ਪੀਏਯੂ ਦੇ ਵਿਦਿਆਰਥੀਆਂ ਵੱਲੋਂ ਅਧਿਆਪਕ ਧਰਨੇ ’ਚ ਸ਼ਮੂਲੀਅਤ
ਗੁਰਿੰਦਰ ਸਿੰਘ
ਲੁਧਿਆਣਾ, 11 ਅਕਤੂਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਕੀਤੇ ਜਾ ਰਹੇ ਸੰਘਰਸ਼ ਦਾ ਪੀਏਯੂ ਵਿਦਿਆਰਥੀਆਂ ਵੱਲੋਂ ਸਮਰਥਨ ਕਰਦਿਆਂ ਸ਼ਮੂਲੀਅਤ ਕੀਤੀ ਗਈ। ਪੀਏਯੂ ਟੀਚਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਗੁਰਮੀਤ ਸਿੰਘ ਢੇਰੀ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਨੂੰ ਬਚਾਉਣ ਲਈ ਅਧਿਆਪਕ-ਵਿਦਿਆਰਥੀ ਏਕਤਾ ਨੂੰ ਬੁਲੰਦ ਕਰਨਾ ਸਮੇਂ ਦੀ ਲੋੜ ਹੈ। ਇਸ ਸਾਂਝ ਨੇ ਸੰਘਰਸ਼ ਨੂੰ ਹੋਰ ਮਜ਼ਬੂਤੀ ਦੇਣੀ ਹੈ। ਇਸ ਮੌਕੇ ਵਿਦਿਆਰਥੀ ਆਗੂਆਂ ਨੇ ਧਰਨੇ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਸੋਧੇ ਹੋਏ ਭੱਤੇ ਜਾਰੀ ਕਰਵਾਉਣੇ ਅਤੇ ਬੇਸਿਕ ਤਨਖਾਹ ਤੇ ਭਰਤੀ ਕਰਨ ਦੀ ਨੀਤੀ ਰੱਦ ਕਰਨ ਵਰਗੀਆਂ ਮੰਗਾਂ ਵਿਦਿਆਰਥੀਆਂ ਨਾਲ ਵੀ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੋਚ ਸਮਝ ਕੇ ਨਿੱਜੀਕਰਨ ਦੀ ਨੀਤੀ ਤਹਿਤ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾ ਰਹੀਆਂ ਕਿਉਂਕਿ ਨਿੱਜੀਕਰਨ ਦੀ ਨੀਤੀ ਤੇ ਸਭ ਸਰਕਾਰਾਂ ਇੱਕਮੱਤ ਹਨ ਜਦਕਿ ਹਕੀਕਤ ਇਹ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਵੱਲੋਂ 1991 ਦੇ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦਾ ਫ਼ੈਸਲਾ ਵਾਪਸ ਕਰਨ ਦੀ ਗੱਲ ਨਹੀਂ ਕੀਤੀ ਜਾਂਦੀ। ਉਨ੍ਹਾਂ ਦੋਸ਼ ਲਗਾਇਆ ਕਿ ਮੁਲਕ ਦੀਆਂ ਨੀਤੀਆਂ ਸੱਤ ਸਮੁੰਦਰੋਂ ਪਾਰ ਵਿਸ਼ਵ ਬੈਂਕ ਅਤੇ ਵਿਸ਼ਵ ਵਪਾਰ ਸੰਸਥਾ ਹੀ ਤਹਿ ਕਰਦੀ ਹੈ। ਇਹ ਸਾਮਰਾਜੀ ਸੰਸਥਾਵਾਂ ਹੀ ਸਾਡੀ ਸਮੱਸਿਆ ਦੀ ਜੜ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਧਿਰਾਂ ਨੂੰ ਸਾਂਝੀਆਂ ਮੰਗਾਂ ਤੇ ਇਕਜੁੱਟ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਇਹ ਹੀ ਸਮੇਂ ਦੀ ਲੋੜ ਹੈ ਕਿਉਕਿ ਏਕਤਾ ਵਿੱਚ ਬਲ ਹੈ।