ਬੱਚੇ ਦਾ ਇਲਾਜ ਕਰਾਉਣ ਤੋਂ ਮੁਥਾਜ਼ ਹੋਏ ਮਾਪੇ
ਬਲਜੀਤ ਸਿੰਘ
ਸਰਦੂਲਗੜ੍ਹ 19 ਅਗਸਤ
ਇੱਥੋਂ ਦੇ ਪਿੰਡ ਭੰਮੇ ਕਲਾਂ ਦੇ ਦਲਿਤ ਪਰਿਵਾਰ ਗੁਰਸੇਵਕ ਸਿੰਘ ਪੁੱਤਰ ਮਹਿੰਦਰ ਸਿੰਘ ਦਾ ਦੋ ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀ। ਇਸ ਦੌਰਾਨ ਉਨ੍ਹਾਂ ਉਨ੍ਹਾਂ ਦਾ ਸਾਲ ਕੁ ਦਾ ਪੁੱਤਰ ਮਨਮੀਤ ਸਿੰਘ ਜ਼ਖ਼ਮੀ ਹੋ ਗਿਆ। ਜਿਸ ਦਾ ਚੰਡੀਗੜ੍ਹ ਤੋਂ ਇਲਾਜ ਕਰਵਾਇਆ ਗਿਆ ਜੋ ਅੱਜ ਵੀ ਲਗਾਤਾਰ ਚੱਲ ਰਿਹਾ ਹੈ। ਮਨਮੀਤ ਹੁਣ ਤਿੰਨ ਸਾਲ ਦਾ ਹੋ ਚੁੱਕਿਆ ਹੈ। ਉਸ ਦੇ ਸਿਰ ਦੇ ਦੋ ਅਪਰੇਸ਼ਨ ਹੋ ਚੁੱਕੇ ਹਨ। ਹੁਣ ਤੱਕ ਉਨ੍ਹਾਂ ਦਾ ਢਾਈ ਤੋਂ ਤਿੰਨ ਲੱਖ ਰੁਪਿਆ ਖਰਚਾ ਆ ਚੁੱਕਿਆ ਹੈ। ਗੁਰਸੇਵਕ ਸਿੰਘ ਦੀ ਮਾਤਾ ਤੇ ਮਨਮੀਤ ਦੀ ਦਾਦੀ ਕੁਲਵੰਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਪਸ਼ੂ ਡੰਗਰ, ਗਹਿਣਾ ਗੱਟਾ ਸਭ ਕੁਝ ਵਿਕ ਚੁੱਕਿਆ ਹੈ ਅਤੇ ਪਿੰਡ ਦੇ ਕੁਝ ਜ਼ਿਮੀਂਦਾਰਾਂ ਅਤੇ ਆਪਣੇ ਰਿਸ਼ਤੇਦਾਰਾਂ ਤੋਂ ਵੀ ਉਨ੍ਹਾਂ ਨੇ ਉਧਾਰ ਪੈਸੇ ਫੜ ਕੇ ਆਪਣੇ ਪੋਤੇ ਨੂੰ ਬਚਾਉਣ ਲਈ ਲਗਾ ਦਿੱਤੇ ਪਰ ਅਜੇ ਤੱਕ ਉਨ੍ਹਾਂ ਦਾ ਪੋਤਾ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਿਆ। ਬੱਚੇ ਮਨਮੀਤ ਸਿੰਘ ਨੂੰ ਪਾਈਪ ਰਾਹੀਂ ਹੀ ਖੁਰਾਕ ਦਿੱਤੀ ਜਾ ਰਹੀ ਹੈ ਅਤੇ ਪੰਪ ਲਗਾ ਕੇ ਉਸ ਦੇ ਅੰਦਰ ਬਣਨ ਵਾਲੀ ਬਲਗਮ ਬਾਹਰ ਕੱਢੀ ਜਾ ਰਹੀ ਹੈ। ਪਰਿਵਾਰ ਨੇ ਸਮਾਜ ਸੇਵੀਆਂ ਨੂੰ ਗੁਹਾਰ ਲਾਈ ਹੈ।