ਮਾਪਿਆਂ ਨੂੰ ਮਿਸਾਲ ਬਣਨ ਦੀ ਲੋੜ
ਬਲਜਿੰਦਰ ਜੌੜਕੀਆਂ
ਸਾਨੂੰ ਉਨ੍ਹਾਂ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਨੂੰ ਧਾਰਨ ਕਰਨਾ ਚਾਹੀਦਾ ਹੈ ਜੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਿੱਖਣ। ਸਿੱਖਿਆ ਦਾ ਉਦੇਸ਼ ਬੱਚਿਆਂ ਨੂੰ ਨੌਕਰੀ ਦੇ ਬਾਜ਼ਾਰ ਲਈ ਤਿਆਰ ਕਰਨਾ ਨਹੀਂ, ਸਗੋਂ ਉਨ੍ਹਾਂ ਦੀ ਮਦਦ ਕਰਨਾ ਹੋਣਾ ਚਾਹੀਦਾ ਹੈ ਤਾਂ ਜੋ ਉਹ ਜੀਵਨ ਵਿੱਚ ਅਰਥ ਅਤੇ ਉਦੇਸ਼ ਲੱਭ ਸਕਣ। ਪਿਆਰ, ਦਿਆਲਤਾ ਅਤੇ ਹਮਦਰਦੀ ਸਭ ਤੋਂ ਮਹੱਤਵਪੂਰਨ ਗੁਣ ਹਨ ਜੋ ਅਸੀਂ ਆਪਣੇ ਆਪ ਵਿੱਚ ਅਤੇ ਆਪਣੇ ਬੱਚਿਆਂ ਵਿੱਚ ਪੈਦਾ ਕਰ ਸਕਦੇ ਹਾਂ। ਮਾਪਿਆਂ ਨੂੰ ਬੱਚਿਆਂ ਨੂੰ ਸਿਰਫ਼ ਜਾਣਕਾਰੀ ਨੂੰ ਯਾਦ ਕਰਨ ਦੀ ਬਜਾਏ ਸਵਾਲ ਪੁੱਛਣ ਅਤੇ ਗੰਭੀਰਤਾ ਨਾਲ ਸੋਚਣ ਲਈ ਉਤਸ਼ਾਹਤਿ ਕਰਨਾ ਚਾਹੀਦਾ ਹੈ।
ਮਾਤਾ-ਪਤਿਾ ਵਜੋਂ ਸਾਡਾ ਕੰਮ ਬੱਚਿਆਂ ਨੂੰ ਉਸ ਤਰ੍ਹਾਂ ਦਾ ਰੂਪ ਦੇਣਾ ਨਹੀਂ ਹੈ ਜੋ ਅਸੀਂ ਚਾਹੁੰਦੇ ਹਾਂ, ਸਗੋਂ ਉਨ੍ਹਾਂ ਦੀ ਆਪਣੀ ਵਿਲੱਖਣ ਸਮਰੱਥਾ ਨੂੰ ਖੋਜਣ ਵਿੱਚ ਉਨ੍ਹਾਂ ਦੀ ਮਦਦ ਕਰਨਾ ਹੈ। ਬੱਚਿਆਂ ਦੇ ਨਿੱਕੇ-ਨਿੱਕੇ ਪ੍ਰਸ਼ਨਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਲਈ ਕੀ ਮਹੱਤਵਪੂਰਨ ਹੈ। ਯਕੀਨੀ ਬਣਾਓ ਕਿ ਤੁਹਾਡੇ ਬੱਚੇ ਨੂੰ ਵਿਸ਼ਵਾਸ ਹੋਵੇ ਕਿ ਤੁਸੀਂ ਉਨ੍ਹਾਂ ਦੇ ਵਿਚਾਰਾਂ ਵਿੱਚ ਦਿਲਚਸਪੀ ਰੱਖਦੇ ਹੋ। ਮੋਬਾਈਲ ਫੋਨ ਪਾਸੇ ਰੱਖ ਕੇ ਬੱਚਿਆਂ ’ਚ ਸੱਚੀ ਦਿਲਚਸਪੀ ਦਿਖਾਓ। ਉਨ੍ਹਾਂ ਨਾਲ ਵੱਖ-ਵੱਖ ਵਿਸ਼ਿਆਂ ਬਾਰੇ ਗੱਲ ਕਰੋ। ਉਨ੍ਹਾਂ ਦੇ ਜੀਵਨ ਨਿਸ਼ਾਨਿਆਂ ਬਾਰੇ ਗੱਲ ਕਰੋ। ਬੱਚਿਆਂ ਨੂੰ ਅਹਿਸਾਸ ਕਰਵਾਓ ਕਿ ਉਨ੍ਹਾਂ ਦੇ ਵਿਚਾਰ ਤੁਹਾਡੇ ਲਈ ਮਾਅਨੇ ਰੱਖਦੇ ਹਨ। ਸਿੱਖਣਾ ਕਠਿਨ ਨਹੀਂ ਹੁੰਦਾ, ਪਰ ਇਸ ਨੂੰ ਔਖਾ ਬਣਾ ਦਿੱਤਾ ਹੈ। ਤਕਨੀਕ ਦੇ ਵਾਧੇ ਕਰਕੇ ਦੁਨੀਆ ’ਚ ਇਕੱਲਤਾ ਵਧ ਰਹੀ ਹੈ। ਬੱਚਿਆਂ ਨਾਲ ਇਕੱਠੇ ਮਸਤੀ ਕਰਨ ਦੇ ਤਰੀਕੇ ਲੱਭੋ। ਬੱਚਿਆਂ ਨਾਲ ਖੇਡਾਂ ਖੇਡੋ ਤੇ ਕੁਝ ਸਮੇਂ ਲਈ ਮੂਰਖ ਬਣੋ ਅਤੇ ਜਾਣਬੁੱਝ ਕੇ ਬੱਚਿਆਂ ਤੋਂ ਹਾਰ ਜਾਵੋ। ਬੱਚਿਆਂ ਦੇ ਨਿੱਕੇ ਕਦਮਾਂ ਨਾਲ ਤਾਲ ਮਿਲਾ ਕੇ ਤੁਰੋ। ਜਿਹੜੇ ਬੱਚਿਆਂ ਦੇ ਮਾਪਿਆਂ ਨਾਲ ਵਧੀਆ ਸਬੰਧ ਹੁੰਦੇ ਹਨ, ਉਹ ਬੱਚੇ ਵੱਡੇ ਹੋ ਕੇ ਵੱਡੀਆਂ ਹਸਤੀਆਂ ਬਣਦੇ ਹਨ। ਆਪਣੇ ਬੱਚੇ ਨੂੰ ‘‘ਮੈਂ ਤੈਨੂੰ ਪਿਆਰ ਕਰਦਾ ਹਾਂ’’ ਕਹਿਣਾ ਬਹੁਤ ਮਹੱਤਵਪੂਰਨ ਹੈ ਅਤੇ ਆਪਣੇ ਬੱਚਿਆਂ ਨਾਲ ਤੁਹਾਡੇ ਪਿਆਰ ਭਰੇ ਬੰਧਨ ਨੂੰ ਮਜ਼ਬੂਤ ਕਰਨ ਵਿੱਚ ਸਰੀਰਕ ਛੋਹ ਦੀ ਸ਼ਕਤੀ ਨੂੰ ਕਦੇ ਵੀ ਘੱਟ ਨਾ ਸਮਝੋ। ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਜਿੱਤਾਂ ’ਤੇ ਉਨ੍ਹਾਂ ਨੂੰ ਜੱਫੀ ’ਚ ਲੈ ਕੇ ਸ਼ਾਬਾਸ਼ ਦਿਓ।
ਮਾਤਾ-ਪਤਿਾ ਨੂੰ ਹੋਰ ਲੋਕਾਂ ਦੇ ਸਾਹਮਣੇ ਆਪਣੇ ਬੱਚਿਆਂ ਦੀਆਂ ਚੰਗੀਆਂ ਆਦਤਾਂ ਦੀ ਤਾਰੀਫ਼ ਕਰਨਾ ਨਹੀਂ ਭੁੱਲਣਾ ਚਾਹੀਦਾ। ਮਾਪਿਆਂ ਦੀਆਂ ਗਤੀਵਿਧੀਆਂ ਇਸ ਬਾਰੇ ਬਹੁਤ ਕੁਝ ਬੋਲਦੀਆਂ ਹਨ ਕਿ ਤੁਸੀਂ ਉਨ੍ਹਾਂ ਦੀ ਕਿੰਨੀ ਦੇਖਭਾਲ ਕਰਦੇ ਹੋ। ਉਹ ਪਿਆਰ ਮਹਿਸੂਸ ਕਰਨਗੇ ਜਦੋਂ ਤੁਸੀਂ ਉਨ੍ਹਾਂ ਲਈ ਵਾਧੂ ਛੋਟੀਆਂ ਚੀਜ਼ਾਂ ਕਰਦੇ ਹੋ ਜਾਂ ਜਦੋਂ ਤੁਸੀਂ ਉਨ੍ਹਾਂ ਬਾਰੇ ਚੰਗੀਆਂ ਗੱਲਾਂ ਕਹਿੰਦੇ ਹੋ। ਬੱਚਿਆਂ ਨਾਲ ਸੰਵਾਦ ਗੁੰਝਲਦਾਰ ਨਹੀਂ ਹੋਣਾ ਚਾਹੀਦਾ। ਜੋ ਵਸਤੂ ਤੁਸੀਂ ਆਪਣੇ ਬੱਚੇ ਨੂੰ ਦੇ ਰਹੇ ਹੋ, ਉਸ ’ਚ ਤੁਹਾਡੀਆਂ ਭਾਵਨਾਵਾਂ ਵੀ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਮਾਪਿਆਂ ਦੀ ਹੱਲਾਸ਼ੇਰੀ ਨਾਲ ਸਾਧਾਰਨ ਬੱਚੇ ਵੀ ਵਿਲੱਖਣ ਅਤੇ ਵਿਸ਼ੇਸ਼ ਬਣ ਜਾਂਦੇ ਹਨ। ਅੱਜ ਦੇ ਬੱਚੇ ਨਵੇਂ ਯੁੱਗ ਦੇ ਹਾਣੀ ਹਨ ਅਤੇ ਉਨ੍ਹਾਂ ਦੀ ਸਮਰੱਥਾ ਤੇ ਸਮਝ ਨੂੰ ਕਦੇ ਵੀ ਘੱਟ ਨਾ ਆਂਕੋ। ਆਪਣੇ ਬੱਚੇ ਨੂੰ ਪਰਿਵਾਰਕ ਫੈਸਲਿਆਂ ਵਿੱਚ ਸ਼ਾਮਲ ਕਰੋ। ਕੋਈ ਵੱਡੀ ਚੀਜ਼ ਜਿਵੇਂ ਕਿ ਨਵੇਂ ਘਰ ਦੇ ਨਕਸ਼ੇ ਬਾਰੇ ਬੱਚੇ ਦੀ ਰਾਇ ਲੈਣੀ ਚਾਹੀਦੀ ਹੈ।
ਅਜਿਹੀਆਂ ਨਿੱਕੀਆਂ ਗੱਲਾਂ ਨਾਲ ਬੱਚੇ ਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਦੀ ਕਦਰ ਕਰਦੇ ਹਨ। ਬੱਚਿਆਂ ਅੰਦਰ ਮਲਕੀਅਤ ਦੀ ਭਾਵਨਾ ਨਾਲ ਉਨ੍ਹਾਂ ਅੰਦਰ ਸਵੈ-ਵਿਸ਼ਵਾਸ ਦਾ ਵਾਧਾ ਹੁੰਦਾ ਹੈ। ਬੱਚਿਆਂ ਨੂੰ ਪੂਰਾ ਸਮਾਂ ਦਿਓ। ਬੱਚੇ ਅਸਲ ਵਿੱਚ ਤੁਹਾਡੇ ਤੋਹਫ਼ਿਆਂ ਦੀ ਬਜਾਏ ਤੁਹਾਡੀ ਮੌਜੂਦਗੀ ਨੂੰ ਤਰਜੀਹ ਦਿੰਦੇ ਹਨ। ਮਾਪਿਆਂ ਨੂੰ ਆਪਣੇ ਬਚਪਨ ਬਾਰੇ ਸੋਚਣ ਅਤੇ ਉਨ੍ਹਾਂ ਨੂੰ ਬਚਪਨ ਦੀਆਂ ਸਭ ਤੋਂ ਵੱਧ ਯਾਦ ਰੱਖਣ ਵਾਲੀਆਂ ਘਟਨਾਵਾਂ ਨੂੰ ਯਾਦ ਕਰਨ ਨਾਲ ਉਹ ਸਫਲ ਮਾਪੇ ਬਣ ਸਕਦੇ ਹਨ।
ਇਹ ਸੋਚਣਾ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਜੀਵਨ ਦੇ ਸਬਕ ਸਿਖਾਉਣ ਲਈ ਆਪਣੇ ਬਚਪਨ ਨਾਲ ਜੋੜ ਕੇ ਬਿਹਤਰ ਮਾਪੇ ਬਣ ਸਕਦੇ ਹੋ। ਆਪਣੇ ਬੱਚੇ ਦਾ ਸਮਰਥਨ ਕਰਨਾ ਕਦੇ ਵੀ ਨਾ ਭੁੱਲੋ। ਬੱਚਿਆਂ ਨੂੰ ਇਹ ਅਹਿਸਾਸ ਹੋਣਾ ਅਤੀ ਜ਼ਰੂਰੀ ਕਿ ਉਨ੍ਹਾਂ ਨੂੰ ਪਿਆਰ ਕੀਤਾ ਜਾਂਦਾ ਹੈ ਭਾਵੇਂ ਉਹ ਨਿੱਕੀ-ਮੋਟੀ ਗ਼ਲਤੀ ਕਰਦੇ ਹਨ। ਹਰ ਹਾਲ ’ਚ ਬੱਚਿਆਂ ਦਾ ਸਹਾਰਾ ਬਣੋ ਖ਼ਾਸ ਕਰਕੇ ਔਖੇ ਸਮੇਂ ਉਨ੍ਹਾਂ ਦੇ ਮਾਰਗ ਦਰਸ਼ਕ ਬਣੇ ਰਹੋ। ਜ਼ਾਹਰ ਕਰੋ ਕਿ ਤੁਸੀਂ ਬਤੌਰ ਮਾਤਾ-ਪਤਿਾ ਉਨ੍ਹਾਂ ’ਤੇ ਮਾਣ ਮਹਿਸੂਸ ਕਰਦੇ ਹੋ। ਜੀਵਨ ਉਦਹਾਰਨਾਂ ਰਾਹੀਂ ਸਿੱਖਿਆ ਦਿਓ। ਬੱਚਿਆਂ ਨਾਲ ਜੀਵਨ ਦੀ ਹਰ ਚੰਗੀ ਮਾੜੀ ਸਥਤਿੀ ’ਤੇ ਚਰਚਾ ਕਰੋ ਅਤੇ ਉਨ੍ਹਾਂ ਨੂੰ ਸਵਾਲ ਪੁੱਛੋ ਕਿ ਤੁਸੀਂ ਇਸ ਘਟਨਾ ਤੋਂ ਕੀ ਸਿੱਖਿਆ ਹੈ? ਜੇਕਰ ਤੁਹਾਡੇ ਨਾਲ ਅਜਿਹੀ ਘਟਨਾ ਵਾਪਰਦੀ ਹੈ ਤਾਂ ਤੁਸੀਂ ਵੱਖਰਾ ਕੀ ਕਰੋਗੇ? ਅਜਿਹੀ ਚਰਚਾ ਉਨ੍ਹਾਂ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਕੋਈ ਵੀ ਹਮੇਸ਼ਾਂ ਸੰਪੂਰਨ ਨਹੀਂ ਹੁੰਦਾ। ਅਜਿਹੀਆਂ ਕਿਰਿਆਵਾਂ ਨਾਲ ਬੱਚੇ ਘਾਟਾਂ ਨਾਲ ਜੂਝ ਕੇ ਅੱਗੇ ਵਧਣਾ ਸਿੱਖ ਲੈਂਦੇ ਹਨ। ਮਾਪੇ ਬੱਚਿਆਂ ਅੰਦਰ ਵਿਸ਼ਵਾਸ ਵੀ ਬਣਾ ਲੈਂਦੇ ਹਨ ਕਿ ਤੁਸੀਂ ਉਨ੍ਹਾਂ ਲਈ ਬੇਵਜ੍ਹਾ ਝਿੜਕਣ ਦੀ ਬਜਾਏ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਠੀਕ ਕਰਨ ਦੇ ਤਰੀਕੇ ਲੱਭਣ ਵਿੱਚ ਉਨ੍ਹਾਂ ਦੀ ਮਦਦ ਕਰ ਰਹੇ ਹੋ। ਹਰ ਬੱਚਾ ਵਿਲੱਖਣ ਹੁੰਦਾ ਹੈ ਅਤੇ ਉਸ ਨੂੰ ਇੱਕ ਵਿਅਕਤੀ ਦੇ ਰੂਪ ਵਿੱਚ ਸਤਿਕਾਰ ਅਤੇ ਵਿਹਾਰ ਕਰਨ ਦਾ ਅਧਿਕਾਰ ਹੈ। ਬੱਚਿਆਂ ਨੂੰ ਸਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਇੱਕ ਚੰਗੀ ਮਿਸਾਲ ਕਾਇਮ ਕਰਨਾ ਹੈ।
ਸੰਪਰਕ: 94630-24575