ਰੇਡੀਓ ਪ੍ਰੋਗਰਾਮ ‘ਨਿੱਕੇ-ਨਿੱਕੇ ਤਾਰੇ’ ਵਿੱਚ ਸ਼ਿਰਕਤ
ਪੱਤਰ ਪ੍ਰੇਰਕ
ਮਾਨਸਾ, 23 ਨਵੰਬਰ
ਸਰਕਾਰੀ ਪ੍ਰਾਇਮਰੀ ਸਕੂਲ ਜਵਾਹਰਕੇ ਦੇ ਬੱਚਿਆਂ ਨੇ ਆਕਾਸ਼ਵਾਣੀ ਬਠਿੰਡਾ ਰੇਡੀਓ ਸਟੇਸ਼ਨ ’ਤੇ ਬੱਚਿਆਂ ਦੇ ਵਿਸ਼ੇਸ਼ ਪ੍ਰੋਗਰਾਮ ‘ਨਿੱਕੇ ਨਿੱਕੇ ਤਾਰੇ’ ਵਿੱਚ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਬੱਚਿਆਂ ਨੇ ਟੱਪੇ, ਘੋੜੀਆਂ, ਸੁਹਾਗ, ਕਵੀਸ਼ਰੀ ਤੇ ਬੋਲੀਆਂ ਗਾ ਕੇ ਰੰਗ ਬੰਨ੍ਹਿਆ ਅਤੇ ਪੰਜਾਬੀ ਸੱਭਿਆਚਾਰ ਦੀ ਝਲਕ ਨੂੰ ਮੁੜ ਸੁਰਜੀਤ ਕੀਤਾ। ਪ੍ਰੋਗਰਾਮ ਦੀ ਮੇਜ਼ਬਾਨੀ ਆਰਜੇ ਮਨਦੀਪ ਰਜੋਰਾ ਨੇ ਕੀਤੀ। ਪ੍ਰੋਗਰਾਮ ਦੌਰਾਨ ਪੰਜਵੀ ਜਮਾਤ ਦੀ ਵਿਦਿਆਰਥਣ ਸ਼ੁਭਮਪ੍ਰੀਤ ਕੌਰ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਜੱਜ ਅਤੇ ਖੁਸ਼ਪ੍ਰੀਤ ਕੌਰ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਆਈਏਐੱਸ ਅਧਿਕਾਰੀ ਬਣ ਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਰਨਾ ਚਾਹੁੰਦੀਆਂ ਹਨ। ਨੈਨਸੀ ਸੋਨੀ ਨੇ ਪੰਜਾਬ ਸਬੰਧੀ ਜਾਣਕਾਰੀ ਦਿੱਤੀ। ਹਰਗੁਣ ਕੌਰ ਨੇ ਸਤਿਕਾਰ ਸਬੰਧੀ ਵਿਚਾਰ ਪੇਸ਼ ਕੀਤੇ। ਮਨਦੀਪ ਕੌਰ ਨੇ ਸੁਹਾਗ ਅਤੇ ਸ਼ੁਭਮਪ੍ਰੀਤ ਕੌਰ ਨੇ ਘੋੜੀਆਂ ਗਾ ਕੇ ਰੰਗ ਬੰਨ੍ਹਿਆ ਜਦਕਿ ਪ੍ਰਨੀਤ ਕੌਰ ਨੇ ਟੱਪੇ ਅਤੇ ਸ਼ਗਨਦੀਪ ਨੇ ਬੋਲੀਆਂ, ਖੁਸ਼ਪ੍ਰੀਤ ਕੌਰ ਨੇ ਲੋਰੀ ਗਾਈ। ਪ੍ਰੋਗਰਾਮ ਦੀ ਵਿਸ਼ੇਸ਼ ਤਿਆਰੀ ਜਗਤਾਰ ਲਾਡੀ ਨੇ ਕਰਵਾਈ।