ਅਡਾਨੀ ਤੇ ਸੰਭਲ ਮੁੱਦੇ ’ਤੇ ਸੰਸਦ ਠੱਪ
* ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕੀਤੀ
ਨਵੀਂ ਦਿੱਲੀ, 27 ਨਵੰਬਰ
ਸੰਸਦ ਵਿੱਚ ਅਡਾਨੀ ਗਰੁੱਪ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਮੰਗ ਅਤੇ ਸੰਭਲ ਹਿੰਸਾ ਸਮੇਤ ਵੱਖ-ਵੱਖ ਮੁੱਦਿਆਂ ’ਤੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਅੱਜ ਦੂਜੇ ਦਿਨ ਵੀ ਦੋਵਾਂ ਸਦਨਾਂ ਦੀ ਕਾਰਵਾਈ ਪ੍ਰਭਾਵਿਤ ਰਹੀ। ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਇੱਕ-ਇੱਕ ਵਾਰ ਮੁਲਤਵੀ ਕਰਨ ਤੋਂ ਬਾਅਦ ਪੂਰੇ ਦਿਨ ਲਈ ਉਠਾਅ ਦਿੱਤੀ ਗਈ।
ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਅੱਜ ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਦੋਵਾਂ ਸਦਨਾਂ ਵਿੱਚ ਸਿਫ਼ਰ ਕਾਲ ਅਤੇ ਪ੍ਰਸ਼ਨ ਕਾਲ ਦੀ ਕਾਰਵਾਈ ’ਚ ਰੁਕਾਵਟ ਪਈ। ਲੋਕ ਸਭਾ ਦੀ ਕਾਰਵਾਈ ਸਵੇਰੇ ਸ਼ੁਰੂ ਹੋਣ ਦੇ ਨਾਲ ਹੀ ਕਾਂਗਰਸੀ ਮੈਂਬਰ ਆਪਣੀਆਂ ਸੀਟਾਂ ’ਤੇ ਖੜ੍ਹੇ ਹੋ ਗਏ ਤੇ ਅਡਾਨੀ ਸਮੂਹ ਨਾਲ ਜੁੜਿਆ ਮਾਮਲਾ ਚੁੱਕਣ ਦੀ ਕੋਸ਼ਿਸ਼ ਕਰਨ ਲੱਗੇ, ਜਦਕਿ ਸਮਾਜਵਾਦੀ ਪਾਰਟੀ ਦੇ ਮੈਂਬਰਾਂ ਨੇ ਯੂਪੀ ਦੇ ਸੰਭਲ ਵਿੱਚ ਹੋਈ ਹਿੰਸਾ ਦੇ ਮਾਮਲਾ ਰੱਖਣ ਦਾ ਯਤਨ ਕੀਤਾ।
ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵਿਰੋਧੀ ਮੈਂਬਰਾਂ ਦੀ ਨਾਅਰੇਬਾਜ਼ੀ ਦਰਮਿਆਨ ਪ੍ਰਸ਼ਨ ਕਾਲ ਸ਼ੁਰੂ ਕਰਵਾਇਆ। ਇਸ ਦੌਰਾਨ ਕਾਂਗਰਸ ਤੇ ਸਪਾ ਦੇ ਕਈ ਮੈਂਬਰ ਸਪੀਕਰ ਦੀ ਸੀਟ ਦੇ ਨੇੜੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ, ਜਿਨ੍ਹਾਂ ਨੂੰ ਸਪੀਕਰ ਨੇ ਆਪਣੀ ਥਾਂ ’ਤੇ ਜਾਣ ਲਈ ਕਿਹਾ ਤੇ ਕਾਰਵਾਈ ਚੱਲਣ ਦੇਣ ਦੀ ਅਪੀਲ ਕੀਤੀ। ਹਾਲਾਂਕਿ ਹੰਗਾਮਾ ਨਹੀਂ ਰੁਕਿਆ। ਇਸ ਮਗਰੋਂ ਸਪੀਕਰ ਨੇ ਸਵੇਰੇ 11.05 ਵਜੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਦੁਪਹਿਰ 12 ਵਜੇ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਫਿਰ ਹੰਗਾਮਾ ਹੋਇਆ ਜਿਸ ਮਗਰੋਂ ਲਗਪਗ 12.10 ਵਜੇ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਵਿੱਚ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਚੇਅਰਮੈਨ ਜਗਦੀਪ ਧਨਖੜ ਨੇ ਦੱਸਿਆ ਕਿ ਉਨ੍ਹਾਂ ਨੂੰ ਅਡਾਨੀ, ਮਨੀਪੁਰ ਹਿੰਸਾ, ਸੰਭਲ ਹਿੰਸਾ ਤੇ ਦਿੱਲੀ ਵਿੱਚ ਵਧਦੇ ਅਪਰਾਧਾਂ ’ਤੇ ਚਰਚਾ ਲਈ ਨਿਯਮ 267 ਤਹਿਤ ਕੁੱਲ 18 ਨੋਟਿਸ ਮਿਲੇ ਹਨ। ਉਨ੍ਹਾਂ ਸਾਰੇ ਨੋਟਿਸ ਨਾ-ਮਨਜ਼ੂਰ ਕਰ ਦਿੱਤੇ। ਸਿਰਫ਼ ਕਾਂਗਰਸ ਮੈਂਬਰਾਂ ਨੇ ਹੀ ਸਦਨ ਦੀ ਕਾਰਵਾਈ ਮੁਲਤਵੀ ਹੋਣ ਮਗਰੋਂ ਨਿਯਮ 267 ਤਹਿਤ ਅਡਾਨੀ ਗਰੁੱਪ ’ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਮੰਗ ਲਈ ਚਰਚਾ ਦੀ ਮੰਗ ਕੀਤੀ ਜਦਕਿ ਬਾਕੀ ਵਿਰੋਧੀ ਧਿਰਾਂ ਨੇ ਵੱਖੋ-ਵੱਖਰੇ ਮੁੱਦਿਆਂ ’ਤੇ ਨੋਟਿਸ ਦਿੱਤੇ। ਇਸ ਦੌਰਾਨ ਕਾਂਗਰਸ ਸਮੇਤ ਹੋਰ ਵਿਰੋਧੀ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ਦੌਰਾਨ ਚੇਅਰਮੈਨ ਸ੍ਰੀ ਧਨਖੜ ਨੇ ਸਵੇਰੇ 11.11 ਵਜੇ ਕਾਰਵਾਈ 11.30 ਵਜੇ ਲਈ ਮੁਲਤਵੀ ਕਰ ਦਿੱਤੀ। ਦੁਬਾਰਾ, ਸਦਨ ਦੀ ਕਾਰਵਾਈ ਸ਼ੁਰੂ ਹੋਣ ’ਤੇ ਚੇਅਰਮੈਨ ਨੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਉਹ ਆਪੋ-ਆਪਣੀ ਜਗ੍ਹਾ ’ਤੇ ਬੈਠੇ ਰਹਿਣ ਤੇ ਵਿਵਸਥਾ ਬਣਾ ਕੇ ਰੱਖਣ ਤਾਂ ਕਿ ਸੂਚੀਬੱਧ ਕੰਮ ਹੋ ਸਕੇ। ਹਾਲਾਂਕਿ, ਹੰਗਾਮਾ ਜਾਰੀ ਰਹਿਣ ਕਾਰਨ ਚੇਅਰਮੈਨ ਧਨਖੜ ਨੇ ਕਾਰਵਾਈ ਵੀਰਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ। -ਪੀਟੀਆਈ
ਸੋਸ਼ਲ ਮੀਡੀਆ ’ਤੇ ਅਸ਼ਲੀਲ ਸਮੱਗਰੀ ਰੋਕਣ ਲਈ ਕਾਨੂੰਨ ਹੋਰ ਸਖ਼ਤ ਕਰਨ ਦੀ ਲੋੜ: ਵੈਸ਼ਨਵ
ਨਵੀਂ ਦਿੱਲੀ:
