For the best experience, open
https://m.punjabitribuneonline.com
on your mobile browser.
Advertisement

ਹੋਸਟਲ ’ਚ ਸੀਟਾਂ ਦੀ ਅਲਾਟਮੈਂਟ ਲਈ ਏਡੀਸੀ ਨੂੰ ਮਿਲੇ ਮਾਪੇ

07:25 AM May 02, 2024 IST
ਹੋਸਟਲ ’ਚ ਸੀਟਾਂ ਦੀ ਅਲਾਟਮੈਂਟ ਲਈ ਏਡੀਸੀ ਨੂੰ ਮਿਲੇ ਮਾਪੇ
ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਦਾ ਹੋਇਆ ਵਫ਼ਦ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 1 ਮਈ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਦੀਆਂ ਇੱਕ ਦਰਜਨ ਦੇ ਕਰੀਬ ਵਿ‌ਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਇੱਕ ਵਫ਼ਦ ਨੇ ਵਧੀਕ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ ਨੂੰ ਮਿਲ ਕੇ ਮੰਗ ਕੀਤੀ ਕਿ ਸਕੂਲ ਨਾਲ ਲੱਗਦੇ ਕਸਤੂਰਬਾ ਗਾਂਧੀ ਹੋਸਟਲ ਰਹਿ ਕੇ ਸਕੂਲ ਵਿੱਚ ਛੇਵੀਂ ਜਮਾਤ ਤੋਂ ਪੜ੍ਹਦੀਆਂ ਆ ਰਹੀਆਂ ਗ਼ਰੀਬ ਪਰਿਵਾਰਾਂ ਨਾਲ ਸਬੰਧਤ ਅਤੇ ਕਈ ਮਾਂ-ਪਿਓ ਵਿਹੂਣੀਆਂ ਵਿਦਿਆਰਥਣਾਂ ਨੂੰ ਅਗਲੀਆਂ ਜਮਾਤਾਂ ਵਿੱਚ ਪੜ੍ਹਾਈ ਕਰਨ ਲਈ ਹੋਸਟਲ ਵਿੱਚ ਕਮਰੇ ਅਲਾਟ ਕੀਤੇ ਜਾਣ ਤਾਂ ਜੋ ਉਹ ਆਪਣੀ ਅਗਲੀ ਪੜ੍ਹਾਈ ਜਾਰੀ ਰੱਖ ਸਕਣ। ਵਫ਼ਦ ਨੇ ਕਿਹਾ ਕਿ ਹੋਸਟਲ ਵਿੱਚ ਰਹਿ ਕੇ ਸਕੂਲ ਵਿੱਚ ਛੇਵੀਂ ਜਮਾਤ ਤੋਂ ਪੜ੍ਹਦੀਆਂ ਆ ਰਹੀਆਂ ਵਿਦਿਆਰਥਣਾਂ ਜਿੱਥੇ ਪੜ੍ਹਾਈ ਵਿੱਚ ਹੁਸ਼ਿਆਰ ਹਨ ਉੱਥੇ ਕਈ ਵਿਦਿਆਰਥਣਾਂ ਕਰਾਟੇ, ਹੈਂਡਬਾਲ ਅਤੇ ਕਬੱਡੀ ਦੀਆਂ ਵਧੀਆਂ ਖਿਡਾਰਨਾਂ ਹਨ। ਵਫ਼ਦ ਨੇ ਕਿਹਾ ਕਿ ਉਨ੍ਹਾਂ ਦੀਆਂ ਲੜਕੀਆਂ ਨੇ ਹੋਸਟਲ ਵਿੱਚ ਰਹਿੰਦਿਆਂ ਅਤੇ ਸਕੂਲ ਵਿੱਚ ਪੜ੍ਹਦਿਆਂ ਅੱਠਵੀਂ ਜਮਾਤ ਪਾਸ ਕਰ ਲਈ ਹੈ ਹੁਣ ਉਹ ਹੋਸਟਲ ਵਿੱਚ ਹੀ ਰਹਿ ਕੇ ਆਪਣੀ ਅਗਲੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀਆਂ ਹਨ ਪਰ ਸਕੂਲ ਪ੍ਰਿੰਸੀਪਲ ਨੇ ਉਨ੍ਹਾਂ ਦੀਆਂ ਲੜਕੀਆਂ ਨੂੰ ਹੋਸਟਲ ਵਿੱਚ ਸੀਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਵਿਦਿਆਰਥਣਾਂ ਦਾ ਹੋਸਟਲ ਵਿੱਚ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਵਿਦਿਆਰਥਣਾਂ ਆਪਣੀ ਅਗਲੀ ਪੜ੍ਹਾਈ ਜਾਰੀ ਰੱਖ ਸਕਣ।
ਵਧੀਕ ਡਿਪਟੀ ਕਮਿਸ਼ਨਰ ਨੇ ਵਫ਼ਦ ਨੂੰ ਜੂਨ ਦੀਆਂ ਛੁੱਟੀਆਂ ਤੋਂ ਪਹਿਲਾਂ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਪ੍ਰਿੰਸੀਪਲ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਸਤੂਰਬਾ ਗਾਂਧੀ ਹੋਸਟਲ ਭੋਗੀਵਾਲ ਵਿੱਚ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ ਅਤੇ ਨੌਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਪੜ੍ਹਨ ਵਾਲੀਆਂ ਵਿਦਿਆਰਥਣਾਂ ਲਈ ਕਰਮਵਾਰ 100-100 ਸੀਟ ਹੈ। ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ਹੋਸਟਲ ਵਿੱਚ 25 ਸੀਟਾਂ ਹਨ, ਜਦਕਿ ਅੱਠਵੀਂ ਜਮਾਤ ਵਿੱਚੋਂ ਪਾਸ ਹੋ ਕੇ 38 ਵਿਦਿਆਰਥਣਾਂ ਨੌਵੀਂ ਜਮਾਤ ’ਚ ਹੋਈਆਂ ਹਨ। ਉਹ ਹੋਸਟਲ ਦੇ ਨਿਯਮਾਂ ਅਨੁਸਾਰ 25 ਵਿਦਿਆਰਥਣਾਂ ਨੂੰ ਹੀ ਹੋਸਟਲ ਅਲਾਟ ਕਰ ਸਕਦੇ ਹਨ। ਉਹ ਨਿਯਮਾਂ ਦੀ ਅਣਦੇਖੀ ਕਰਕੇ ਨਿਰਧਾਰਿਤ ਸੀਟਾਂ ਤੋਂ ਵੱਧ ਸੀਟਾਂ ਅਲਾਟ ਨਹੀਂ ਕਰ ਸਕਦੇ। ਉਹ ਸਾਰੀ ਸਥਿਤੀ ਬਾਰੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ, ਜ਼ਿਲ੍ਹਾ ਸਿੱਖਿਆ ਅਫ਼ਸਰ ਮਾਲੇਰਕੋਟਲਾ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ ’ਤੇ ਜਾਣੂ ਕਰਵਾ ਰਹੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×