For the best experience, open
https://m.punjabitribuneonline.com
on your mobile browser.
Advertisement

ਪੈਰਿਸ ਓਲੰਪਿਕ: ਭਾਰਤੀ ਹਾਕੀ ਟੀਮ ਦਾ ਮੁੱਖ ਡਿਫੈਂਡਰ ਅਮਿਤ ਰੋਹੀਦਾਸ ਨਹੀਂ ਖੇਡ ਸਕੇਗਾ ਸੈਮੀ ਫਾਈਨਲ ਮੈਚ

01:38 PM Aug 05, 2024 IST
ਪੈਰਿਸ ਓਲੰਪਿਕ  ਭਾਰਤੀ ਹਾਕੀ ਟੀਮ ਦਾ ਮੁੱਖ ਡਿਫੈਂਡਰ ਅਮਿਤ ਰੋਹੀਦਾਸ ਨਹੀਂ ਖੇਡ ਸਕੇਗਾ ਸੈਮੀ ਫਾਈਨਲ ਮੈਚ
ਗ੍ਰੇਟ ਬ੍ਰਿਟੇਨ ਖ਼ਿਲਾਫ਼ ਮੈਚ ਦੌਰਾਨ ਅਮਿਤ ਰੋਹੀਦਾਸ ਨੂੰ ਰੈੱਡ ਕਾਰਡ ਦਿਖਾਉਂਦਾ ਹੋਇਆ ਅੰਪਾਇਰ।
Advertisement

ਪੈਰਿਸ, 5 ਅਗਸਤ
ਭਾਰਤੀ ਹਾਕੀ ਟੀਮ ਦੇ ਮੁੱਖ ਡਿਫੈਂਡਰ ਅਮਿਤ ਰੋਹੀਦਾਸ ਨੂੰ ਗ੍ਰੇਟ ਬ੍ਰਿਟੇਨ ਖ਼ਿਲਾਫ਼ ਕੁਆਰਟਰ ਫਾਈਨਲ ਮੈਚ ਵਿੱਚ ਰੈੱਡ ਕਾਰਡ ਮਿਲਣ ਕਰ ਕੇ ਇਕ ਮੈਚ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਹ ਜਰਮਨੀ ਖ਼ਿਲਾਫ਼ ਮੰਗਲਵਾਰ ਨੂੰ ਹੋਣ ਵਾਲੇ ਓਲੰਪਿਕ ਸੈਮੀ ਫਾਈਨਲ ਵਿੱਚ ਨਹੀਂ ਖੇਡ ਸਕੇਗਾ। ਇਸ ਦਾ ਮਤਲਬ ਹੈ ਕਿ ਇਸ ਅਹਿਮ ਮੈਚ ਲਈ ਭਾਰਤ ਦੇ ਸਿਰਫ 15 ਖਿਡਾਰੀ ਹੀ ਹੋਣਗੇ ਜੋ ਕਿ ਅੱਠ ਵਾਰ ਦੇ ਓਲੰਪਿਕ ਚੈਂਪੀਅਨ ਲਈ ਕਰਾਰਾ ਝਟਕਾ ਹੈ। ਹਾਕੀ ਇੰਡੀਆ ਨੇ ਰੋਹੀਦਾਸ ਦੀ ਮੁਅੱਤਲੀ ਖ਼ਿਲਾਫ਼ ਪਹਿਲਾਂ ਹੀ ਅਪੀਲ ਦਾਇਰ ਕਰ ਦਿੱਤੀ ਹੈ ਜਿਸ ’ਤੇ ਐੱਫਆਈਐੱਚ ਦੀ ਇਕ ਜਿਊਰੀ ਫੈਸਲਾ ਲਵੇਗੀ।

