For the best experience, open
https://m.punjabitribuneonline.com
on your mobile browser.
Advertisement

ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਸੰਸਦ ਠੱਪ

07:02 AM Dec 16, 2023 IST
ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਸੰਸਦ ਠੱਪ
ਸੰਸਦੀ ਅਹਾਤੇ ਵਿੱਚ ਕੀਤੇ ਰੋਸ ਪ੍ਰਦਰਸ਼ਨ ’ਚ ਸ਼ਾਮਲ ਸੋਨੀਆ ਗਾਂਧੀ ਅਤੇ ਹੋਰ ਆਗੂ। -ਫੋਟੋ: ਪੀਟੀਆਈ
Advertisement

ਸੰਸਦ ਮੈਂਬਰਾਂ ਦੀ ਸੈਸ਼ਨ ’ਚੋਂ ਮੁਅੱਤਲੀ ਉੱਤੇ ਤਿੱਖਾ ਰੋਸ ਜਤਾਇਆ

ਨਵੀਂ ਦਿੱਲੀ, 15 ਦਸੰਬਰ
ਸੁਰੱਖਿਆ ਵਿਚ ਸੰਨ੍ਹ ਦੇ ਮੁੱਦੇ ਨੂੰ ਲੈ ਕੇ ਅੱਜ ਸੰਸਦ ਦੇ ਦੋਵਾਂ ਸਦਨਾਂ ਵਿਚ ਮੁੜ ਹੰਗਾਮਾ ਹੋਇਆ। ਵਿਰੋਧੀ ਪਾਰਟੀਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਤੇ ਇਸ ਮੁੱਦੇ ’ਤੇ ਵਿਚਾਰ ਚਰਚਾ ਦੀ ਆਪਣੀ ਮੰਗ ’ਤੇ ਬਜ਼ਿੱਦ ਰਹੀਆਂ। ਰੌਲੇ-ਰੱਪੇ ਕਰਕੇ ਕੋਈ ਵੀ ਸੰਸਦੀ ਕੰਮਕਾਜ ਨਹੀਂ ਹੋ ਸਕਿਆ। ਸੰਸਦੀ ਕਾਰਵਾਈ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ। ਅੱਜ ਲਗਾਤਾਰ ਤੀਜੇ ਦਿਨ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਸੰਸਦੀ ਕਾਰਵਾਈ ਅਸਰਅੰਦਾਜ਼ ਹੋਈ ਹੈ। ਵਿਰੋਧੀ ਪਾਰਟੀਆਂ ਨੇ 14 ਸੰਸਦ ਮੈਂਬਰਾਂ (13 ਲੋਕ ਸਭਾ ਤੇ ਇਕ ਰਾਜ ਸਭਾ ’ਚੋਂ) ਦੀ ਮੁਅੱਤਲੀ ਖਿਲਾਫ਼ ਵੀ ਰੋਸ ਜਤਾਇਆ। ਵਿਰੋਧੀ ਪਾਰਟੀਆਂ ਨੇ ਸਖ਼ਤ ਇਤਰਾਜ਼ ਜਤਾਇਆ ਕਿ ਸ਼ਾਹ ਮੀਡੀਆ ਕਾਨਕਲੇਵ ਵਿਚ ਜਾ ਕੇ ਬਿਆਨ ਦੇ ਸਕਦੇ ਹਨ ਪਰ ਉਹ ‘ਅਜਿਹੇ ਅਹਿਮ ਮੁੱਦੇ’ ਉੱਤੇ ਸੰਸਦ ਵਿੱਚ ਆ ਕੇ ਬਿਆਨ ਦੇਣ ਲਈ ਤਿਆਰ ਨਹੀਂ ਹਨ।
