ਪੈਰਿਸ ਓਲੰਪਿਕ: ਸਰਬਜੋਤ ਸਿੰਘ ਦੇ ਘਰ ਲੱਗੀਆਂ ਰੌਣਕਾਂ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 30 ਜੁਲਾਈ
ਪੈਰਿਸ ਓਲੰਪਿਕ ਵਿੱਚ ਅੱਜ ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਵੱਲੋਂ 10 ਮੀਟਰ ਏਅਰ ਪਿਸਟਲ ਮਿਕਸ ਟੀਮ ਮੁਕਾਬਲੇ ’ਚ ਕਾਂਸੀ ਦਾ ਤਗਮਾ ਜਿੱਤਣ ਮਗਰੋਂ ਦੋਵੇਂ ਖਿਡਾਰੀਆਂ ਦੇ ਘਰਾਂ ਵਿੱਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਅੰਬਾਲਾ ਕੈਂਟ ਵਿੱਚ ਸਰਬਜੋਤ ਦੇ ਘਰ ਵਿੱਚ ਜਸ਼ਨ ਦਾ ਮਾਹੌਲ ਹੈ। ਅੰਬਾਲਾ ਛਾਉਣੀ ਦੇ ਫੀਨਿਕਸ ਕਲੱਬ ਸਥਿਤ ਏਆਰ ਸ਼ੂਟਿੰਗ ਅਕੈਡਮੀ ਵਿੱਚ ਅੱਜ ਸਵੇਰ ਤੋਂ ਹੀ ਖਿਡਾਰੀ ਬੜੀ ਉਤਸੁਕਤਾ ਨਾਲ ਮੈਚ ਦੇਖਣ ਲਈ ਬੈਠੇ ਸਨ। ਇਸ ਦੌਰਾਨ ਸਰਬਜੋਤ ਦੇ ਪਿਤਾ ਜਤਿੰਦਰ ਸਿੰਘ ਵੀ ਮੌਜੂਦ ਸਨ। ਜਿਵੇਂ ਹੀ ਸਰਬਜੋਤ ਨੇ ਜਿੱਤ ਵੱਲ ਨਿਸ਼ਾਨਾ ਸੇਧਿਆ ਤਾਂ ਖਿਡਾਰੀਆਂ ਦੀਆਂ ਤਾੜੀਆਂ ਨਾਲ ਹਾਲ ਗੂੰਜ ਉਠਿਆ। ਪੈਰਿਸ ਓਲੰਪਿਕ ਵਿਚ 10 ਮੀਟਰ ਏਅਰ ਪਿਸਟਲ ਮਿਕਸ ਸ਼ੂਟਿੰਗ ਮੁਕਾਬਲੇ ਵਿੱਚ ਜਿੱਤ ਦਰਜ ਕਰ ਕੇ ਅੰਬਾਲਾ ਦੇ ਸਰਬਜੋਤ ਅਤੇ ਝੱਜਰ ਦੀ ਮਨੂ ਭਾਕਰ ਨੇ ਨਾ ਸਿਰਫ ਹਰਿਆਣਾ ਸਗੋਂ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਸਰਬਜੋਤ ਦੇ ਪਿਤਾ ਜਤਿੰਦਰ ਸਿੰਘ ਵਾਸੀ ਧੀਨ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਉਸ ਦਾ ਪੁੱਤਰ ਦੇਸ਼ ਦਾ ਨਾਂ ਰੌਸ਼ਨ ਕਰੇਗਾ ਅਤੇ ਇਸ ਵਾਰ ਤਗਮਾ ਜ਼ਰੂਰ ਆਵੇਗਾ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦਾ ਪੁੱਤਰ ਕਦੇ ਵੀ ਖ਼ਾਲੀ ਹੱਥ ਨਹੀਂ ਪਰਤਿਆ ਅਤੇ ਅੱਜ ਵੀ ਉਸ ਨੇ ਤਗਮਾ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਉਨ੍ਹਾਂ ਨੇ ਸਰਬਜੋਤ ਦਾ ਕੋਈ ਮੈਚ ਨਹੀਂ ਦੇਖਿਆ। ਅੱਜ ਵੀ ਮੈਚ ਸ਼ੁਰੂ ਹੁੰਦੇ ਹੀ ਉਹ ਸ਼ੂਟਿੰਗ ਰੇਂਜ ਦੇ ਦੂਜੇ ਕਮਰੇ ਵਿੱਚ ਬੈਠ ਕੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਰਿਹਾ।
ਪਿਤਾ ਜਤਿੰਦਰ ਸਿੰਘ ਨੇ ਕਿਹਾ ਕਿ ਅੰਬਾਲਾ ਪਹੁੰਚਣ ’ਤੇ ਸਰਬਜੋਤ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਮੱਥਾ ਟੇਕਣ ਜਾਣਾ ਸੀ ਪਰ ਪਿੰਡੋਂ ਫੋਨ ਆਇਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਉਣਾ ਹੈ। ਇਸ ਲਈ ਉਹ ਪਿੰਡ ਚਲੇ ਗਏ। ਬਰਾੜਾ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਵਧਾਈ ਦੇਣ ਆ ਰਹੇ ਹਨ। ਸਰਬਜੋਤ ਦੇ ਕੋਚ ਗੌਰਵ ਸੈਣੀ ਨੇ ਦੱਸਿਆ ਕਿ ਜਦੋਂ ਤੋਂ ਸਰਬਜੋਤ ਸ਼ੂਟਿੰਗ ਦੀ ਤਿਆਰੀ ਲਈ ਅੰਬਾਲਾ ਆਇਆ ਹੈ, ਉਸ ਦੀ ਲਗਨ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਇਕ ਦਿਨ ਦੇਸ਼ ਦਾ ਨਾਂ ਰੌਸ਼ਨ ਕਰੇਗਾ। ਅੱਜ ਉਨ੍ਹਾਂ ਲਈ ਮਾਣ ਵਾਲਾ ਦਿਨ ਹੈ।