ਆਦਿੱਤੀ ਟੰਡਨਨਵੀਂ ਦਿੱਲੀ, 10 ਮਾਰਚਸੰਸਦੀ ਕਮੇਟੀ ਨੇ ਲੋਕ ਸਭਾ ਵਿੱਚ ਗ਼ੈਰਹਾਜ਼ਰੀ ਕਾਰਨ NSA ਤਹਿਤ ਨਜ਼ਰਬੰਦ ਪੰਜਾਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਲਈ ਪਿਛਲੇ ਸਮੇਂ ਦੌਰਾਨ ਦਿੱਤੀਆਂ ਗਈਆਂ ਦੋ ਅਰਜ਼ੀਆਂ ਦੇ ਆਧਾਰ ’ਤੇ ਅੱਜ 54 ਦਿਨਾਂ ਲਈ ਛੁੱਟੀ ਦੀ ਸਿਫਾਰਿਸ਼ ਕੀਤੀ ਹੈ।ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਪਰੈਲ, 2023 ਤੋਂ ਕੌਮੀ ਸੁਰੱਖਿਆ ਕਾਨੂੰਨ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਵਿੱਚ ਨਜ਼ਰਬੰਦੀ ਕਾਰਨ ਗ਼ੈਰਹਾਜ਼ਰੀ ਦੀ ਛੁੱਟੀ ਲਈ ਲੋਕ ਸਭਾ ਸਪੀਕਰ ਨੂੰ ਦੋ ਅਰਜ਼ੀਆਂ ਦਿੱਤੀਆਂ ਹਨ। ਪਹਿਲੀ ਅਰਜ਼ੀ 30 ਨਵੰਬਰ, 2024 ਅਤੇ ਦੂਜੀ 16 ਦਸੰਬਰ, 2024 ਨੂੰ ਦਿੱਤੀ ਗਈ ਸੀ।ਭਾਜਪਾ ਦੇ ਬਿਪਲਬ ਦੇਬ ਦੀ ਪ੍ਰਧਾਨਗੀ ਹੇਠਲੀ ਕਮੇਟੀ ਨੇ ਸਦਨ ਦੀਆਂ ਮੀਟਿੰਗਾਂ ਤੋਂ ਮੈਂਬਰਾਂ ਦੀ ਗ਼ੈਰਹਾਜ਼ਰੀ ਬਾਰੇ ਅੱਜ ਲੋਕ ਸਭਾ ਵਿੱਚ ਪੇਸ਼ ਕੀਤੀ ਆਪਣੀ ਰਿਪੋਰਟ ਵਿੱਚ ਕਿਹਾ, ‘‘ਸੰਸਦ ਮੈਂਬਰ ਨੇ 24 ਜੂਨ ਤੋਂ 2 ਜੁਲਾਈ (9 ਦਿਨ), 22 ਜੁਲਾਈ ਤੋਂ 9 ਅਗਸਤ (19 ਦਿਨ), 25 ਨਵੰਬਰ ਤੋਂ 20 ਦਸੰਬਰ (26 ਦਿਨ) ਕੁੱਲ ਮਿਲਾ ਕੇ 54 ਦਿਨਾਂ ਦੀ ਗੈਰਹਾਜ਼ਰੀ ਦੀ ਛੁੱਟੀ ਲਈ ਅਰਜ਼ੀਆਂ ਭੇਜੀਆਂ ਸਨ।’’ਇਸ ਤੋਂ ਪਹਿਲਾਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੰਸਦ ਇਜਲਾਸ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਸੀ। ਅੰਮ੍ਰਿਤਪਾਲ ਸਿੰਘ ਨੇ ਪਟੀਸ਼ਨ ’ਚ ਕਿਹਾ ਸੀ ਕਿ ਉਸ ਨੇ 30 ਨਵੰਬਰ ਨੂੰ ਲੋਕ ਸਭਾ ਸਪੀਕਰ ਕੋਲ ਸੰਸਦ ਦੇ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਲਈ ਅਪੀਲ ਕੀਤੀ ਸੀ ਅਤੇ ਉਨ੍ਹਾਂ ਦੱਸਿਆ ਸੀ ਕਿ ਉਹ 46 ਦਿਨਾਂ ਤੋਂ ਸੰਸਦ ’ਚੋਂ ਗ਼ੈਰਹਾਜ਼ਰ ਚੱਲ ਰਹੇ ਹਨ।ਸੰਸਦ ਮੈਂਬਰ ਨੇ ਆਪਣੀ ਪਟੀਸ਼ਨ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ 60 ਦਿਨ ਦੀ ਗ਼ੈਰਹਾਜ਼ਰੀ ਕਾਰਨ ਉਨ੍ਹਾਂ ਨੂੰ ਖਡੂਰ ਸਭਾ ਲੋਕ ਸਭਾ ਸੀਟ ਗੁਆਉਣ ਦਾ ਡਰ ਹੈ, ਜਿਸ ਕਾਰਨ 19 ਲੱਖ ਲੋਕ ਅਗਵਾਈ ਤੋਂ ਸੱਖਣੇ ਹੋ ਜਾਣਗੇ।ਲੋਕ ਸਭਾ ਕਮੇਟੀ ਦੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ 30 ਨਵੰਬਰ ਨੂੰ ਗੈਰਹਾਜ਼ਰੀ ਦੀ ਛੁੱਟੀ ਲਈ ਅਰਜ਼ੀ ਦਿੱਤੀ ਸੀ।ਕੇਂਦਰ ਵੱਲੋਂ ਕਮੇਟੀ ਦੀ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਾਹਮਣੇ ਪੇਸ਼ ਕੀਤੀ ਜਾਵੇਗੀ, ਜਿੱਥੇ ਸੰਸਦੀ ਹਾਜ਼ਰੀ ਤਹਿਤ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ ਜਾਵੇਗੀ।ਪਿਛਲੀ ਸੁਣਵਾਈ ਦੌਰਾਨ ਵਧੀਕ ਸੌਲੀਸਿਟਰ ਜਨਰਲ ਸੱਤਿਆ ਪਾਲ ਜੈਨ ਨੇ ਅਦਾਲਤ ਨੂੰ ਦੱਸਿਆ ਸੀ ਕਿ ਸੰਸਦੀ ਕਮੇਟੀ 10 ਮਾਰਚ ਨੂੰ ਸਪੀਕਰ ਨੂੰ ਆਪਣੀਆਂ ਸਿਫਾਰਿਸ਼ਾਂ ਸੌਂਪੇਗੀ ਅਤੇ ਜਦੋਂ ਤੱਕ ਅਜਿਹਾ ਨਹੀਂ ਹੁੰਦਾ ਕਮੇਟੀ ਦੀਆਂ ਸਿਫ਼ਾਰਿਸ਼ਾਂ ਗੁਪਤ ਹੋਣ ਕਰਕੇ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ।ਸੰਸਦੀ ਕਮੇਟੀ ਨੇ ਤਿੰਨ ਮਾਰਚ ਨੂੰ ਅੰਮ੍ਰਿਤਪਾਲ ਸਿੰਘ ਅਤੇ ਚਾਰ ਹੋਰ ਸੰਸਦ ਮੈਂਬਰਾਂ ਦੀ ਗੈਰਹਾਜ਼ਰੀ ਦੀ ਛੁੱਟੀ ’ਤੇ ਵਿਚਾਰ ਕਰਨ ਲਈ ਆਪਣੀ ਮੀਟਿੰਗ ਕੀਤੀ ਸੀ।