‘ਸੱਥ’ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਸੈਨੇਟਰਾਂ ਵੱਲੋਂ ਸ਼ਮੂਲੀਅਤ
ਕੁਲਦੀਪ ਸਿੰਘ
ਚੰਡੀਗੜ੍ਹ, 22 ਅਕਤੂਬਰ
ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਸਬੰਧੀ ਵਿਦਿਆਰਥੀ ਜਥੇਬੰਦੀ ‘ਸੱਥ’ ਵੱਲੋਂ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਸ਼ੁਰੂ ਕੀਤੇ ਗਏ ਦਿਨ-ਰਾਤ ਦੇ ਧਰਨੇ ਵਿੱਚ ਅੱਜ ਚਾਰ ਸੈਨੇਟਰ ਮੈਂਬਰਾਂ ਨੇ ਵੀ ਪਹੁੰਚ ਕੇ ਸਮਰਥਨ ਦਿੱਤਾ। ਇਨ੍ਹਾਂ ਸੈਨੇਟਰਾਂ ਵਿੱਚ ਡਾ. ਇੰਦਰਪਾਲ ਸਿੰਘ ਸਿੱਧੂ, ਸਿਮਰਨ ਢਿੱਲੋਂ, ਰਵਿੰਦਰ ਸਿੰਘ ਬਿੱਲਾ ਧਾਲੀਵਾਲ, ਅਸ਼ੋਕ ਕੁਮਾਰ, ਸ਼ਮਿੰਦਰ ਸੰਧੂ, ਸੰਦੀਪ ਸੀਕਰੀ ਸ਼ਾਮਲ ਹੋਏ।
ਧਰਨੇ ਵਿੱਚ ਸ਼ਾਮਲ ਹੋਏ ਸੈਨੇਟਰਾਂ ਨੇ ਕਿਹਾ ਕਿ ਸੈਨੇਟ ਦੀ ਮਿਆਦ 31 ਅਕਤੂਬਰ ਨੂੰ ਖ਼ਤਮ ਹੋ ਰਹੀ ਹੈ ਪਰ ਹਾਲੇ ਤੱਕ ਨਾ ਤਾਂ ਚੋਣਾਂ ਦੀ ਤਰੀਕ ਐਲਾਨੀ ਗਈ ਹੈ ਤੇ ਨਾ ਹੀ ਸ਼ਡਿਊਲ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਸੈਨੇਟ ਚੋਣ ਨਾ ਕਰਵਾਉਣ ਦੇ ਲਈ ਅਥਾਰਿਟੀ ਦੀ ਨਿਖੇਧੀ ਕੀਤੀ ਅਤੇ ਚੋਣਾਂ ਤੁਰੰਤ ਪ੍ਰਭਾਵ ਨਾਲ ਕਰਵਾਉਣ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਅਥਾਰਿਟੀ ਇੱਥੇ ਬੋਰਡ ਆਫ ਗਵਰਨੈਂਸ ਲਾਗੂ ਕਰਨਾ ਚਾਹੁੰਦੀ ਹੈ ਤਾਂ ਜੋ ਲੋਕਤੰਤਰਕ ਢੰਗ ਨਾਲ ਚੁਣੀ ਜਾਣ ਵਾਲੀ ਸੈਨੇਟ ਨੂੰ ਖ਼ਤਮ ਕਰ ਕੇ ਆਪਣੇ ਚਹੇਤੇ ਮੈਂਬਰ ਨਿਯੁਕਤ ਕਰ ਕੇ ਮਨਮਰਜ਼ੀਆਂ ਕੀਤੀਆਂ ਜਾ ਸਕਣ।
‘ਸੱਥ’ ਦੇ ਆਗੂ ਅਸ਼ਮੀਤ ਸਿੰਘ ਨੇ ਪੀਯੂ ਅਥਾਰਿਟੀ ਦੀ ਸੈਨੇਟ ਚੋਣਾਂ ਨਾ ਕਰਵਾਉਣ ਅਤੇ ਨਾਲ ਹੀ ਪੀਯੂ ਕੈਂਪਸ ਵਿਦਿਆਰਥੀ ਕੌਂਸਲ ਦੇ ਚੁਣੇ ਹੋਏ ਅਹੁਦੇਦਾਰਾਂ ਦੀ ਨਿਖੇਧੀ ਕੀਤੀ। ਅਸ਼ਮੀਤ ਨੇ ਕਿਹਾ ਕਿ ਵਿਦਿਆਰਥੀ ਕੌਂਸਲ ਦੇ ਅਹੁਦੇਦਾਰ ਚੋਣਾਂ ਜਿੱਤਣ ਸਾਰ ਅਥਾਰਿਟੀ ਦੇ ਟੇਬਲਾਂ ਉੱਤੇ ਬੈਠ ਕੇ ਉਹ ਪੀਯੂ ਸੈਨੇਟ ਚੋਣ ਵੱਲ ਧਿਆਨ ਦੇਣ ਦੀ ਲੋੜ ਮਹਿਸੂਸ ਨਹੀਂ ਕਰਦੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਖ਼ੁਦ ਵਾਈਸ ਚਾਂਸਲਰ ਵੀ ਧਰਨਾਕਾਰੀ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਅੱਗੇ ਨਹੀਂ ਆ ਰਹੇ ਹਨ। ਉਨ੍ਹਾਂ ਕਿਹਾ ਕਿ ਧਰਨਾ ਸੈਨੇਟ ਚੋਣਾਂ ਦੇ ਐਲਾਨ ਤੱਕ ਜਾਰੀ ਰਹੇਗਾ।