ਖੇਡ ਮੈਦਾਨ ’ਚ ਵਿਘਨ ਪਾਉਣ ਵਾਲੇ ਸ਼ਰਾਰਤੀਆਂ ਖ਼ਿਲਾਫ਼ ਨਿੱਤਰੇ ਬੱਚਿਆਂ ਦੇ ਮਾਪੇ
ਨਿੱਜੀ ਪੱਤਰ ਪ੍ਰੇਰਕ
ਨਾਭਾ, 25 ਜੁਲਾਈ
ਇਥੋਂ ਨੇੜਲੇ ਪਿੰਡ ਥੂਹੀ ਦੇ ਸਰਕਾਰੀ ਹਾਈ ਸਕੂਲ ਦੇ ਖੇਡ ਮੈਦਾਨ ਵਿੱਚ ਸ਼ਰਾਰਤੀ ਅਨਸਰਾਂ ਦੇ ਵਿਘਨ ਪਾਉਣ ਕਾਰਨ ਅੱਜ ਮਾਪਿਆਂ ਅਤੇ ਬੱਚਿਆਂ ਨੇ ਸ਼ਹਿਰ ਵਿਚ ਆ ਕੇ ਸਰਕੂਲਰ ਸੜਕ ਜਾਮ ਕਰ ਦਿੱਤੀ ਤੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਭੇਜਿਆ। ਇਸ ਖੇਡ ਮੈਦਾਨ ਵਿਚ ਸ਼ਰਾਰਤੀ ਅਨਸਰ ਸ਼ਰਾਬ ਪੀਂਦੇ ਹਨ ਤੇ ਖੇਡਦੇ ਬੱਚਿਆਂ ’ਤੇ ਫਿਕਰੇ ਕੱਸਦੇ ਹਨ ਜਿਸ ਕਾਰਨ ਬੱਚਿਆਂ ਦਾ ਧਿਆਨ ਭੰਗ ਹੁੰਦਾ ਹੈ ਤੇ ਉਹ ਇਕਾਗਰਚਿੱਤ ਹੋ ਕੇ ਖੇਡ ਵੀ ਨਹੀਂ ਪਾਉਂਦੇ। ਪ੍ਰਦਰਸ਼ਨਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਪੰਚ ਇੰਦਰਜੀਤ ਸਿੰਘ ਚੀਕੂ ਦੀ ਸ਼ੈਅ ਪ੍ਰਾਪਤ ਕੁਝ ਸ਼ਰਾਰਤੀ ਅਨਸਰਾਂ ਨੇ ਬੱਚਿਆਂ ਅਤੇ ਅਧਿਆਪਕਾਂ ਲਈ ਮਾਹੌਲ ਖਰਾਬ ਕਰ ਰੱਖਿਆ ਹੈ ਜਿਸ ਦੇ ਚਲਦੇ ਅਧਿਆਪਕਾਂ ਨੇ ਮਾਹੌਲ ਠੀਕ ਹੋਣ ਤੱਕ ਬੱਚਿਆਂ ਨੂੰ ਟਰੇਨਿੰਗ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਉਨ੍ਹਾਂ ਨੇ ਅੱਜ ਆਪਣੇ ਬੱਚਿਆਂ ਸਮੇਤ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਐਸਡੀਐਮ ਤਰਸੇਮ ਚੰਦ ਨੇ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕੀਤਾ ਤੇ ਪੁਲੀਸ ਨੂੰ ਮਾਮਲੇ ਦੀ ਤਫਤੀਸ਼ ਕਰਨ ਦੇ ਨਿਰਦੇਸ਼ ਦਿੱਤੇ। ਸਰਪੰਚ ਇੰਦਰਜੀਤ ਸਿੰਘ ਚੀਕੂ ਨੇ ਕਿਹਾ ਕਿ ਆਉਣ ਵਾਲੀ ਪੰਚਾਇਤੀ ਚੋਣਾਂ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚੀ ਗਈ ਹੈ। ਇਸ ਮੈਦਾਨ ਨੂੰ ਖੇਡਾਂ ਯੋਗ ਬਣਾਉਣ ਲਈ ਪਿੰਡ ਵਾਸੀ ਅਤੇ ਪੰਚਾਇਤ ਨੇ ਮਿਲ ਕੇ ਯੋਗਦਾਨ ਪਾਇਆ ਹੈ ਤੇ ਆਪਣੇ ਹੀ ਬੱਚਿਆਂ ਲਈ ਉਹ ਮਾਹੌਲ ਕਿਉਂ ਖਰਾਬ ਕਰਨਗੇ। ਸਕੂਲ ਦੇ ਮੁਖੀ ਪਰਮਜੀਤ ਕੌਰ ਨੇ ਇਸ ਸਬੰਧੀ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਐਸਡੀਐਮ ਤਰਸੇਮ ਚੰਦ ਨੇ ਦੱਸਿਆ ਕਿ ਸਕੂਲ ਵਲੋਂ ਸ਼ਰਾਰਤੀ ਅਨਸਰਾਂ ਵੱਲੋਂ ਪੇਸ਼ ਆਉਂਦੀ ਤਕਲੀਫ ਬਾਰੇ ਪਹਿਲਾਂ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ। ਬੱਚਿਆਂ ਨੂੰ ਸੜਕ ’ਤੇ ਬੈਠਣ ਦੀ ਨੌਬਤ ਲਿਆਉਣ ਵਾਲੇ ਅਨਸਰਾਂ ‘ਤੇ ਜ਼ਰੂਰ ਕਾਰਵਾਈ ਹੋਵੇਗੀ।