‘ਪਰਿਵਾਰ ਬਚਾਓ ਯਾਤਰਾ’ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ: ਸੰਧਵਾਂ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਫਰਵਰੀ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਇਥੇ ਰਾਏਕੋਟ ਰੋਡ ਸਥਿਤ ਸਨਮਤੀ ਮਾਤਰੀ ਸੇਵਾ ਸਦਨ ਵਿੱਚ ਲਾਏ ਗਏ ਖੂਨਦਾਨ ਅਤੇ ਅੱਖਾਂ ਦੇ ਕੈਂਪ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੈਂਪ ਦਾ ਉਦਘਾਟਨ ਬਾਬਾ ਜੀਵਾ ਸਿੰਘ ਬੇਗਮਪੁਰਾ ਭੋਰਾ ਸਾਹਿਬ ਨਾਨਕਸਰ ਵਾਲਿਆਂ ਨੇ ਕੀਤਾ। ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਹੈ ਉਹ ਅਸਲ ’ਚ ਪਰਿਵਾਰ ਬਚਾਓ ਯਾਤਰਾ ਹੈ, ਜਿਹੜੀ ਬਾਦਲ ਪਰਿਵਾਰ ਦੇ ਬਚਾਅ ਲਈ ਕੱਢੀ ਜਾ ਰਹੀ ਹੈ। ਇਸ ਯਾਤਰਾ ਨਾਲ ਨਾ ਤਾਂ ਆਮ ਆਦਮੀ ਪਾਰਟੀ ਨੂੰ ਕੋਈ ਫਰਕ ਪੈਣਾ ਹੈ ਅਤੇ ਨਾ ਹੀ ਪੰਜਾਬ ’ਚ ਕਿਸੇ ਹੋਰ ਨੂੰ ਉੱਕਾ ਕੋਈ ਫਰਕ ਪੈਣ ਵਾਲਾ ਹੈ। ਇਥੋਂ ਤਕ ਕਿ ਯਾਤਰਾ ਕੱਢਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕੋਈ ਫਰਕ ਨਹੀਂ ਪੈਣਾ। ਲੱਖ ਯਤਨਾਂ ਦੇ ਬਾਵਜੂਦ ਲੋਕ ਇਸ ਪਾਰਟੀ ਨੂੰ ਮੂੰਹ ਨਹੀਂ ਲਾ ਰਹੇ। ਇਹੋ ਕਾਰਨ ਹੈ ਕਿ ਹੁਣ ਭਾਜਪਾ ਨਾਲ ਗੱਠਜੋੜ ਕਰਕੇ ਗੁਆਚੀ ਜ਼ਮੀਨ ਤਲਾਸ਼ਣ ਦਾ ਆਖ਼ਰੀ ਹੱਲਾ ਮਾਰਨ ਦੀ ਤਿਆਰ ਹੈ। ਲਾਲਾ ਲਾਜਪਤ ਰਾਏ ਦੇ ਜੱਦੀ ਸ਼ਹਿਰ ਜਗਰਾਉਂ ’ਚ ਉਨ੍ਹਾਂ ਦੀ ਯਾਦਗਾਰ ਬਣਾਉਣ ਬਾਰੇ ਪੁੱਛਣ ’ਤੇ ਸਪੀਕਰ ਨੇ ਕਿਹਾ ਕਿ ਇਸ ਸਬੰਧੀ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਵਿਧਾਨ ਸਭਾ ’ਚ ਸਵਾਲ ਰੱਖਿਆ ਸੀ। ਇਸ ਮੁੱਦੇ ’ਤੇ ਸੂਬਾ ਸਰਕਾਰ ਜਲਦ ਕੋਈ ਕਾਰਵਾਈ ਕਰੇਗੀ। ਲਾਇਨਜ਼ ਕਲੱਬ ਵੱਲੋਂ ਇਹ ਕੈਂਪ ਮਰਹੂਮ ਕੁਲਦੀਪ ਸਿੰਘ ਗਰੇਵਾਲ ਦੀ ਯਾਦ ’ਚ ਲਾਇਆ ਗਿਆ ਸੀ। ਇਸ ਮੌਕੇ ਸ਼ੰਕਰਾ ਆਈ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ 268 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ’ਚੋਂ 38 ਮਰੀਜ਼ ਅਪਰੇਸ਼ਨ ਲਈ ਚੁਣੇ ਗਏ। ਖੂਨਦਾਨ ਕੈਂਪ ’ਚ 45 ਯੂਨਿਟ ਖੂਨਦਾਨ ਕੀਤਾ ਗਿਆ।