ਪੈਰਿਸ ਓਲੰਪਿਕ ਖੇਡਾਂ ਦਾ ਆਗ਼ਾਜ਼ ਅੱਜ ਤੋਂ
ਪੈਰਿਸ, 25 ਜੁਲਾਈ
ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਪੈਰਿਸ ਓਲੰਪਿਕਸ-2024 ਦੇ ਮਹਾਂਕੁੰਭ ਦਾ ਆਗਾਜ਼ ਸ਼ੁੱਕਰਵਾਰ ਨੂੰ ਫਰਾਂਸ ਦੀ ਇਸ ਰਾਜਧਾਨੀ ਵਿਚ ਸੀਨ ਨਦੀ ’ਤੇ ਉਦਘਾਟਨੀ ਸਮਾਗਮ ਨਾਲ ਹੋਵੇਗਾ। ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਅਤੇ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਇਸ ਉਦਘਾਟਨੀ ਸਮਾਗਮ ਵਿੱਚ ਭਾਰਤ ਦੇ ਝੰਡਾਬਰਦਾਰ ਹੋਣਗੇ। ਦੋਵਾਂ ਨੇ ਇਨ੍ਹਾਂ ਯਾਦਗਾਰੀ ਪਲਾਂ ਲਈ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਹਨ। ਸ਼ਰਤ ਕਮਲ ਦੀਆਂ ਇਹ ਪੰਜਵੀਆਂ ਓਲੰਪਿਕ ਖੇਡਾਂ ਹਨ। ਪਹਿਲੀ ਵਾਰ ਟੇਬਲ ਟੈਨਿਸ ਖਿਡਾਰੀ ਨੂੰ ਝੰਡਾਬਰਦਾਰ ਨਿਯੁਕਤ ਕੀਤਾ ਗਿਆ ਹੈ ਅਤੇ ਸੀਨ ਨਦੀ ’ਤੇ ਉਦਘਾਟਨ ਸਮਾਰੋਹ ਵਿੱਚ ਟੀਮ ਦੀ ਅਗਵਾਈ ਕਰਨ ’ਤੇ ਉਸ ਨੂੰ ਮਾਣ ਹੈ। ਗਗਨ ਨਾਰੰਗ ਨੂੰ 117 ਮੈਂਬਰੀ ਭਾਰਤੀ ਦਲ ਦਾ ਮੁਖੀ ਬਣਾਇਆ ਗਿਆ ਹੈ। ਦੁਨੀਆਂ ਦੇ ਬਾਕੀ ਅਥਲੀਟਾਂ ਵਾਂਗ ਭਾਰਤ ਦੇ 117 ਖਿਡਾਰੀ ਵੀ ਭਲਕੇ ਤੋਂ ਪੈਰਿਸ ਓਲੰਪਿਕ ਖੇਡਾਂ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਤਿਆਰ ਹਨ ਜਿੱਥੇ ਉਨ੍ਹਾਂ ਦਾ ਟੀਚਾ ਤਗ਼ਮਿਆਂ ਦੀ ਗਿਣਤੀ ਦਹਾਈ ਅੰਕ ਤੱਕ ਪਹੁੰਚਾਉਣਾ ਰਹੇਗਾ। ਭਾਰਤ ਨੇ ਟੋਕੀਓ ਓਲੰਪਿਕ ਵਿੱਚ ਸੱਤ ਤਗ਼ਮੇ ਜਿੱਤੇ ਸਨ। ਇਹ ਭਾਰਤ ਦਾ ਓਲੰਪਿਕ ਖੇਡਾਂ ਵਿੱਚ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ। ਹਾਲਾਂਕਿ, ਭਾਰਤੀ ਅਥਲੀਟਾਂ ਲਈ ਟੋਕੀਓ ਤਗ਼ਮਿਆਂ ਦੀ ਬਰਾਬਰੀ ਕਰਨਾ ਸੌਖਾ ਕੰਮ ਨਹੀਂ ਹੋਵੇਗਾ ਕਿਉਂਕਿ ਜੈਵਲਿਨ ਥਰੋਅ ਵਿੱਚ ਮੌਜੂਦਾ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਤੋਂ ਇਲਾਵਾ ਕੋਈ ਹੋਰ ਖਿਡਾਰੀ ਤਗ਼ਮੇ ਦਾ ਮਜ਼ਬੂਤ ਦਾਅਵੇਦਾਰ ਨਹੀਂ ਹੈ।
