ਦਿੱਲੀ ਮੈਟਰੋ ਦੀ ਏਅਰਪੋਰਟ ਲਾਈਨ ਦਾ ਹਿੱਸਾ ਯਾਤਰੀਆਂ ਲਈ ਖੋਲ੍ਹਿਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਸਤੰਬਰ
ਦਿੱਲੀ ਮੈਟਰੋ ਦੀ ਏਅਰਪੋਰਟ ਐਕਸਪ੍ਰੈੱਸ ਲਾਈਨ ਦਾ ਦਵਾਰਕਾ ਸੈਕਟਰ-21 ਤੋਂ ਯਸ਼ੋਭੂਮੀ ਦਵਾਰਕਾ ਸੈਕਟਰ-25 ਸਟੇਸ਼ਨ ਤੱਕ ਦਾ ਲਗਪਗ ਦੋ ਕਿਲੋਮੀਟਰ ਦਾ ਹਿੱਸਾ ਅੱਜ ਦੁਪਹਿਰ ਤੋਂ ਯਾਤਰੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਇਸ ਹਿੱਸੇ ਦਾ ਉਦਘਾਟਨ ਕੀਤਾ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੱਜ ਏਅਰਪੋਰਟ ਐਕਸਪ੍ਰੈੱਸ ਲਾਈਨ ’ਤੇ ਮੈਟਰੋ ਰੇਲ ਦੀ ਰਫ਼ਤਾਰ 90 ਕਿਲੋਮੀਟਰ ਤੋਂ ਵਧਾ ਕੇ 120 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਨਵੀਂ ਦਿੱਲੀ ਤੋਂ ਯਸ਼ੋਭੂਮੀ ਦਵਾਰਕਾ ਸੈਕਟਰ-25 ਤੱਕ ਕੁੱਲ ਯਾਤਰਾ ਦਾ ਸਮਾਂ ਲਗਪਗ 21 ਮਿੰਟ ਰਹਿ ਜਾਵੇਗਾ।
ਦਵਾਰਕਾ ਸੈਕਟਰ-21 ਤੋਂ ਯਸ਼ੋਭੂਮੀ ਦਵਾਰਕਾ ਸੈਕਟਰ-25 ਸਟੇਸ਼ਨ ਤੱਕ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈਸ ਲਾਈਨ ਦਾ ਫਾਸਲਾ ਲਗਪਗ ਦੋ ਕਿਲੋਮੀਟਰ ਲੰਬਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਏਅਰਪੋਰਟ ਲਾਈਨ ਦੇ ਇਸ ਵਿਸਤਾਰ ਅਤੇ ਭਾਰਤੀ ਕੌਮਾਂਤਰੀ ਸੰਮੇਲਨ ਤੇ ਪ੍ਰਦਰਸ਼ਨੀ ਕੇਂਦਰ (ਆਈਆਈਸੀਸੀ) ਦੇ ਪਹਿਲੇ ਗੇੜ ਦਾ ਉਦਘਾਟਨ ਕੀਤਾ ਜਿਸ ਨੂੰ ‘ਯਸ਼ੋਭੂਮੀ’ ਨਾਮ ਦਿੱਤਾ ਗਿਆ ਹੈ। ਮੈਟਰੋ ਸਟੇਸ਼ਨ ਬਿਲਕੁਲ ਨਵੇਂ ਕੰਪਲੈਕਸ ਦੇ ਨੇੜੇ ਸਥਿਤ ਹੈ ਅਤੇ ਸਬਵੇਅ ਲਿੰਕ ਰਾਹੀਂ ਇਸ ਨਾਲ ਜੁੜਿਆ ਹੋਇਆ ਹੈ। ਦਵਾਰਕਾ ਸੈਕਟਰ-25 ਵਿੱਚ ਮੈਟਰੋ ਸਟੇਸ਼ਨ ਜੁੜਨ ਨਾਲ ਹੁਣ ਉਪ ਸ਼ਹਿਰ ਵਿੱਚ ਸ਼ਹਿਰੀ ਸੰਪਰਕ ਵਧੇਗਾ। ਕਨਵੈਨਸ਼ਨ ਸੈਂਟਰ ਤੋਂ ਇਲਾਵਾ ਨਵਾਂ ਸਟੇਸ਼ਨ ਦਵਾਰਕਾ ਦੇ ਸੈਕਟਰ-25 ਦੇ ਆਲੇ-ਦੁਆਲੇ ਦੇ ਵਸਨੀਕਾਂ ਤੇ ਗੁਆਂਢੀ ਗੁਰੂਗ੍ਰਾਮ ਵਿੱਚ ਦਵਾਰਕਾ ਐਕਸਪ੍ਰੈੱਸਵੇਅ ਦੇ ਨਾਲ ਆਏ ਨਵੇਂ ਸੈਕਟਰਾਂ ਤੱਕ ਵੀ ਮੈਟਰੋ ਸੰਪਰਕ ਵਧੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਖੇਤਰਾਂ ਦੇ ਵਸਨੀਕ ਲਗਪਗ ਅੱਧੇ ਘੰਟੇ ਵਿੱਚ ਕੇਂਦਰੀ ਦਿੱਲੀ ਪਹੁੰਚ ਸਕਣਗੇ। ਯਸ਼ੋਭੂਮੀ ਦਵਾਰਕਾ ਸੈਕਟਰ-25 ਸਟੇਸ਼ਨ ਦਾ ਨਿਰਮਾਣ ਰਵਾਇਤੀ ਕੱਟ-ਐਂਡ-ਕਵਰ ਤਕਨਾਲੋਜੀ ਦੀ ਵਰਤੋਂ ਕਰਕੇ ਭੂਮੀਗਤ ਕੀਤਾ ਗਿਆ ਹੈ।
ਇਸ ਸੈਕਸ਼ਨ ਦੇ ਖੁੱਲ੍ਹਣ ਨਾਲ ਦਿੱਲੀ ਮੈਟਰੋ ਨੈਟਵਰਕ - ਨੋਇਡਾ-ਗ੍ਰੇਟਰ ਨੋਇਡਾ ਮੈਟਰੋ ਕੋਰੀਡੋਰ ਅਤੇ ਗੁਰੂਗ੍ਰਾਮ ਵਿੱਚ ਰੈਪਿਡ ਮੈਟਰੋ ਸਮੇਤ - 288 ਸਟੇਸ਼ਨਾਂ ਦੇ ਨਾਲ 393 ਕਿਲੋਮੀਟਰ ਲੰਬਾ ਹੋ ਜਾਵੇਗਾ। ਏਅਰਪੋਰਟ ਐਕਸਪ੍ਰੈੱਸ ਲਾਈਨ ਦੇ ਹੁਣ ਸੱਤ ਮੈਟਰੋ ਸਟੇਸ਼ਨ ਨਵੀਂ ਦਿੱਲੀ (ਯੈਲੋ ਲਾਈਨ ਨਾਲ ਇੰਟਰਚੇਂਜ), ਸ਼ਿਵਾਜੀ ਸਟੇਡੀਅਮ, ਧੌਲਾ ਕੂੰਆਂ, ਦਿੱਲੀ ਏਅਰੋਸਿਟੀ, ਏਅਰਪੋਰਟ (ਟੀ-3), ਦਵਾਰਕਾ ਸੈਕਟਰ-21 (ਬਲੂ ਲਾਈਨ ਨਾਲ ਇੰਟਰਚੇਂਜ) ਅਤੇ ਯਸ਼ੋਭੂਮੀ ਦਵਾਰਕਾ ਸੈਕਟਰ-25 ਹਨ।
ਹੋਛੀ ਸਿਆਸਤ ਦਿੱਲੀ ਵਾਸੀਆਂ ਨੂੰ ਪਸੰਦ ਨਹੀਂ: ‘ਆਪ’
ਨਵੀਂ ਦਿੱਲੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਨੇ ਅੱਜ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈੱਸ ਲਾਈਨ ਦੇ ਉਦਘਾਟਨ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੱਦਾ ਨਾ ਭੇਜੇ ਜਾਣ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਿਆ ਹੈ। ਉਦਘਾਟਨ ਤੋਂ ‘ਆਪ’ ਦੀ ਕੌਮੀ ਬੁਲਾਰਾ ਪ੍ਰਿਯੰਕਾ ਕੱਕੜ ਨੇ ਪ੍ਰਧਾਨ ਮੰਤਰੀ ਮੋਦੀ ’ਤੇ ‘ਨੀਵੇਂ ਪੱਧਰ ਦੀ ਰਾਜਨੀਤੀ’ ਦਾ ਦੋਸ਼ ਲਾਇਆ। ਮੋਦੀ ’ਤੇ ਚੁਟਕੀ ਲੈਂਦਿਆਂ ‘ਆਪ’ ਨੇਤਾ ਨੇ ਕਿਹਾ ਕਿ ਤੁਹਾਡੀ ਨੀਵੇਂ ਪੱਧਰ ਦੀ ਰਾਜਨੀਤੀ ਦਿੱਲੀ ਦੇ ਲੋਕਾਂ ਨੂੰ ਪਸੰਦ ਨਹੀਂ ਹੈ। ਕੱਕੜ ਨੇ ਕਿਹਾ, ‘‘ਦਿੱਲੀ ਆਪਣੇ ਲੋਕਾਂ ਦੀ ਹੈ ਪ੍ਰਧਾਨ ਮੰਤਰੀ ਮੋਦੀ ਜੀ, ਇਸ ਲਈ ਤੁਸੀਂ ਕਦੇ ਜਿੱਤ ਨਹੀਂ ਸਕਦੇ ਕਿਉਂਕਿ ਤੁਹਾਡਾ ਦਿਲ ਛੋਟਾ ਹੈ ਅਤੇ ਹੇਠਲੇ ਪੱਧਰ ਦੀ ਰਾਜਨੀਤੀ ਦਿੱਲੀ ਦੇ ਲੋਕਾਂ ਨੂੰ ਪਸੰਦ ਨਹੀਂ ਹੈ।’’ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਈਟੀਓ ਵਿੱਚ ਡਬਲਿਊ ਚੌਕ ’ਤੇ ਬਣੇ ‘ਸਕਾਈ ਵਾਕ’ ਦੇ ਉਦਘਾਟਨ ਮੌਕੇ ਮੁੱਖ ਮੰਤਰੀ ਕੇਜਰੀਵਾਲ ਨੂੰ ਸੱਦਾ ਨਹੀਂ ਭੇਜਿਆ ਸੀ। ਮਗਰੋਂ ਦਿੱਲੀ ਦੇ ਤਤਕਾਲੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ‘ਸਿਗਨੇਚਰ ਬ੍ਰਿਜ’ ਦਾ ਉਦਘਾਟਨ ਕਰਨ ਮੌਕੇ ਉੱਥੋਂ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੂੰ ਨਹੀਂ ਸੀ ਬੁਲਾਇਆ। ਭਾਜਪਾ ਨੇ ਰੋਸ ਪ੍ਰਗਟਾ ਕੇ ਦਿੱਲੀ ਸਰਕਾਰ ਦੇ ਇਸ ਕਦਮ ਦੀ ਸਖ਼ਤ ਨਿਖੇਧੀ ਕੀਤੀ ਸੀ।
ਦਿੱਲੀ ਦੇ ਮੁੱਖ ਮੰਤਰੀ ਨੂੰ ਨਾ ਸੱਦਣਾ ‘ਛੋਟੀ ਸੋਚ’: ਆਤਿਸ਼ੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੀ ਮੰਤਰੀ ਆਤਿਸ਼ੀ ਨੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਸ ਸਮਾਗਮ ਲਈ ਸੱਦਾ ਨਹੀਂ ਦਿੱਤਾ ਗਿਆ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੈਟਰੋ ਲਾਈਨ ਦਾ ਉਦਘਾਟਨ ਕੀਤਾ ਗਿਆ ਸੀ। ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਤਿਸ਼ੀ ਨੇ ਦੱਸਿਆ ਕਿ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਕੇਂਦਰ ਤੇ ਸ਼ਹਿਰ ਸਰਕਾਰ ਦਾ 50:50 ਦਾ ਉੱਦਮ ਹੈ। ਉਸਨੇ ਕਿਹਾ ਕਿ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਦੇ ਇੱਕ ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਨੂੰ ਸੱਦਾ ਨਾ ਦੇਣਾ ‘ਛੋਟੀ ਸੋਚ’ ਨੂੰ ਦਰਸਾਉਂਦਾ ਹੈ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠਣਾ ਚਾਹੀਦਾ ਹੈ। ਆਤਿਸ਼ੀ ਨੇ ਕਿਹਾ, ‘‘ਇਸਦਾ ਮਤਲਬ ਹੈ ਕਿ ਅੱਧਾ ਫੰਡ ਸ਼ਹਿਰ ਸਰਕਾਰ ਵੱਲੋਂ ਅਤੇ ਅੱਧਾ ਕੇਂਦਰ ਵੱਲੋਂ ਖਰਚ ਕੀਤਾ ਜਾਂਦਾ ਹੈ।’’