Parliament winter session: ਲੋਕ ਸਭਾ ਦੀ ਕਾਰਵਾਈ ਮੁੜ ਮੁਲਤਵੀ
ਨਵੀਂ ਦਿੱਲੀ, 29 ਨਵੰਬਰ
ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਹਿੰਸਾ ਅਤੇ ਅਡਾਨੀ ਵਿਵਾਦ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਅੱਜ ਮੁੜ ਹੰਗਾਮਾ ਕੀਤਾ ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਜਿਵੇਂ ਹੀ ਸਦਨ ਦੀ ਬੈਠਕ 12 ਵਜੇ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅੱਗੇ ਆ ਗਏ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਪ੍ਰਸ਼ਨ ਕਾਲ ਦੌਰਾਨ ਸਦਨ ਵਿਚ ਦੋ ਸਵਾਲ ਹੀ ਕੀਤੇ ਗਏ ਸਨ ਕਿ ਕਾਰਵਾਈ ਵਿਚ ਵਿਘਨ ਪੈ ਗਿਆ। ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ’ਤੇ ਵਿਰੋਧੀ ਧਿਰ ਦਾ ਵਿਰੋਧ ਜਾਰੀ ਰਿਹਾ। ਸਦਨ ਦੀ ਪ੍ਰਧਾਨਗੀ ਕਰ ਰਹੇ ਦਿਲੀਪ ਸੈਕੀਆ ਨੇ ਵਿਰੋਧੀ ਧਿਰ ਨੂੰ ਉਸਾਰੂ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਜਦੋਂ ਉਨ੍ਹਾਂ ਦੀਆਂ ਅਪੀਲਾਂ ਬੇਅਸਰ ਹੋ ਗਈਆਂ ਤਾਂ ਉਨ੍ਹਾਂ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਹੁਣ ਸਦਨ ਦੀ ਬੈਠਕ ਸੋਮਵਾਰ ਸਵੇਰੇ ਹੋਵੇਗੀ।
ਇਸ ਤੋਂ ਪਹਿਲਾਂ ਲੋਕ ਸਭਾ ਦੀ ਕਾਰਵਾਈ ਅੱਜ ਸਵੇਰੇ ਗਿਆਰਾਂ ਵਜੇ ਜਿਵੇਂ ਹੀ ਸ਼ੁਰੂ ਹੋਈ ਤਾਂ ਕਾਂਗਰਸ ਸਣੇ ਵਿਰੋਧੀ ਧਿਰਾਂ ਨੇ ਅਡਾਨੀ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਇਸ ਤੋਂ ਬਾਅਦ ਹਾਕਮ ਤੇ ਵਿਰੋਧੀ ਧਿਰਾਂ ਵਿਚ ਹੰਗਾਮਾ ਹੋਇਆ ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਅੱਜ ਜਿਵੇਂ ਹੀ ਸਦਨ ਦੀ ਬੈਠਕ ਸ਼ੁਰੂ ਹੋਈ ਤਾਂ ਕਾਂਗਰਸ ਸਣੇ ਵਿਰੋਧੀ ਧਿਰ ਦੇ ਕਈ ਮੈਂਬਰਾਂ ਨੇ ਸਰਕਾਰ ਨੂੰ ਅਡਾਨੀ ਮਾਮਲੇ ’ਤੇ ਸਪਸ਼ਟ ਕਰਨ ਲਈ ਕਿਹਾ।
ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਦੇਸ਼ ਚਾਹੁੰਦਾ ਹੈ ਕਿ ਸੰਸਦ ਦੀ ਕਾਰਵਾਈ ਚੱਲੇ, ਇਸ ਕਰ ਕੇ ਸਾਰੇ ਆਪਣੇ ਮੁੱਦੇ ਸਹੀ ਤਰੀਕੇ ਨਾਲ ਉਠਾਉਣ।ਪੀਟੀਆਈ