ਭਾਰਤ ਦੀ 117 ਮੈਂਬਰੀ ਟੀਮ ਵਿੱਚ ਅੱਧੇ ਖਿਡਾਰੀ ਤਿੰਨ ਖੇਡਾਂ ਅਥਲੈਟਿਕਸ (29), ਨਿਸ਼ਾਨੇਬਾਜ਼ੀ (21) ਅਤੇ ਹਾਕੀ (19) ਵਿੱਚ ਹਿੱਸਾ ਲੈ ਰਹੇ ਹਨ। ਇਨ੍ਹਾਂ 69 ਖਿਡਾਰੀਆਂ ਵਿੱਚੋਂ 40 ਖਿਡਾਰੀ ਪਹਿਲੀ ਵਾਰ ਓਲੰਪਿਕ ਖੇਡਣਗੇ। ਭਾਰਤੀ ਦਲ ਵਿੱਚ ਕੁੱਝ ਤਜਰਬੇਕਾਰ ਖਿਡਾਰੀ ਵੀ ਹਨ ਜਿਨ੍ਹਾਂ ਨੂੰ ਆਪਣੀ ਖੇਡ ’ਚ ਹੋਰ ਸੁਧਾਰ ਕਰਨ ਦੀ ਲੋੜ ਹੈ। ਇਨ੍ਹਾਂ ਵਿੱਚ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ, ਟੈਨਿਸ ਖਿਡਾਰੀ ਰੋਹਨ ਬੋਪੰਨਾ, ਟੇਬਲ ਟੈਨਿਸ ਦੇ ਸ਼ਰਤ ਕਮਲ ਅਤੇ ਹਾਕੀ ਗੋਲਕੀਪਰ ਪੀਆਰ ਸ੍ਰੀਜੇਸ਼ ਵੀ ਸ਼ਾਮਲ ਹਨ। ਹਾਕੀ ਟੀਮ ਦੀ ਓਲੰਪਿਕ ਖੇਡਾਂ ਤੋਂ ਪਹਿਲਾਂ ਲੈਅ ਖਾਸ ਨਹੀਂ ਰਹੀ, ਜਦਕਿ ਮੁੱਕੇਬਾਜ਼ਾਂ ਅਤੇ ਪਹਿਲਵਾਨਾਂ ਨੂੰ ਟੂਰਨਾਮੈਂਟਾਂ ਵਿੱਚ ਮੁਕਾਬਲਿਆਂ ਦਾ ਘੱਟ ਮੌਕਾ ਮਿਲਿਆ ਹੈ। ਨਿਸ਼ਾਨੇਬਾਜ਼ਾਂ ਦਾ ਪ੍ਰਦਰਸ਼ਨ ਵੀ ਠੀਕ-ਠੀਕ ਰਿਹਾ ਹੈ। ਭਾਰਤ ਦੀਆਂ ਤਗ਼ਮਿਆਂ ਦੀਆਂ ਉਮੀਦਾਂ ਨੀਰਜ ਤੇ ਚਿਰਾਗ ਸ਼ੈਟੀ ਅਤੇ ਸਾਤਵਿਕਸਾਈਰਾਜ ਰੰਕੀਰੈਡੀ ਦੀ ਲੈਅ ਵਿੱਚ ਚੱਲ ਰਹੀ ਬੈਡਮਿੰਟਨ ਜੋੜੀ ’ਤੇ ਟਿਕੀਆਂ ਹਨ। ਨੀਰਜ ਚੋਪੜਾ ਕੋਲ ਲਗਾਤਾਰ ਦੋ ਓਲੰਪਿਕ ਖੇਡਾਂ ਵਿੱਚ ਤਗ਼ਮਾ ਜਿੱਤਣ ਵਾਲਾ ਤੀਸਰਾ ਭਾਰਤੀ ਖਿਡਾਰੀ ਬਣਨ ਦਾ ਸ਼ਾਨਦਾਰ ਮੌਕਾ ਹੈ। -ਪੀਟੀਆਈ
‘ਓਲੰਪਿਕ ਵਿੱਚ ਝੰਡਾਬਰਦਾਰ ਬਣਨ ’ਤੇ ਬਹੁਤ ਮਾਣ’
ਪੈਰਿਸ:
ਓਲੰਪਿਕ ਵਿੱਚ ਦੋ ਵਾਰ ਤਗ਼ਮਾ ਜੇਤੂ ਅਤੇ 2019 ਦੀ ਵਿਸ਼ਵ ਚੈਪੀਅਨ ਪੀਵੀ ਸਿੰਧੂ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਨਾਲ ਭਾਰਤ ਦੀ ਮਹਿਲਾ ਝੰਡਾਬਰਦਾਰ ਹੋਵੇਗੀ। ਸਮਾਗਮ ਦੀ ਪੂਰਬਲੀ ਸੰਧਿਆ ’ਤੇ ਸ਼ਰਤ ਕਮਲ ਨੇ ਕਿਹਾ ਕਿ ਉਹ ਤਿੰਨ-ਚਾਰ ਮਹੀਨਿਆਂ ਤੋਂ ਇਸ ‘ਸ਼ਾਨਦਾਰ ਪਲ’ ਦਾ ਸੁਫਨਾ ਦੇਖ ਰਿਹਾ ਸੀ। ਪੀਵੀ ਸਿੰਧੂ ਨੇ ਕਿਹਾ ਕਿ ਇਹ ਸਾਡੇ ਦੋਵਾਂ ਲਈ ਮਾਣ ਵਾਲਾ ਪਲ ਹੋਵੇਗਾ।
ਉਨ੍ਹਾਂ ਕਿਹਾ, ‘‘ਮੈਂ ਅਤੇ ਸ਼ਰਤ ਕਮਲ ਉਦਘਾਟਨੀ ਸਮਾਗਮ ਦੌਰਾਨ ਝੰਡਾ ਲੈ ਕੇ ਚੱਲਾਂਗੇ। ਇਹ ਸਾਡੇ ਦੋਵਾਂ ਲਈ ਮਾਣ ਵਾਲਾ ਪਲ ਹੈ ਅਤੇ ਕਿਸੇ ਲਈ ਝੰਡਾਬਰਦਾਰ ਬਣਨਾ ਅਤੇ ਖਾਸ ਕਰ ਓਲੰਪਿਕ ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਇੱਕ ਵਾਰ ਮਿਲਣ ਵਾਲਾ ਮੌਕਾ ਹੈ।’’ -ਪੀਟੀਆਈ