ਦੇਸ਼ ਦੇ ਵਿਕਾਸ ’ਚ ਅਧਿਆਪਕ ਤੇ ਵਿਦਿਆਰਥੀ ਹਿੱਸਾ ਪਾਉਣ: ਸਲਾਹਕਾਰ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 25 ਜਨਵਰੀ
ਪ੍ਰਸ਼ਾਸਕ ਦੇ ਸਲਾਹਕਾਰ ਨਿਤਿਨ ਯਾਦਵ ਨੇ ਕਿਹਾ ਕਿ ਚੰਡੀਗੜ੍ਹ ਦੇ ਅਧਿਆਪਕ ਤੇ ਵਿਦਿਆਰਥੀ ਦੇਸ਼ ਦੇ ਵਿਕਾਸ ਵਿਚ ਬਣਦਾ ਯੋਗਦਾਨ ਪਾਉਣ। ਉਨ੍ਹਾਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਯੂਟੀ ਦੇ ਸਿੱਖਿਆ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਦੱਸਿਆ। ਇਹ ਵਿਚਾਰ ਉਨ੍ਹਾਂ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਵਲੋਂ 75ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਟੈਗੋਰ ਥੀਏਟਰ ਵਿਚ ਸੱਭਿਆਚਾਰਕ ਸਮਾਗਮ ਮੌਕੇ ਪ੍ਰਗਟਾਏ। ਇਸ ਮੌਕੇ ਸਿੱਖਿਆ ਸਕੱਤਰ ਹਰਗੁਨਜੀਤ ਕੌਰ, ਡਾਇਰੈਕਟਰ ਸਕੂਲ ਸਿੱਖਿਆ ਹਰਸੁਹਿੰਦਰਪਾਲ ਸਿੰਘ ਬਰਾੜ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਮੌਜੂਦ ਸਨ। ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਦੇ ਸੱਭਿਆਚਾਰਕ ਨੂੰ ਦਰਸਾਉਂਦੀ ਪੇਸ਼ਕਾਰੀ ਦਿੱਤੀ। ਇਸ ਮੌਕੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਵੰਨਗੀਆਂ ਪੇਸ਼ ਕੀਤੀਆਂ। ਇਸ ਮੌਕੇ ਸਰਕਾਰੀ ਹਾਈ ਸਕੂਲ ਕਜਹੇੜੀ ਦੇ ਬੱਚਿਆਂ ਵਲੋਂ ਨਾਟਕ ਖੇਡਿਆ ਗਿਆ। ਇਸ ਸਾਲ ਸਿੱਖਿਆ ਵਿਭਾਗ ਚੰਡੀਗੜ੍ਹ ਨੇ ਆਪਣੇ ਦੋ ਕਰਮਚਾਰੀਆਂ ਅਤੇ ਤਿੰਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਪ੍ਰਸ਼ੰਸਾ ਪੱਤਰ ਦਿੱਤਾ। ਏਈਓ ਬਲਵਿੰਦਰ ਸਿੰਘ ਨੂੰ ਡੀਈਓ ਦਫਤਰ ਵਿਚ ਸਕੂਲਾਂ ਵਿੱਚ ਖੇਡਾਂ ਨੂੰ ਉੱਚਾ ਚੁੱਕਣ ਲਈ ਕੀਤੇ ਗਏ ਕੰਮਾਂ ਲਈ ਸਨਮਾਨਿਤ ਕੀਤਾ ਗਿਆ। ਸਰਕਾਰੀ ਸਕੂਲ ਸੈਕਟਰ 10 ਵਿਚ ਤਾਇਨਾਤ ਹੈਡ ਕੁੱਕ ਰੂਪ ਚੰਦ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਰਸੋਈ ਵਿੱਚ ਕੁੱਕਰ ਫਟਣ ਸਮੇਂ 20 ਤੋਂ ਵੱਧ ਵਰਕਰਾਂ ਨੂੰ ਬਚਾ ਕੇ ਬਹਾਦਰੀ ਦਿਖਾਈ ਸੀ। ਸੇਂਟ ਜੌਹਨਜ਼ ਸੈਕਟਰ 26 ਦੇ ਵਿਦਿਆਰਥੀ ਤੇ ਵਾਲੰਟੀਅਰ ਸਕ੍ਰਿਤ ਗੁਲਾਟੀ, ਕੌਮਾਂਤਰੀ ਫੈਂਸਰ ਪ੍ਰਾਂਸ਼ੀ ਅਤੇ ਨਿਸ਼ਾਨੇਬਾਜ਼ ਹਰਸ਼ ਸਿੰਗਲਾ ਨੂੰ ਸਨਮਾਨਿਤ ਕੀਤਾ ਗਿਆ।