Advertisement

ਮੈਚ ਦੌਰਾਨ ਅਮਿਤ ਰੋਹੀਦਾਸ ਦੀ ਸਟਿੱਕ ਲੱਗਣ ਤੋਂ ਬਾਅਦ ਡਿੱਗਦਾ ਹੋਇਆ ਬਰਤਾਨਵੀ ਖਿਡਾਰੀ ਵਿਲ ਕੈਲਨਾਨ।

ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਨੇ ਅਧਿਕਾਰਤ ਬਿਆਨ ਰਾਹੀਂ ਕਿਹਾ, ‘‘ਭਾਰਤ ਤੇ ਗ੍ਰੇਟ ਬ੍ਰਿਟੇਨ ਵਿਚਾਲੇ 4 ਅਗਸਤ ਨੂੰ ਖੇਡੇ ਗਏ ਮੈਚ ਦੌਰਾਨ ਅਮਿਤ ਰੋਹੀਦਾਸ ਨੂੰ ਐੱਫਆਈਐੱਚ ਆਦਰਸ਼ ਜ਼ਾਬਤੇ ਦੀ ਉਲੰਘਣਾ ਲਈ ਇਕ ਮੈਚ ਵਾਸਤੇ ਮੁਅੱਤਲ ਕਰ ਦਿੱਤਾ ਗਿਆ ਸੀ। ਬਿਆਨ ਮੁਤਾਬਕ, ‘‘ਮੁਅੱਤਲ ਦਾ ਅਸਰ ਮੈਚ ਨੰਬਰ 35 (ਜਰਮਨੀ ਖ਼ਿਲਾਫ਼ ਭਾਰਤ ਦਾ ਸੈਮੀ ਫਾਈਨਲ) ’ਤੇ ਪਵੇਗਾ, ਜਿਸ ਵਿੱਚ ਅਮਿਤ ਰੋਹੀਦਾਸ ਨਹੀਂ ਖੇਡੇਗਾ ਅਤੇ ਭਾਰਤ ਸਿਰਫ 15 ਖਿਡਾਰੀਆਂ ਦੀ ਟੀਮ ਨਾਲ ਖੇਡੇਗਾ।’’ ਰੋਹੀਦਾਸ ਨੂੰ ਗ੍ਰੇਟ ਬ੍ਰਿਟੇਨ ਖ਼ਿਲਾਫ਼ ਮੈਚ ’ਚ ਅੰਤਿਮ ਹੂਟਰ ਵਜਣ ਤੋਂ ਲਗਪਗ 40 ਮਿੰਟ ਪਹਿਲਾਂ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ ਸੀ ਕਿਉਂਕਿ ਉਸ ਦੀ ਸਟਿੱਕ ਅਨਜਾਣਪੁਣੇ ਵਿੱਚ ਇਕ ਵਿਰੋਧੀ ਖਿਡਾਰੀ ਦੇ ਲੱਗ ਗਈ ਸੀ। ਮੈਚ ਦੇ ਦੂਜੇ ਕੁਆਰਟਰ ਵਿੱਚ 31 ਸਾਲਾ ਰੋਹੀਦਾਸ ਮੈਦਾਨ ’ਤੇ ਵਿਲ ਕੈਲਨਾਨ ਨਾਲ ਬਹਿਸ ਪਿਆ ਸੀ। ਮੈਦਾਨੀ ਅੰਪਾਇਰ ਨੇ ਭਾਰਤੀ ਖਿਡਾਰੀ ਨੂੰ ਪਹਿਲਾਂ ਚਿਤਾਵਨੀ ਦਿੱਤੀ ਪਰ ਟੀਵੀ ਅੰਪਾਇਰ ਨੇ ਵੀਡੀਓ ਰੈਫਰਲ ਤੋਂ ਬਾਅਦ ਰੋਹੀਦਾਸ ਨੂੰ ਰੈੱਡ ਕਾਰਡ ਦੇ ਦਿੱਤਾ। -ਪੀਟੀਆਈ

Advertisement
Author Image

Advertisement
Advertisement
×