ਪਾਕਿ ’ਚ ਗ੍ਰਿਫ਼ਤਾਰ ਪੰਜਾਬੀ ਨੌਜਵਾਨਾਂ ਦੇ ਮਾਪਿਆਂ ਨੇ ਤਸਕਰੀ ਦੇ ਦੋਸ਼ ਨਕਾਰੇ
ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਜਲੰਧਰ, 23 ਅਗਸਤ
ਪਾਕਿ ਰੇਂਜਰਾਂ ਵੱਲੋਂ ਨਸ਼ਾ ਤਸਕਰੀ ਦੇ ਦੋਸ਼ ਹੇਠ ਰਤਨਪਾਲ ਸਿੰਘ ਅਤੇ ਹਰਵਿੰਦਰ ਸਿੰਘ (ਦੋਵੇਂ ਉਮਰ 24) ਨੂੰ ਗ੍ਰਿਫ਼ਤਾਰ ਕਰਨ ਦੀਆਂ ਖ਼ਬਰਾਂ ਮਗਰੋਂ ਦੋਵਾਂ ਦੇ ਪਰਿਵਾਰ ਫਿਕਰਮੰਦ ਹਨ। ਦੋਵੇਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਰੇਤ ਦੇ ਟਿੱਪਰ ਡਰਾਈਵਰ ਵਜੋਂ ਕੰਮ ਕਰਦੇ ਸਨ ਅਤੇ ਦੋਵਾਂ ਖ਼ਿਲਾਫ਼ ਸਥਾਨਕ ਪੱਧਰ ’ਤੇ ਨਸ਼ਾ ਤਸਕਰੀ ਸਬੰਧੀ ਕੋਈ ਕੇਸ ਦਰਜ ਨਹੀਂ ਹੈ। ਪਰਿਵਾਰ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਚੰਦੀਵਾਲਾ ਵਿੱਚ ਹੜ੍ਹ ਪ੍ਰਭਾਵਿਤ ਹਰਵਿੰਦਰ ਦੇ ਚਚੇਰੇ ਭਰਾ ਦੀ ਮਦਦ ਲਈ ਗਏ ਸਨ ਅਤੇ 27 ਜੁਲਾਈ ਨੂੰ ਪਾਕਿਸਤਾਨ ਵਾਲੇ ਪਾਸੇ ਰੁੜ ਗਏ ਸਨ। ਰਤਨਪਾਲ ਜਲੰਧਰ ਦੇ ਮਹਿਤਪੁਰ ਕਸਬੇ ਨੇੜੇ ਪਿੰਡ ਖੇੜਾ ਮਸਤਰਕਾਂ ਦਾ ਰਹਿਣ ਵਾਲਾ ਹੈ, ਜਦਕਿ ਹਰਵਿੰਦਰ ਲੁਧਿਆਣਾ ਦੀ ਜਗਰਾਓਂ ਤਹਿਸੀਲ ਵਿੱਚ ਪੈਂਦੇ ਪਿੰਡ ਸ਼ੇਰੇਪੁਰ ਦਾ ਰਹਿਣ ਵਾਲਾ ਹੈ। ਕਰਤਾਰ ਸਿੰਘ, ਜਿਸ ਨੇ ਆਪਣੇ ਭਰਾ ਦੇ ਪੁੱਤਰ ਰਤਨਪਾਲ ਨੂੰ ਗੋਦ ਲਿਆ ਹੈ, ਨੇ ਕਿਹਾ ਕਿ ਅਗਲੇ ਦਿਨ ਸਥਾਨਕ ਪੁਲੀਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦਾ ਪੁੱਤਰ ਪਾਕਿਸਤਾਨ ਵੱਲ ਰੁੜ੍ਹ ਗਿਆ ਹੈ। ਬਾਅਦ ਵਿਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਰੇਂਜਰ ਉਸ ਨੂੰ 2 ਅਗਸਤ ਨੂੰ ਹਵਾਲੇ ਕਰਨਗੇ। ਉਸ ਦਿਨ ਉਨ੍ਹਾਂ ਨੂੰ ਫਿਰੋਜ਼ਪੁਰ ਬਾਰਡਰ ’ਤੇ ਬੁਲਾਇਆ ਗਿਆ ਅਤੇ ਘੰਟਿਆਂ ਬੱਧੀ ਉਡੀਕ ਕਰਨ ਮਗਰੋਂ ਨੌਜਵਾਨਾਂ ਨੂੰ ਨਹੀਂ ਸੌਂਪਿਆ ਗਿਆ। ਹਰਵਿੰਦਰ ਦੇ ਪਿਤਾ ਮੁਖਤਿਆਰ ਸਿੰਘ ਅਤੇ ਮਾਤਾ ਸੁਰਜੀਤ ਕੌਰ ਨੇ ਕਿਹਾ ਕਿ ਉਹ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਬੀਐੱਸਐੱਫ ਦੇ ਅਧਿਕਾਰੀਆਂ ਨੂੰ ਮਦਦ ਲਈ ਮਿਲ ਚੁੱਕੇ ਹਨ ਪਰ ਕੋਈ ਵੀ ਨੌਜਵਾਨਾਂ ਦੀ ਵਾਪਸੀ ਦਾ ਭਰੋਸਾ ਨਹੀਂ ਦੇ ਰਿਹਾ।