For the best experience, open
https://m.punjabitribuneonline.com
on your mobile browser.
Advertisement

ਦੁਬਈ ਵਿੱਚ ਫਸੇ ਨੌਜਵਾਨਾਂ ਦੇ ਮਾਪੇ ਸੰਤ ਸੀਚੇਵਾਲ ਨੂੰ ਮਿਲੇ

09:02 AM Jul 01, 2024 IST
ਦੁਬਈ ਵਿੱਚ ਫਸੇ ਨੌਜਵਾਨਾਂ ਦੇ ਮਾਪੇ ਸੰਤ ਸੀਚੇਵਾਲ ਨੂੰ ਮਿਲੇ
ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਮੰਗ ਪੱਤਰ ਦਿੰਦੇ ਹੋਏ ਦੁਬਈ ਦੀ ਜੇਲ੍ਹ ਵਿੱਚ ਬੰਦ ਨੌਜਵਾਨਾਂ ਦੇ ਮਾਪੇ।
Advertisement

ਪੱਤਰ ਪ੍ਰੇਰਕ
ਜਲੰਧਰ, 30 ਜੂਨ
ਦੁਬਈ ਦੀ ਜੇਲ੍ਹ ਵਿੱਚ ਪਿਛਲੇ ਡੇਢ ਸਾਲ ਤੋਂ ਫਸੇ ਪੰਜਾਬ ਦੇ 17 ਨੌਜਵਾਨਾਂ ਦੇ ਪਰਿਵਾਰਾਂ ਨੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚ ਕਰ ਕੇ ਨੌਜਵਾਨਾਂ ਨੂੰ ਵਾਪਸ ਲਿਆਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ 14 ਦੇ ਕਰੀਬ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਕੇਸ ਬਾਰੇ ਕੋਈ ਵੀ ਸਹੀ ਜਾਣਕਾਰੀ ਨਹੀਂ ਮਿਲ ਰਹੀ। ਪੀੜਤ ਪਰਿਵਾਰਾਂ ਨੂੰ ਸੰਤ ਸੀਚੇਵਾਲ ਨੇ ਭਰੋਸਾ ਦਿੱਤਾ ਕਿ ਉਹ ਨੌਜਵਾਨਾਂ ਦਾ ਮਸਲਾ ਵਿਦੇਸ਼ ਮੰਤਰਾਲੇ ਕੋਲ ਉਠਾਉਣਗੇ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਗੇ।
ਜ਼ਿਕਰਯੋਗ ਹੈ ਕਿ ਇਨ੍ਹਾਂ ਨੌਜਵਾਨਾਂ ਵਿੱਚ ਜਲੰਧਰ ਜ਼ਿਲ੍ਹੇ ਦੇ 6, ਕਪੂਰਥਲਾ, ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਦੇ 3-3 ਨੌਜਵਾਨ ਜਦ ਕਿ ਗੁਰਦਾਸਪੁਰ, ਅੰਮ੍ਰਿਤਸਰ ਤੇ ਚੰਡੀਗੜ੍ਹ ਦੇ 1-1 ਨੌਜਵਾਨ ਸ਼ਾਮਲ ਹਨ। ਦੁਬਈ ਵਿੱਚ ਫਸੇ ਗੌਰਵ ਕੁਮਾਰ ਦੇ ਭਰਾ ਰਵੀਕਾਂਤ ਨੇ ਦੱਸਿਆ ਕਿ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਏ ਗੌਰਵ ਨੂੰ ਨਹੀਂ ਪਤਾ ਸੀ ਕਿ ਉੱਥੇ ਹੋਏ ਝਗੜੇ ਵਿੱਚ ਉਹ ਇਸ ਤਰ੍ਹਾਂ ਫਸ ਜਾਵੇਗਾ। ਰਵੀਕਾਂਤ ਨੇ ਕਿਹਾ ਕਿ ਉਨ੍ਹਾਂ ਦੀ ਇੰਨੀ ਸਮਰੱਥਾ ਨਹੀਂ ਕਿ ਉਹ ਦੁਬਈ ’ਚ ਵਕੀਲ ਕਰ ਕੇ ਗੌਰਵ ਦੇ ਕੇਸ ਦੀ ਪੈਰਵਾਈ ਕਰਵਾ ਸਕਣ।
ਇਨ੍ਹਾਂ ਨੌਜਵਾਨਾਂ ਵਿੱਚ ਫਸੇ ਪਰਜੀਆਂ ਕਲਾਂ ਦੇ ਹਰਪ੍ਰੀਤ ਸਿੰਘ ਦੀ ਭੈਣ ਨੇ ਦੱਸਿਆ ਕਿ ਉਨ੍ਹਾਂ ਨੂੰ ਡੇਢ ਮਹੀਨੇ ਪਹਿਲਾਂ ਦੁਬਈ ਤੋਂ ਫੋਨ ਆਇਆ ਸੀ ਕਿ ਉਹ ਉਸ ਦੇ ਭਰਾ ਨੂੰ ਛੁਡਵਾ ਦੇਣਗੇ, ਉਸ ਦੇ ਬਦਲੇ ਉਨ੍ਹਾਂ ਨੂੰ ਇੱਕ ਲੱਖ ਰੁਪਏ ਦੇਣੇ ਪੈਣਗੇ। ਦੀਪਕ ਦੇ ਪਿਤਾ ਰਾਮ ਲੁਭਾਇਆ ਨੇ ਦੱਸਿਆ ਕਿ ਇੱਕ ਤਾਂ ਉਹ ਆਪਣੇ ਪੁੱਤਰ ਦੇ ਫਸ ਜਾਣ ਕਾਰਨ ਦੁਖੀ ਹਨ, ਦੂਜਾ ਉਨ੍ਹਾਂ ਨੂੰ ਅਜਿਹੇ ਫਰਜ਼ੀ ਫੋਨ ਆ ਰਹੇ ਹਨ, ਜਿਨ੍ਹਾਂ ਵਿੱਚ ਫੋਨ ਕਰਨ ਵਾਲੇ ਦਾਅਵਾ ਕਰ ਰਹੇ ਹਨ,‘‘ਤੁਸੀ ਪੈਸੇ ਦਿਓ ਅਸੀਂ ਤੁਹਾਡੇ ਲੜਕੇ ਨੂੰ ਛੁਡਵਾ ਦਿਆਂਗੇ।’’ ਫਗਵਾੜੇ ਤੋਂ ਆਏ ਹਰਮੇਸ਼ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹਰਦੀਪ ਕੁਮਾਰ ਦੁਬਈ ਵਿੱਚ ਟੂਰਿਸਟ ਵੀਜ਼ੇ ’ਤੇ ਆਪਣੇ ਦੋਸਤ ਨੂੰ ਮਿਲਣ ਗਿਆ ਸੀ। ਪੁਲੀਸ ਛਾਪੇ ਵਿੱਚ ਹਰਦੀਪ ਕੁਮਾਰ ਵੀ ਫੜਿਆ ਗਿਆ ਸੀ।

Advertisement

Advertisement
Author Image

sukhwinder singh

View all posts

Advertisement
Advertisement
×