ਪਰਿਨੀਤੀ ਨੇ ਰਾਘਵ ਦੇ ਰਾਜ ਸਭਾ ਸੰਬੋਧਨ ਦੀ ਵੀਡੀਓ ਕੀਤੀ ਸਾਂਝੀ
ਲੰਡਨ:
ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਨੂੰ ਆਪਣੇ ਪਤੀ ਰਾਜ ਸਭਾ ਮੈੈਂਬਰ ਰਾਘਵ ਚੱਢਾ ਤੋਂ ਦੂਰ ਲੰਡਨ ਵਿੱਚ ਰਹਿਣਾ ਪੈ ਰਿਹਾ ਹੈ। ਉਸ ਨੇ ਇੰਸਟਾਗ੍ਰਾਮ ’ਤੇ ਅੱਜ ਰਾਘਵ ਨੂੰ ਸੰਸਦ ਵਿੱਚ ਸੰਬੋਧਨ ਕਰਦਿਆਂ ਦੇਖ ਕੇ ਉਨ੍ਹਾਂ ਦੀ ਵੀਡੀਓ ਸਾਂਝੀ ਕੀਤੀ। ਉਸ ਨੇ ਕਿਹਾ, ‘‘ਸ਼ੋਅ ਅਤੇ ਫਿਲਮਾਂ ਦੇਖਣ ਤੋਂ ਲੈ ਕੇ ਸੰਸਦ ਟੀਵੀ ’ਤੇ ਇਜਲਾਸ ਦੇਖਣ ਤੱਕ ਦਾ ਸਫਰ। ਕਿਸ ਨੂੰ ਪਤਾ ਸੀ ਕਿ ਅਜਿਹਾ ਹੋਵੇਗਾ? ਉਸ ਨੂੰ ਇੰਨੀ ਦੂਰ ਤੋਂ ਲਾਈਵ ਦੇਖਣ ਦਾ ਇਹੋ ਇੱਕ ਤਰੀਕਾ ਹੈ। ਮੀਲਾਂ ਦੂਰ, ਲੰਮੀਆਂ ਦੂਰੀਆਂ।’’ ਪਿਛਲੇ ਹਫਤੇ ਅਦਾਕਾਰਾ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵੱਲੋਂ ਸੰਸਦ ਵਿੱਚ ਫਿਲਮ ਪਾਇਰੇਸੀ ਦਾ ਮੁੱਦਾ ਉਠਾਉਣ ’ਤੇ ਉਸ ਦੀ ਸ਼ਲਾਘਾ ਕੀਤੀ ਸੀ। ਰਾਘਵ ਨੇ ਰਾਜ ਸਭਾ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਸੀ ਕਿ ਕੋਵਿਡ-19 ਤੋਂ ਬਾਅਦ ਸਿਨੇਮਾ ਅਤੇ ਓਟੀਟੀ ਮੰਚਾਂ ’ਤੇ ਪਾਇਰੇਸੀ ਵਿੱਚ 62 ਫੀਸਦ ਵਾਧਾ ਹੋਇਆ ਹੈ ਅਤੇ ਇਸ ਨੂੰ ਰੋਕਣ ਦੀ ਲੋੜ ਹੈ। ਰਾਘਵ ਦੇ ਇਸ ਸੰਬੋਧਨ ਤੋਂ ਬਾਅਦ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਸੀ, ‘‘ਉਨ੍ਹਾਂ (ਰਾਘਵ) ਨੂੰ ਫਿਲਮੀ ਦੁਨੀਆ ਬਾਰੇ ਜ਼ਿਆਦਾ ਪਤਾ ਹੈ। ਹਾਲ ਹੀ ਵਿੱਚ ਉਨ੍ਹਾਂ ਨੂੰ ਇਸ ਦਾ ਤਜਰਬਾ ਹੋਇਆ ਹੈ।’’ -ਏਐੱਨਆਈ