ਇਸ ਤੋਂ ਪਹਿਲਾਂ ਅੱਜ ਦਿਨੇ ਲੋਕ ਸਭਾ ਜੁੜੀ ਤਾਂ ਅੱਧੇ ਮਿੰਟ ਬਾਅਦ ਹੀ ਰਾਜੇਂਦਰ ਅਗਰਵਾਲ ਨੇ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਵਿਰੋਧੀ ਧਿਰਾਂ ਦੇ ਮੈਂਬਰਾਂ, ਜਿਨ੍ਹਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਨੇ ਸਦਨ ਦੇ ਵਿਚਾਲੇ ਆ ਕੇ ਨਾਅਰੇਬਾਜ਼ੀ ਕੀਤੀ। ਸਦਨ ਮੁੜ ਜੁੜਿਆ ਤਾਂ ਚੇਅਰ ’ਤੇ ਬੈਠੇ ਕਿਰਿਤ ਸੋਲੰਕੀ ਨੇ ਕਾਰਵਾਈ ਦਿਨ ਭਰ ਲਈ ਚੁੱਕ ਦਿੱਤੀ। ਵਿਰੋਧੀ ਧਿਰਾਂ ਅਮਿਤ ਸ਼ਾਹ ਦੇ ਅਸਤੀਫ਼ੇ ਤੇ ਸਦਨ ’ਚ ਉਨ੍ਹਾਂ ਦੀ ਮੌਜੂਦਗੀ ਦੀ ਮੰਗ ਕਰਦੀਆਂ ਰਹੀਆਂ। ਮੈਂਬਰਾਂ ਨੇ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਮ੍ਹਾ ਖਿਲਾਫ਼ ਕਾਰਵਾਈ ਦੀ ਵੀ ਮੰਗ ਕੀਤੀ। ਫੌਜਦਾਰੀ ਕਾਨੂੰਨਾਂ ਦੀ ਥਾਂ ਲੈਣ ਵਾਲੇ ਤਿੰਨ ਬਿੱਲ ਸੰਸਦੀ ਕੰਮਕਾਜ ਦੇ ਏਜੰਡੇ ਵਿਚ ਸਨ ਪਰ ਇਨ੍ਹਾਂ ਨੂੰ ਵਿਚਾਰ ਚਰਚਾ ਲਈ ਪੇਸ਼ ਨਹੀਂ ਕੀਤਾ ਜਾ ਸਕਿਆ। ਉਧਰ ਰਾਜ ਸਭਾ ਵੀ ਸਵੇਰੇ 11 ਵਜੇ ਜੁੜੀ ਤਾਂ ਕੁਝ ਮਿੰਟਾਂ ਅੰਦਰ ਹੀ ਕਾਰਵਾਈ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਚੇਅਰਮੈਨ ਜਗਦੀਪ ਧਨਖੜ ਨੇ ਤਜਵੀਜ਼ਤ ਸੰਸਦੀ ਕੰਮਕਾਜ ਠੱਪ ਕਰਕੇ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਚਰਚਾ ਦੀ ਵਿਰੋਧੀ ਧਿਰ ਦੀ ਮੰਗ ਰੱਦ ਕਰ ਦਿੱਤੀ। ਸਦਨ ਮੁੜ ਜੁੜਿਆ ਤਾਂ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਧਨਖੜ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਚੁੱਕ ਦਿੱਤੀ। ਇਸ ਤੋਂ ਪਹਿਲਾਂ ਧਨਖੜ ਨੇ ਸਦਨ ਵਿਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਤੇ ਸਦਨ ਦੇ ਨੇਤਾ ਪਿਊਸ਼ ਗੋਇਲ ਅਤੇ ਹੋਰਨਾਂ ਆਗੂਆਂ ਨੂੰ ਆਪਣੇ ਚੈਂਬਰ ’ਚ ਮਿਲਣ ਲਈ ਸੱਦਿਆ। -ਪੀਟੀਆਈ

