ਪਰਨੀਤ ਕੌਰ ਪਹਿਲੀ ਵਾਰ ਭਾਜਪਾ ਦੇ ਸਮਾਗਮ ’ਚ ਸ਼ਾਮਲ ਹੋਏ
ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਫਰਵਰੀ
ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਪਰਨੀਤ ਕੌਰ ਭਾਵੇਂ ਕਈ ਮਹੀਨੇ ਪਹਿਲਾਂ ਭਾਜਪਾ ਦਾ ਹਿੱਸਾ ਬਣੇ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਰਾਹੀਂ ਅੰਦਰੋਗਤੀ ਕਾਫੀ ਸਮੇਂ ਤੋਂ ਭਾਜਪਾ ਲਈ ਹੀ ਸਰਗਰਮੀਆਂ ਕਰਦੇ ਆ ਰਹੇ ਸਨ ਪਰ ਕਾਂਗਰਸ ਵੱਲੋਂ ਕੀਤੀ ਜਾਣ ਵਾਲ਼ੀ ਅਨੁਸ਼ਾਸਨੀ ਕਾਰਵਾਈ ਦਾ ਡਰ ਚੁੱਕਦਿਆਂ, ਉਨ੍ਹਾਂ ਨੇ ਨਾ ਸਿਰਫ਼ ਅੱਜ ਇੱਥੇ ਹੋਏ ਭਾਜਪਾ ਦੇ ਰਾਜਸੀ ਸਮਾਗਮ ’ਚ ਸ਼ਿਰਕਤ ਹੀ ਕੀਤੀ, ਬਲਕਿ ਇਸ ਸਮਾਗਮ ਦੌਰਾਨ ਤਕਰੀਰਾਂ ਵੀ ਪੇਸ਼ ਕੀਤੀਆਂ। ਭਾਜਪਾ ਦੀ ਸ਼ਹਿਰੀ ਇਕਾਈ ਪਟਿਆਲਾ ਦੇ ਪ੍ਰਧਾਨ ਤੇ ਸਾਬਕਾ ਮੇਅਰ ਸੰਜੀਵ ਬਿੱਟੂ ਦੀ ਅਗਵਾਈ ਹੇਠਾਂ ਹੋਏ ਹੋਏ ਭਾਜਪਾ ਦੇ ਦੂਜੇ ਬੂਥ ਮਹਾਸੰਮੇਲਨ ’ਤੇ ਆਧਾਰਤ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਮੁੱਖ ਮੰਤਰੀ ਹੁੰਦਿਆਂ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਲਈ ਕੀਤੇ ਗਏ ਵਿਕਾਸ ਕਾਰਜਾਂ ਦੀ ਗਾਥਾ ਪੇਸ਼ ਕੀਤੀ। ਤਰਕ ਸੀ ਕਿ ਪਟਿਆਲਾ ਵਿਧਾਨ ਸਭਾ ’ਚ ਦੋ ਵੱਡੀਆਂ ਯੂਨੀਵਰਸਿਟੀਆਂ, 500 ਕਰੋੜ ਦਾ ਨਹਿਰੀ ਪਾਣੀ ਪ੍ਰਾਜੈਕਟ ਅਤੇ ਨਵਾਂ ਬੱਸ ਸਟੈਂਡ ਕੈਪਟਨ ਅਮਰਿੰਦਰ ਸਿੰਘ ਨੇ ਹੀ ਸਥਾਪਤ ਕਰਵਾਇਆ। ਭਾਵੇਂ ਪਰਨੀਤ ਕੌਰ ਨੇ ਅਜੇ ਤੱਕ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਤਾਂ ਨਹੀਂ ਕੀਤਾ, ਪਰ ਇਸ ਸਮਾਗਮ ’ਚ ਉਨ੍ਹਾਂ ਦੇ ਆਉਣ ਕਰਕੇ ਹੀ ਮੁੱਖ ਪ੍ਰਬੰਧਕ ਸੰਜੀਵ ਬਿੱਟੂ ਤੇ ਹੋਰਾਂ ਨੇ ਇਸ ਦੌਰਾਨ ਭਾਜਪਾ ਵਰਕਰਾਂ ਦੀ ਭਾਰੀ ਸ਼ਮੂਲੀਅਤ ਯਕੀਨੀ ਬਣਾਈ।
ਇਸ ਮੌਕੇ ਭਾਜਪਾ ਦੇ ਮੀਤ ਪ੍ਰਧਾਨ ਅਨਿਲ ਸਰੀਨ ਅਤੇ ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਸਮੇਤ ਹੋਰਨਾ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ 400 ਸੀਟਾਂ ਪਾਰ ਕਰਨ ਦੇ ਨਾਅਰੇ ਨੂੰ ਸੱਚ ਕਰਨ ਲਈ ਹਰ ਭਾਜਪਾ ਵਰਕਰ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਭਾਜਪਾ ਨੇ ਅਜੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ, ਪਰ ਉਹ ਸਭ ਜਾਣਦੇ ਹਨ ਕਿ ਪਰਨੀਤ ਕੌਰ ਹੀ ਪਟਿਆਲਾ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਹੋਣਗੇ ਅਤੇ ਉਨ੍ਹਾਂ ਨੂੰ ਜਿਤਾਉਣ ਆਪਾਂ ਸਾਰਿਆਂ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਸੰਜੀਵ ਸ਼ਰਮਾ ਬਿੱਟੂ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ’ਤੇ ਪਰਨੀਤ ਕੌਰ ਸਮੇਤ ਅਨਿਲ ਸਰੀਨ ਅਤੇ ਹਰਜੀਤ ਗਰੇਵਾਲ ਨੇ ਵੀ ਇਸ ਸੰਮੇਲਨ ’ਚ ਜੁੜੇਇਕੱਠ ਲਈ ਸੰਜੀਵ ਬਿੱਟੂ ਦੀ ਪਿੱਠ ਥਾਪੜੀ। ਇਸ ਮੌਕੇ ਪ੍ਰਵੀਨ ਬਾਂਸਲ, ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਬੀਬਾ ਜੈਇੰਦਰ ਕੌਰ, ਸਾਰੇ ਛੇ ਮੰਡਲਾਂ ਦੇ ਪ੍ਰਧਾਨ ਅਤੇ 258 ਬੂਥ ਇੰਚਾਰਜਾਂ ਤੇ ਭਾਜਪਾ ਵਰਕਰਾਂ ਸ਼ਾਮਲ ਹੋਏ।