ਰੌਕ ਗਾਰਡਨ ਦੀ ਪਾਰਕਿੰਗ ਮਹਿੰਗੀ, ਪ੍ਰਬੰਧ ਕੋਈ ਨਹੀਂ
ਮੁਕੇਸ਼ ਕੁਮਾਰ
ਚੰਡੀਗੜ੍ਹ, 26 ਜੂਨ
ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਚੰਡੀਗੜ੍ਹ ਰੌਕ ਗਾਰਡਨ ਵਿਚ ਆਉਣ ਵਾਲੇ ਸੈਲਾਨੀਆਂ ਕੋਲੋਂ ਵਾਹਨ ਪਾਰਕਿੰਗ ਲਈ ਵਸੂਲੀ ਜਾਣ ਵਾਲੀ ਫੀਸ ਅਤੇ ਉਥੇ ਕੀਤੇ ਗਏ ਜਲ ਨਿਕਾਸੀ ਦੇ ਪ੍ਰਬੰਧਾਂ ਨੂੰ ਸਬੰਧੀ ਸਵਾਲ ਚੁੱਕੇ ਹਨ। ਉਨ੍ਹਾਂ ਵੱਲੋਂ ਅੱਜ ਇਥੇ ਜਾਰੀ ਬਿਆਨ ਮੁਤਾਬਕ ਉਨ੍ਹਾਂ ਨੇ ਰੌਕ ਗਾਰਡਨ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਪ੍ਰਸ਼ਾਸਨ ਵੱਲੋਂ ਵਾਹਨ ਪਾਰਕ ਕਰਨ ਲਈ 40 ਰੁਪਏ ਵਸੂਲੇ ਜਾ ਰਹੇ ਹਨ।
ਦੂਜੇ ਪਾਸੇ ਇਥੇ ਵਾਹਨ ਪਾਰਕ ਕਰਨ ਵਾਲਿਆਂ ਨੂੰ ਪਾਰਕਿੰਗ ਵਿੱਚ ਖੜ੍ਹੇ ਪਾਣੀ ਕਾਰਨ ਆਪਣੇ ਵਾਹਨ ਕੱਢਣ ਵਿੱਚ ਜਦੋ-ਜਹਿਦ ਕਰਨੀ ਪੈ ਰਹੀ ਸੀ। ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੂਬੇ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਵਾਲ ਕੀਤਾ ਕਿ ਸ਼ਹਿਰ ‘ਚ ਨਗਰ ਨਿਗਮ ਵੱਲੋਂ ਕਾਰ ਪਾਰਕਿੰਗ ਦੇ 14 ਰੁਪਏ ਵਸੂਲੇ ਜਾਂਦੇ ਹਨ, ਪਰ ਪ੍ਰਸ਼ਾਸਨ ਅਤੇ ਸਿਟਕੋ ਵੱਲੋਂ ਇਥੇ ਆਲਮੀ ਪੱਧਰ ‘ਤੇ ਮਸ਼ਹੂਰ ਸਵਰਗੀ ਨੇਕ ਚੰਦ ਦੀ ਵਿਰਾਸਤ ਨੂੰ ਦੇਖਣ ਲਈ ਦੂਜੇ ਰਾਜਾਂ ਤੋਂ ਆਉਣ ਵਾਲੇ ਸੈਲਾਨੀਆਂ ਤੋਂ 40 ਰੁਪਏ ਪਾਰਕਿੰਗ ਫੀਸ ਵਸੂਲੀ ਜਾ ਰਹੀ ਹੈ। ਦੀਪਾ ਨੇ ਕਿਹਾ ਕਿ ਇਥੋਂ ਥੋੜ੍ਹੀ ਹੀ ਦੂਰ ਸੁਖਨਾ ਝੀਲ ‘ਤੇ ਕਾਰ ਪਾਰਕਿੰਗ ਲਈ 14 ਰੁਪਏ ਤੈਅ ਕੀਤਾ ਗਿਆ ਹੈ ਤਾਂ ਉਸ ਤੋਂ ਇੱਕ ਕਿਲੋਮੀਟਰ ਦੂਰ ਰੌਕ ਗਾਰਡਨ ‘ਚ ਪਾਰਕਿੰਗ ਲਈ 40 ਰੁਪਏ ਫੀਸ ਵਸੂਲਣ ਦੀ ਗੱਲ ਕਿਸ ਹੱਦ ਤੱਕ ਸਹੀ ਹੈ। ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਹੈ ਕਿ ਉਹ ਰੌਕ ਗਾਰਡਨ ਦੀ ਪਾਰਕਿੰਗ ਫੀਸ ਨੂੰ ਨਗਰ ਨਿਗਮ ਦੀ ਪਾਰਕਿੰਗ ਫੀਸ ਦੇ ਬਰਾਬਰ ਕਰਨ।
ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਉਹ ਇੱਥੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੁਖਤਾ ਪ੍ਰਬੰਧ ਕਰਨ ਤਾਂ ਜੋ ਬਰਸਾਤ ਦੇ ਮੌਸਮ ਵਿੱਚ ਰੌਕ ਗਾਰਡਨ ਦੀ ਪਾਰਕਿੰਗ ਵਿੱਚ ਸੈਲਾਨੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪਾਰਕ ਦੇ ਰੱਖ-ਰਖਾਅ ਸਬੰਧੀ ਭੇਜੇ ਜਾ ਰਹੇ ਨੋਟਿਸਾਂ ‘ਤੇ ਇਤਰਾਜ਼ ਪ੍ਰਗਟਾਇਆ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਸ਼ਹਿਰ ਦੀਆਂ ਵੱਖ ਵੱਖ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੀ ਸਿਰਮੌਰ ਜਥੇਬੰਦੀ ‘ਕਰਾਫੈਡ’ ਨੇ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਆਰਡਬਲਿਊਏਜ਼ ਨੂੰ ਪਾਰਕ ਦੇ ਰੱਖ-ਰਖਾਅ ਸਬੰਧੀ ਭੇਜੇ ਜਾ ਰਹੇ ਨੋਟਿਸਾਂ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਕਰਾਫੈਡ ਦੇ ਚੇਅਰਮੈਨ ਹਿਤੇਸ਼ ਪੁਰੀ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਨੇਬਰਹੁੱਡ ਪਾਰਕ ਦੀ ਸਾਂਭ-ਸੰਭਾਲ ਸਬੰਧੀ ਨਵੇਂ ਸਮਝੌਤਿਆਂ, ਜਿਸ ਨੂੰ ਇਲਾਕਾ ਕੌਂਸਲਰਾਂ ਵੱਲੋਂ ਮਨਜ਼ੂਰੀ ਦਿੱਤੀ ਜਾਵੇਗੀ, ਲਈ ਸ਼ਹਿਰ ਦੀਆਂ ਆਰਡਬਲਿਊਏਜ਼ ਨੂੰ ਭੇਜ ਜਾ ਰਹੇ ਨੋਟਿਸਾਂ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ, ਜਿਸ ‘ਤੇ ਉਨ੍ਹਾਂ ਦੀ ਜਥੇਬੰਦੀ ਨੂੰ ਸਖ਼ਤ ਇਤਰਾਜ਼ ਹੈ। ਇਸ ਮਾਮਲੇ ਨੂੰ ਲੈ ਕੇ ਕਰਾਫੈਡ ਨੇ ਚੇਅਰਮੈਨ ਹਿਤੇਸ਼ ਪੁਰੀ ਦੀ ਪ੍ਰਧਾਨਗੀ ਹੇਠ ਕੋਰ ਕਮੇਟੀ ਦੀ ਸੱਦੀ ਗਈ ਮੀਟਿੰਗ ਵਿੱਚ ਨਿਗਮ ਦੇ ਨਾਮਜ਼ਦ ਕੌਂਸਲਰ ਤੇ ਕਰਾਫੈਡ ਦੇ ਉਮੇਸ਼ ਘਈ, ਰਜਤ ਮਲਹੋਤਰਾ, ਡਾ: ਅਨੀਸ਼ ਗਰਗ, ਰਾਜੇਸ਼ ਰਾਏ ਅਤੇ ਹੋਰ ਮੈਂਬਰ ਹਾਜ਼ਰ ਹੋਏ ਅਤੇ ਮੀਟਿੰਗ ਤੋਂ ਬਾਅਦ ਇਸ ਮਾਮਲੇ ਨੂੰ ਲੈਕੇ ਸ਼ਹਿਰ ਦੇ ਪ੍ਰਸ਼ਾਸਕ ਸਮੇਤ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਨੂੰ ਚਿੱਠੀ ਲਿਖੀ ਗਈ ਜਿਸ ਵਿੱਚ ਦੱਸਿਆ ਗਿਆ ਕਿ ਨਗਰ ਨਿਗਮ ਦੇ ਪਾਰਕਾਂ ਦੇ ਰੱਖ ਰਖਾਅ ਲਈ ਨੇਬਰਹੁੱਡ ਸਕੀਮ ਤਹਿਤ ਆਰਡਬਲਿਊਏਜ਼ ਵਲੋਂ ਸਾਰੇ ਪਾਰਕਾਂ ਸਮੇਤ ਆਸ-ਪਾਸ ਦੇ ਹੋਰ ਪਾਰਕਾਂ ਦੀ ਬਹੁਤ ਵਧੀਆ ਢੰਗ ਨਾਲ ਦੇਖਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਮੁੜ ਤੋਂ ਆਰਡਬਲਿਊਏਜ਼ ਨੂੰ ਇਲਾਕਾ ਕੌਂਸਲਰ ਤੋਂ ਸਹਿਮਤੀ ਲੈ ਕੇ ਦੁਬਾਰਾ ਨਵੇਂ ਸਮਝੌਤੇ ‘ਤੇ ਦਸਤਖਤ ਕਰਨ ਲਈ ਕਹਿਣਾ ਇੱਕ ਤਰ੍ਹਾਂ ਦਾ ਧੱਕਾ ‘ਤੇ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਆਰਡਬਲਿਊਏ ਨੂੰ ਨਗਰ ਨਿਗਮ ਨੇ ਸੁੰਦਰ ਰੱਖ-ਰਖਾਅ ਲਈ ਸਨਮਾਨਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਗਰ ਨਿਗਮ ਨੇ ਸਦਨ ਵਿੱਚ ਅਜਿਹਾ ਕੋਈ ਮਤਾ ਪਾਸ ਕੀਤਾ ਹੈ ਤਾਂ ਉਸ ਨੂੰ ਨਵੇਂ ਪਾਰਕਾਂ ਦੀ ਸਾਂਭ-ਸੰਭਾਲ ਲਈ ਹੀ ਵਰਤਿਆ ਜਾਵੇ।