Advertisement

ਵਿਰੋਧੀ ਧਿਰਾਂ ਵੱਲੋਂ ਸੰਸਦੀ ਅਹਾਤੇ ਵਿੱਚ ਰੋਸ ਪ੍ਰਦਰਸ਼ਨ

ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੇ ਆਗੂਆਂ ਨੇ ਅੱਜ ਇਥੇ ਸੰਸਦੀ ਅਹਾਤੇ ਵਿੱਚ ਗਾਂਧੀ ਦੇ ਬੁੱਤ ਨੇੜੇ ਇਕੱਠੇ ਹੋ ਕੇ 14 ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਰੋਸ ਜਤਾਇਆ। ਇਸ ਮੌਕੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਟੀਐੱਮਸੀ ਦੇ ਡੈਰੇਕ ਓ’ਬ੍ਰਾਇਨ, ਹਬਿੀ ਐਡਨ, ਕੰਨੀਮੋੜੀ ਆਦਿ ਮੌਜੂਦ ਸਨ। ਓ’ਬ੍ਰਾਇਨ ਨੇ ਅੱਜ ਵੀ ‘ਮੌਨ ਵਰਤ’ ਵਾਲੀ ਟੀ-ਸ਼ਰਟ ਪਾਈ ਹੋਈ ਸੀ। ਮੁਅੱਤਲ ਸੰਸਦ ਮੈਂਬਰਾਂ ਨੇ ਹੱਥਾਂ ਵਿੱਚ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ਉੱਤੇ ਲਿਖਿਆ ਸੀ ਕਿ ਉਨ੍ਹਾਂ ਨੂੰ ਬੋਲਣ ਬਦਲੇ ਮੁਅੱਤਲ ਕੀਤਾ ਗਿਆ ਹੈ ਜਦੋਂਕਿ ‘ਦੋਸ਼ੀ ਭਾਜਪਾ ਐੱਮਪੀ’ ਆਜ਼ਾਦ ਘੁੰਮ ਰਿਹਾ ਹੈ। ਪ੍ਰਦਰਸ਼ਨਕਾਰੀ ਸੰਸਦ ਮੈਂਬਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਮੁਅੱਤਲੀ ਵਾਪਸ ਲਈ ਜਾਵੇ। ਮੁਅੱਤਲ ਮੈਂਬਰਾਂ ਵਿੱਚ ਸ਼ਾਮਲ ਹਬਿੀ ਐਡਨ ਨੇ ਕਿਹਾ, ‘‘ਮੁਅੱਤਲੀ ਤੇ ਬਰਖਾਸਤਗੀ ਇਸ ਸਰਕਾਰ ਲਈ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ ਹਫ਼ਤੇ ਮਹੂਆ ਮੋਇਤਰਾ ਨੂੰ ਬਰਖਾਸਤ ਕੀਤਾ ਗਿਆ ਸੀ। ਇਸ ਹਫ਼ਤੇ, ਭਾਜਪਾ ਐੱਮਪੀ ਜਿਸ ਨੇ ਘੁਸਪੈਠੀਆਂ ਲਈ ਪਾਸ ਜਾਰੀ ਕੀਤੇ, ਆਜ਼ਾਦ ਘੁੰਮ ਰਿਹਾ ਹੈ ਜਦੋਂਕਿ ਮੈਨੂੰ ਤੇ ਮੇਰੇ ਹੋਰਨਾਂ ਸਾਥੀਆਂ ਨੂੰ ਲੋਕਾਂ ਦੀ ਆਵਾਜ਼ ਚੁੱਕਣ ਲਈ ਮੁਅੱਤਲ ਕੀਤਾ ਗਿਆ ਹੈ। ਅਸੀਂ (ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ) ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਵੱਲੋਂ ਸੰਸਦ ਵਿੱਚ ਜਵਾਬ ਦਿੱਤੇ ਜਾਣ ਦੀ ਮੰਗ ਕਰ ਰਹੇ ਸੀ।’’ ਟੀਐੱਮਸੀ ਦੇ ਡੈਰੇਕ ਓ’ਬ੍ਰਾਇਨ, ਡੀਐੱਮਕੇ ਦੀ ਕਨੀਮੋੜੀ ਤੇ ਕਾਂਗਰਸ ਦੇ ਨੌਂ ਮੈਂਬਰਾਂ ਸਣੇ ਕੁੱਲ 14 ਐੱਮਪੀਜ਼ ਨੂੰ ਬੁੱਧਵਾਰ ਨੂੰ ਸੰਸਦੀ ਕਾਰਵਾਈ ਵਿੱਚ ਅੜਿੱਕੇ ਦੇ ਦੋਸ਼ ’ਚ ਸਰਦ ਰੁੱਤ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement