ਫਰਾਂਸ, 27 ਜੁਲਾਈਪੈਰਿਸ ਓਲੰਪਿਕ 2024 ਦੇ ਬੈਡਮਿੰਟਨ ਪੁਰਸ਼ ਸਿੰਗਲਜ਼ ਵਿਚ ਲਕਸ਼ੈ ਸੇਨ ਨੇ ਗੁਆਟੇਮਾਲਾ ਦੇ ਕੇਵਿਨ ਕੋਰਡਨ ਨੂੰ 21-8, 22-20 ਨਾਲ ਹਰਾਇਆ। ਉਸ ਨੇ ਗਰੁੱਪ ਮੈਚ ਵਿੱਚ ਕੇਵਿਨ ਕੋਰਡਨ ਨੂੰ ਸਿੱਧੇ ਸੈਟਾਂ ਨਾਲ ਹਰਾਇਆ। 22 ਸਾਲਾ ਸੇਨ ਨੇ 42 ਮਿੰਟ ਤੱਕ ਚੱਲੇ ਆਪਣੇ ਓਲੰਪਿਕ ਦੇ ਪਹਿਲੇ ਮੈਚ ਵਿੱਚ ਮੌਜੂਦਾ ਪੈਨ ਅਮਰੀਕੀ ਚੈਂਪੀਅਨ ਕੋਰਡਨ ਨੂੰ ਹਰਾਇਆ। 2022 ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜੇਤੂ ਅਤੇ 2021 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜੇਤੂ ਸੇਨ 29 ਜੁਲਾਈ ਨੂੰ ਆਪਣੇ ਦੂਜੇ ਗਰੁੱਪ ਮੈਚ ਵਿੱਚ ਬੈਲਜੀਅਮ ਦੇ ਜੂਲੀਅਨ ਕੈਰਾਗੀ ਨਾਲ ਮੁਕਾਬਲਾ ਕਰੇਗਾ। ਕੋਰਡਨ ਨੇ ਦੂਜੀ ਗੇਮ ਵਿੱਚ ਵਾਪਸੀ ਕੀਤੀ ਪਰ ਸੇਨ ਨੇ ਜੇਤੂ ਸ਼ੁਰੂਆਤ ਕੀਤੀ। ਸੇਨ ਨੇ ਪਹਿਲੀ ਗੇਮ ਸਿਰਫ਼ 14 ਮਿੰਟਾਂ ਵਿੱਚ ਆਸਾਨੀ ਨਾਲ ਆਪਣੇ ਨਾਂ ਕਰ ਲਈ। ਉਸ ਨੇ 5-0 ਦੀ ਲੀਡ ਲੈ ਲਈ।ਪੈਰਿਸ ਓਲੰਪਿਕ ਦੇ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸੇਨ ਦੀ ਜੋੜੀ ਨੇ ਅੱਜ ਇੱਥੇ ਪੁਰਸ਼ ਡਬਲਜ਼ ਦੇ ਪਹਿਲੇ ਗੇੜ ’ਚ ਸੌਖੀ ਜਿੱਤ ਹਾਸਲ ਕੀਤੀ। ਏਸ਼ਿਆਈ ਖੇਡਾਂ ਦੇ ਮੌਜੂਦਾ ਚੈਂਪੀਅਨ ਸਾਤਵਿਕ-ਚਿਰਾਗ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੇ ਗਰੁੱਪ ‘ਸੀ’ ਦੇ ਮੈਚ ਵਿੱਚ ਫਰਾਂਸ ਦੇ ਲੁਕਾਸ ਕੋਰਵੀ ਅਤੇ ਰੋਨਾਨ ਲਾਬਾਰ ਦੀ ਜੋੜੀ ਨੂੰ 21-17, 21-14 ਨਾਲ ਹਰਾਇਆ। ਸਾਤਵਿਕ ਅਤੇ ਚਿਰਾਗ ਸੋਮਵਾਰ ਨੂੰ ਆਪਣੇ ਦੂਜੇ ਮੈਚ ਵਿੱਚ ਜਰਮਨੀ ਦੇ ਮਾਰਕ ਲੈਮਸਫਸ ਅਤੇ ਮਾਰਵਿਨ ਸੀਡੇਲ ਨਾਲ ਭਿੜਨਗੇ। ਫਰਾਂਸ ਦੀ ਜੋੜੀ ਨੇ ਪਹਿਲੀ ਗੇਮ ਵਿੱਚ ਭਾਰਤੀਆਂ ਨੂੰ ਸਖ਼ਤ ਟੱਕਰ ਦਿੱਤੀ ਪਰ ਸਾਤਵਿਕ ਅਤੇ ਚਿਰਾਗ ਨੇ ਮੈਚ ਵਿੱਚ ਜ਼ਿਆਦਾਤਰ ਰੈਲੀਆਂ ਜਿੱਤ ਕੇ ਮੈਚ ਆਪਣੇ ਨਾਮ ਕੀਤਾ। -ਪੀਟੀਆਈ