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਕਿਹਾ ਕਿ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਅਸ਼ਲੀਲ ਸਮੱਗਰੀ ਰੋਕਣ ਲਈ ਮੌਜੂਦਾ ਕਾਨੂੰਨਾਂ ਨੂੰ ਹੋਰ ਸਖ਼ਤ ਕਰਨ ਦੀ ਲੋੜ ਹੈ। ਲੋਕ ਸਭਾ ’ਚ ਸੂਚਨਾ ਤੇ ਪ੍ਰਸਾਰਨ ਮੰਤਰੀ ਨੇ ਕਿਹਾ ਕਿ ਸੰਸਦੀ ਸਥਾਈ ਕਮੇਟੀ ਨੂੰ ਇਹ ਮੁੱਦਾ ਚੁੱਕਣਾ ਚਾਹੀਦਾ ਹੈ ਅਤੇ ਨਾਲ ਹੀ ਇਸ ਸਬੰਧੀ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਉਣ ਲਈ ਆਮ ਸਹਿਮਤੀ ਦਾ ਸੱਦਾ ਵੀ ਦਿੱਤਾ। ਸਦਨ ’ਚ ਉਨ੍ਹਾਂ ਆਖਿਆ ਕਿ ਪਹਿਲਾਂ ਸੰਪਾਦਕੀ ਨਿਗਰਾਨੀ ਹੁੰਦੀ ਸੀ ਅਤੇ ਇਹ ਤੈਅ ਹੁੰਦਾ ਸੀ ਕਿ ਕੁਝ ਸਹੀ ਹੈ ਜਾਂ ਗਲਤ ਪਰ ਹੁਣ ਜਾਂਚ ਖਤਮ ਹੋ ਗਈ ਹੈ। ਵੈਸ਼ਨਵ ਨੇ ਭਾਜਪਾ ਮੈਂਬਰ ਅਰੁਣ ਗੋਇਲ ਦੇ ਸਵਾਲ ਦੇ ਜਵਾਬ ’ਚ ਕਿਹਾ, ‘‘ਅੱਜ ਸੋਸ਼ਲ ਮੀਡੀਆ ਪ੍ਰੈੱਸ ਦੀ ਆਜ਼ਾਦੀ ਦਾ ਪਲੈਟਫਾਰਮ ਹੈ ਪਰ ਇਸ ’ਤੇ ਕੰਟਰੋਲ ਨਹੀਂ ਹੈ ਅਤੇ ਇਸ ’ਤੇ ਅਸ਼ਲੀਲ ਸਮੱਗਰੀ ਵੀ ਹੈ। ਸਦਨ ’ਚ ਪ੍ਰਸ਼ਨ ਕਾਲ ’ਚ ਕੁਝ ਮੁੱਦਿਆਂ ’ਤੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਦੌਰਾਨ ਵੈਸ਼ਨਵ ਨੇ ਆਖਿਆ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਅਸ਼ਲੀਲ ਸਮੱਗਰੀ ’ਤੇ ਲਗਾਮ ਲਾਉਣ ਲਈ ਮੌਜੂਦਾ ਕਾਨੂੰਨਾਂ ਨੂੰ ਹੋਰ ਜ਼ਿਆਦਾ ਸਖ਼ਤ ਬਣਾਉਣ ਦੀ ਲੋੜ ਹੈ। ਵੈਸ਼ਨਵ ਨੇ ਲਿਖਤੀ ਜਵਾਬ ’ਚ ਕਿਹਾ ਕਿ ਮੰਤਰਾਲੇ ਨੇ ਅਸ਼ਲੀਲ ਸਮੱਗਰੀ ਪੋਸਟ ਕਰਨ ਵਾਲੇ 18 ਓਟੀਟੀ ਪਲੈਟਫਾਰਮਾਂ ’ਤੇ ਰੋਕ ਲਾਈ ਹੈ। -ਪੀਟੀਆਈ
ਕਾਂਗਰਸ ਦੇ ਨੌਂ ਮੈਂਬਰਾਂ ਨੇ ਅਡਾਨੀ ਮਾਮਲੇ ’ਤੇ ਚਰਚਾ ਲਈ ਦਿੱਤੇ ਸਨ ਨੋਟਿਸ
ਨਵੀਂ ਦਿੱਲੀ:
ਰਾਜ ਸਭਾ ਵਿੱਚ ਦਿੱਤੇ ਗਏ ਕੁੱਲ 18 ਮੁਲਤਵੀ ਨੋਟਿਸਾਂ ’ਚੋਂ ਨੌਂ ਕਾਂਗਰਸੀ ਮੈਂਬਰਾਂ ਵੱਲੋਂ ਅਡਾਨੀ ਮਸਲੇ ’ਤੇ ਦਿੱਤੇ ਗਏ ਜਦਕਿ ਹੋਰਾਂ ਨੇ ਮਨੀਪੁਰ ਤੇ ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਹੋਈ ਹਿੰਸਾ ’ਤੇ ਚਰਚਾ ਦੀ ਮੰਗ ਲਈ ਇਹ ਨੋਟਿਸ ਦਿੱਤੇ। ਅਡਾਨੀ ਮਸਲੇ ’ਤੇ ਚਰਚਾ ਲਈ ਨੋਟਿਸ ਦੇਣ ਵਾਲੇ ਕਾਂਗਰਸੀ ਮੈਂਬਰਾਂ ਵਿੱਚ ਜੀ ਸੀ ਚੰਦਰਸ਼ੇਖਰ, ਰਣਦੀਪ ਸਿੰਘ ਸੁਰਜੇਵਾਲਾ, ਸਈਅਦ ਨਸੀਰ ਹੁਸੈਨ, ਨੀਰਜ ਡਾਂਗੀ, ਰੇਣੁਕਾ ਚੌਧਰੀ, ਰਾਜੀਵ ਸ਼ੁਕਲਾ, ਪ੍ਰਮੋਦ ਤਿਵਾੜੀ, ਅਖਿਲੇਸ਼ ਪ੍ਰਸਾਦ ਸਿੰਘ ਤੇ ਜੇਬੀ ਮਾਥਰ ਹਿਸ਼ਮ ਦੇ ਨਾਂ ਸ਼ਾਮਲ ਹਨ। ਹਾਲਾਂਕਿ, ‘ਆਪ’ ਦੇ ਸੰਜੈ ਸਿੰਘ ਨੇ ‘ਦਿੱਲੀ ਵਿੱਚ ਵਧਦੇ ਅਪਰਾਧਾਂ’ ਬਾਰੇ ਚਰਚਾ ਕਰਨ ਲਈ ਸਦਨ ਦੇ ਹੋਰ ਕੰਮ-ਕਾਜ ਨੂੰ ਮੁਲਤਵੀ ਕਰਨ ਲਈ ਨੋਟਿਸ ਦਿੱਤਾ। ਸ਼ੁਸ਼ਮਿਤਾ ਦੇਵ (ਟੀਐੱਮਸੀ), ਤਿਰੁਚੀ ਸ਼ਿਵਾ (ਡੀਐੱਮਕੇ), ਰਾਘਵ ਚੱਢਾ (ਆਪ) ਅਤੇ ਸੰਦੋਸ਼ ਕੁਮਾਰ ਪੀ (ਸੀਪੀਆਈ) ਨੇ ਮਨੀਪੁਰ ਵਿੱਚ ਹੋਈ ਹਿੰਸਾ ’ਤੇ ਚਰਚਾ ਲਈ ਨੋਟਿਸ ਦਿੱਤੇ ਜਦਕਿ ਜੌਹਨ ਬ੍ਰਿਟਸ (ਸੀਪੀਆਈ-ਐੱਮ), ਏ ਏ ਰਹੀਮ (ਸੀਪੀਆਈ- ਐੱਮ), ਰਾਮ ਗੋਪਾਲ ਯਾਦਵ (ਸਪਾ) ਤੇ ਅਬਦੁਲ ਵਾਹਬ (ਆਈਯੂਐੱਮਐੱਲ) ਨੇ ਯੂਪੀ ਦੇ ਸੰਭਲ ਵਿੱਚ ਹੋਈ ਹਿੰਸਾ ’ਤੇ ਚਰਚਾ ਦੀ ਮੰਗ ਲਈ ਮੁਲਤਵੀ ਨੋਟਿਸ ਦਿੱਤੇ। -ਪੀਟੀਆਈ
ਧਨਖੜ ਵੱਲੋਂ ਮੈਂਬਰਾਂ ਨੂੰ ਸਹਿਮਤੀ ਨਾਲ ਚੱਲਣ ਦੀ ਅਪੀਲ
ਰਾਜ ਸਭਾ ਦੇ ਚੇਅਰਮੈਨ ਧਨਖੜ ਨੇ ਕਿਹਾ ਕਿ ਪਿਛਲੇ 30 ਸਾਲਾਂ ਦੌਰਾਨ ਸਦਨ ਮੈਂਬਰ ਹਮੇਸ਼ਾਂ ਨਿਯਮ 267 ਤਹਿਤ ਆਪਸੀ ਸਹਿਮਤੀ ਨਾਲ ਚੱਲਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੁੱਦਿਆਂ ’ਤੇ ਨਿਯਮਾਂ ਮੁਤਾਬਕ ਭਵਿੱਖ ਵਿੱਚ ਵੀ ਚਰਚਾ ਕੀਤੀ ਜਾ ਸਕਦੀ ਹੈ। ਚੇਅਰਮੈਨ ਧਨਖੜ ਨੇ ਸਾਰੇ ਨੋਟਿਸਾਂ ਨੂੰ ਰੱਦ ਕਰਦਿਆਂ ਕਿਹਾ ਕਿ ਮੈਂਬਰ ਹੋਰ ਵਿਵਸਥਾਵਾਂ ਤਹਿਤ ਇਹ ਮੁੱਦੇ ਚੁੱਕ ਸਕਦੇ ਹਨ। ਉਨ੍ਹਾਂ ਕਿਹਾ, “ਉਨ੍ਹਾਂ ਰਵਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜੋ ਸਥਾਪਤ ਹੋ ਚੁੱਕੀਆਂ ਹਨ।’’