Parliament Session: ਅਡਾਨੀ ਮਸਲੇ ਤੇ ਸੰਭਲ ਹਿੰਸਾ ਨੂੰ ਲੈ ਕੇ ਸੰਸਦ ’ਚ ਮੁੜ ਹੰਗਾਮਾ; ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
12:37 PM Dec 02, 2024 IST
Advertisement
ਨਵੀਂ ਦਿੱਲੀ, 2 ਦਸੰਬਰ
ਵਿਰੋਧੀ ਧਿਰਾਂ ਵੱਲੋਂ ਅਡਾਨੀ ਮਸਲੇ ਅਤੇ ਯੂਪੀ ਦੇ ਸੰਭਲ ਵਿਚ ਹਾਲੀਆ ਹਿੰਸਾ ਤੇ ਹੋਰਨਾਂ ਮੁੱਦਿਆਂ ’ਤੇ ਫੌਰੀ ਚਰਚਾ ਕਰਵਾਉਣ ਦੀ ਮੰਗ ਨੂੰ ਲੈ ਕੇ ਸਦਨ ਵਿਚ ਪਾਏ ਰੌਲੇ ਰੱਪੇ ਦਰਮਿਆਨ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸਦਨ ਅੱਜ ਪਹਿਲੀ ਵਾਰ ਮੁਲਤਵੀ ਹੋਣ ਮਗਰੋਂ ਦੁਪਹਿਰ 12 ਵਜੇ ਮੁੜ ਜੁੜਿਆ ਤਾਂ ਵਿਰੋਧੀ ਧਿਰਾਂ ਦੇ ਮੈਂਬਰ ਸਦਨ ਦੇ ਐਨ ਵਿਚਾਲੇ ਆ ਗਏ ਤੇ ਉਨ੍ਹਾਂ ਅਡਾਨੀ ਮਸਲੇ ਤੇ ਸੰਭਲ ਹਿੰਸਾ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਇਸੇ ਰੌਲੇ ਰੱਪੇ ਦਰਮਿਆਨ ਬੰਦਰਗਾਹ ਤੇ ਜਹਾਜ਼ਰਾਨੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਸਦਨ ਵਿਚ ਕੋਸਟਲ ਸ਼ਿਪਿੰਗ ਬਿੱਲ 2024 ਪੇਸ਼ ਕੀਤਾ। ਉਸ ਮੌਕੇ ਸਦਨ ਦੀ ਕਾਰਵਾਈ ਚਲਾ ਰਹੇ ਭਾਜਪਾ ਦੀ ਸੰਧਿਆ ਰੇਅ ਨੇ ਨਾਅਰੇਬਾਜ਼ੀ ਕਰ ਰਹੇ ਮੈਂਬਰਾਂ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਆਪਣੀਆਂ ਸੀਟਾਂ ’ਤੇ ਜਾ ਕੇ ਬੈਠ ਜਾਣ ਤੇ ਸਦਨ ਨੂੰ ਚੱਲਣ ਦੇਣ। ਰੇਅ ਨੇ ਕਿਹਾ ਕਿ ਦੇਸ਼ ਦੇ ਵੋਟਰ ਉਨ੍ਹਾਂ ਨੂੰ ਦੇਖ ਰਹੇ ਹਨ ਤੇ ਉਨ੍ਹਾਂ ਦੇ ਮੁੱਦੇ ਇਥੇ ਰੱਖੇ ਜਾਣ। ਵਿਰੋਧੀ ਧਿਰਾਂ ਨੇ ਨਾਅਰੇਬਾਜ਼ੀ ਜਾਰੀ ਰੱਖੀ ਤਾਂ ਰੇਅ ਨੇ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ।
ਇਸ ਤੋਂ ਪਹਿਲਾਂ ਅੱਜ ਸਵੇਰੇ 11 ਵਜੇ ਸਦਨ ਜੁੜਿਆ ਤਾਂ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਸਦਨ ਦੇ ਐਨ ਵਿਚਾਲੇ ਆ ਗਏ ਤੇ ਉਨ੍ਹਾਂ ਅਡਾਨੀ ਸਮੂਹ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਸਣੇ ਵੱਖ ਵੱਖ ਮੁੱਦਿਆਂ ਉੱਤੇ ਫੌਰੀ ਚਰਚਾ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕੀਤਾ ਤਾਂ ਕਾਂਗਰਸ ਅਤੇ ਸਪਾ ਦੇ ਮੈਂਬਰ ਮੰਚ ਦੇ ਨੇੜੇ ਆ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਾਂਗਰਸ ਦੇ ਮੈਂਬਰ ਜਿੱਥੇ ਅਡਾਨੀ ਗਰੁੱਪ ਨਾਲ ਜੁੜੇ ਮੁੱਦੇ ਨੂੰ ਉਠਾ ਰਹੇ ਸਨ, ਉੱਥੇ ਸਪਾ ਦੇ ਸੰਸਦ ਮੈਂਬਰ ਸੰਭਲ ਹਿੰਸਾ ਦਾ ਮੁੱਦਾ ਚੁੱਕਦੇ ਨਜ਼ਰ ਆਏ। ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਸਥਾਨਾਂ ’ਤੇ ਜਾਣ ਅਤੇ ਸਦਨ ਦੀ ਕਾਰਵਾਈ ਚੱਲਣ ਦੇਣ। ਹੰਗਾਮੇ ਦੌਰਾਨ, ਹੁਨਰ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ (ਸੁਤੰਤਰ ਚਾਰਜ) ਜੈਅੰਤ ਚੌਧਰੀ ਨੇ ਵੀ ਕੁਝ ਪੂਰਕ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਨਾਅਰੇਬਾਜ਼ੀ ਕਰ ਰਹੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਬਿਰਲਾ ਨੇ ਕਿਹਾ, ‘‘ਪ੍ਰਸ਼ਨ ਕਾਲ ਤੁਹਾਡਾ ਸਮਾਂ ਹੈ। ਕਿਰਪਾ ਕਰਕੇ ਪ੍ਰਸ਼ਨ ਕਾਲ ਨੂੰ ਜਾਰੀ ਰੱਖਣ ਦੀ ਇਜਾਜ਼ਤ ਦਿਓ। ਵਿਰੋਧੀ ਧਿਰਾਂ ਦੇ ਹੰਗਾਮੇ ਕਰਕੇ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। -ਪੀਟੀਆਈ
Advertisement
Advertisement