕ ਵੀ ਦਿੱਤੇ ਇਕੱਠੇ ਦੋ, ਇੱਕ ਕੁੜੀ ਅਤੇ ਇੱਕ ਮੁੰਡਾ। ਭੈਣ ਨੇ ਉਨ੍ਹਾਂ ਦੀ ਸਾਰੀ ਜ਼ਿੰਮੇਵਾਰੀ ਲੈ ਲਈ ਸੀ ਅਤੇ ਮੈਂ ਅਸਲੋਂ ਵਿਹਲੀ ਹੋ ਗਈ ਸੀ। ਜਵਾਕ ਬੋਲਣ ਲੱਗੇ ਤਾਂ ਉਨ੍ਹਾਂ ਲਈ ਮਾਂ ਤਾਂ ਰੂਪੀ ਭੈਣ ਹੀ ਸੀ ਅਤੇ ਮੈਂ ਛੋਟੀ ਮਾਂ। ਭੈਣ ਦਾ ਪਰਿਵਾਰ ਪੂਰਾ ਹੋ ਗਿਆ ਸੀ। ਉਹ ਹੱਸਦੇ ਖੇਡਦੇ ਖੁਸ਼ ਰਹਿੰਦੇ। ਲੋਕਾਂ ਦੀ ਨਜ਼ਰ ਵਿੱਚ ਮੈਂ ਭਾਗਾਂ ਵਾਲੀ ਸੀ, ਪਰ ਅਸਲ ਵਿੱਚ ਮੇਰਾ ਦਿਲ ਅਤੇ ਕੁੱਖ ਦੋਵੇਂ ਖਾਲੀ ਹੀ ਸਨ। ਸਭ ਕੁੱਝ ਤਾਂ ਭੈਣ ਦਾ ਸੀ, ਪਰ ਕਿਸੇ ਨੂੰ ਮੇਰਾ ਗ਼ਮ ਨਜ਼ਰ ਹੀ ਨਾ ਆਇਆ। ਮੈਨੂੰ ਪਤਾ ਸੀ ਕਿ ਮੈਂ ਅੰਦਰੋਂ ਅੰਦਰ ਖ਼ਤਮ ਹੋ ਰਹੀ ਹਾਂ, ਪਰ ਮੇਰੇ ਆਸ ਪਾਸ ਵਾਲਿਆਂ ਨੂੰ ਕੋਈ ਅਹਿਸਾਸ ਹੀ ਨਹੀਂ ਸੀ।
ਆਖਰ ਮੈਂ ਬਿਮਾਰ ਰਹਿਣ ਲੱਗ ਪਈ। ਭੈਣ ਨੇ ਬਹੁਤ ਇਲਾਜ ਕਰਵਾਇਆ, ਧਿਆਨ ਰੱਖਿਆ, ਪਰ ਉਹ ਬੇਖ਼ਬਰ ਸੀ ਕਿ ਮੈਂ ਅੰਦਰੋਂ ਤਾਂ ਬਹੁਤ ਪਹਿਲਾਂ ਦੀ ਮਰ ਚੁੱਕੀ ਹਾਂ, ਹੁਣ ਤਾਂ ਬਸ ਸਰੀਰ ਖਤਮ ਹੋ ਰਿਹਾ। ਸਾਲ ਦੇ ਅੰਦਰ ਮੈਂ ਹੱਡੀਆਂ ਦੀ ਮੁੱਠ ਬਣ ਮੁੱਕ ਗਈ ਸੀ। ਹਾਂ ਮੇਰੇ ਕਰਕੇ ਮੇਰੇ ਵੀਰ ਚੰਗੇ ਕੰਮ ਧੰਦੇ ਲੱਗ ਗਏ ਸਨ ਤੇ ਭੈਣਾਂ ਦੇ ਵਿਆਹ ਵੀ ਵਧੀਆ ਹੋ ਗਏ ਸਨ। ਭੈਣ ਮੇਰੇ ਜਾਣ ’ਤੇ ਵੀ ਫੁੱਟ ਫੁੱਟ ਕੇ ਰੋਈ ਸੀ, ਪਰ ਮੇਰਾ ਸਰਦਾਰ ਅੱਜ ਵੀ ਚੁੱਪ ਸੀ ਤੇ ਜਵਾਕ ਵੀ। ਲੋਕ ਕਹਿ ਰਹੇ ਸਨ ਕਿ ਕਿਸਮਤ ਤਾਂ ਸੋਨੇ ਦੀ ਕਲਮ ਨਾਲ ਲਿਖਵਾ ਕੇ ਲਿਆਈ ਸੀ ਬਸ ਰੱਬ ਉਮਰ ਵੀ ਦੇ ਦਿੰਦਾ। ਕਾਸ਼! ਕੋਈ ਮੇਰੇ ਤੋਂ ਪੁੱਛਦਾ ਕਿ ਮੈਂ ਕਿੰਨੀ ਕੁ ਅਭਾਗਣ ਸੀ।

Advertisement

Advertisement
Author Image

joginder kumar

View all posts

Advertisement
Advertisement
×