ਨਸ਼ੇ ਦੇ ਆਦੀ ਨੌਜਵਾਨ ਨੂੰ ਮਾਪੇ ਬੇੜੀਆਂ ਪਾਉਣ ਲਈ ਮਜਬੂਰ
ਇਕਬਾਲ ਸਿੰਘ ਸ਼ਾਂਤ
ਲੰਬੀ, 28 ਜੂਨ
ਨਸ਼ੇ ਨੇ ਵਸਦੇ-ਰਸਦੇ ਘਰ ਨੌਜਵਾਨ ਪੁੱਤਰਾਂ ਲਈ ਜੇਲ੍ਹ ਬਣਾ ਦਿੱਤੇ ਹਨ। ਇਥੋਂ ਦੇ ਪਿੰਡ ਘੁਮਿਆਰਾ ਵਿੱਚ ਇੱਕ ਪਰਿਵਾਰ ਨੇ ਆਪਣੇ 20 ਸਾਲਾ ਪੁੱਤਰ ਦੀ ਨਸ਼ੇ ਦੀ ਲਤ ਤੋਂ ਤੰਗ ਹੋ ਕੇ ਉਸ ਦੇ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ ਹਨ। ਬੇੜੀਆਂ ਵਿੱਚ ਬੱਝਿਆ ਨੌਜਵਾਨ ਚਾਰ ਸਾਲਾਂ ਤੋਂ ਚਿੱਟੇ ਤੇ ਮੈਡੀਕਲ ਨਸ਼ੇ ਦਾ ਆਦੀ ਹੈ। ਉਹ ਕਾਲੇ ਪੀਲੀਏ ਤੋਂ ਪੀੜਤ ਹੋ ਗਿਆ। ਜ਼ਿਕਰਯੋਗ ਹੈ ਕਿ ਘੁਮਿਆਰਾ ‘ਚ ਇੱਕ ਮੈਡੀਕਲ ਸਟੋਰ ‘ਤੇ ਨਸ਼ਾ ਵਿਕਣ ਬਾਰੇ ਵੀਡੀਓ ਵਾਇਰਲ ਹੋਈ ਹੈ। ਨੌਜਵਾਨ ਦੀ ਹਾਲਤ ਅਤੇ ਵਾਇਰਲ ਹੋਈ ਵੀਡੀਓ ਕਾਰਨ ਪਿੰਡ ਵਾਸੀ ਤੇ ਪੰਚਾਇਤ ਮੈਡੀਕਲ ਸਟੋਰਾਂ ਖ਼ਿਲਾਫ਼ ਸੰਘਰਸ਼ ਦੇ ਰੌਂਅ ਵਿੱਚ ਹਨ। ਘਰ ਵਿੱਚ ਜੇਲ੍ਹ ਹੰਢਾ ਰਹੇ ਜਮ੍ਹਾਂ ਦੋ ਪਾਸ ਨੌਜਵਾਨ ਨੇ ਪਿੰਡ ਘੁਮਿਆਰਾ ਵਿੱਚ ਮੈਡੀਕਲ ਨਸ਼ੇ ਦੇ ਕਾਰੋਬਾਰ ਦੀਆਂ ਪਰਤਾਂ ਉਧੇੜੀਆਂ ਹਨ। ਉਸ ਨੇ ਪਿੰਡ ਦੇ ਸਰਪੰਚ ਕੁਲਵੰਤ ਸਿੰਘ, ਪੰਚਾਇਤ ਮੈਂਬਰ ਟੇਕ ਸਿੰਘ, ਰਛਪਾਲ ਸਿੰਘ, ਲੱਖਾ ਸਿੰਘ, ਸਾਬਕਾ ਪੰਚ ਹਰਦੀਪ ਸਿੰਘ ਅਤੇ ਸਰਬਜੀਤ ਸਿੰਘ ਦੀ ਮੌਜੂਦਗੀ ਵਿੱਚ ਖੁਲਾਸਾ ਕੀਤਾ ਕਿ ਮੈਡੀਕਲ ਸਟੋਰ ਲੋਕਾਂ ਲਈ ਮੌਤ ਸਹੇੜ ਰਹੇ ਹਨ। ਨੌਜਵਾਨ ਨੇ ਕਿਹਾ ਕਿ ਉਥੇ ਡਾਕਟਰ ਦੀ ਪਰਚੀ ‘ਤੇ ਵਿਕਣ ਵਾਲੀਆਂ ਦਵਾਈਆਂ ਬਿਨਾਂ ਪਰਚੀ ਤੋਂ ਮਿਲਦੀਆਂ ਹਨ। ਉਥੋਂ ਉਹ ਨਸ਼ਾ ਲੈਂਦਾ ਰਿਹਾ ਹੈ। ਉਸ ਨੇ ਕਿਹਾ ਕਿ ਘੁਮਿਆਰਾ ਦੇ ਕਰੀਬ ਦੋ-ਢਾਈ ਸੌ ਨੌਜਵਾਨ ਨਸ਼ੇ ਤੋਂ ਪੀੜਤ ਹਨ। ਇਨ੍ਹਾਂ ਦੀ ਸਾਰੀ ਸਪਲਾਈ ਪਿੰਡ ਦੇ ਮੈਡੀਕਲ ਸਟੋਰਾਂ ਤੋਂ ਹੁੰਦੀ ਹੈ। ਪੀੜਤ ਨੌਜਵਾਨ ਦੇ ਪਿਤਾ ਨੇ ਕਿਹਾ ਕਿ ਪੁੱੱਤਰ ਦੀ ਨਸ਼ੇ ਦੀ ਆਦਤ ਨੇ ਪਰਿਵਾਰ ਨੂੰ ਹਨੇਰੇ ਵਿੱਚ ਧੱਕ ਦਿੱਤਾ ਹੈ। ਮਜਬੂਰ ਹੋ ਕੇ ਪੁੱਤ ਨੂੰ ਸੰਗਲ ਨਾਲ ਬੰਨ੍ਹ ਕੇ ਰੱਖਣਾ ਪੈ ਰਿਹਾ ਹੈ। ‘ਆਪ’ ਆਗੂ ਅਤੇ ਪੰਚ ਟੇਕ ਸਿੰਘ ਨੇ ਦੋਸ਼ ਲਾਇਆ ਕਿ ਪਹਿਲਾਂ ਹੀ ਸੱਤ-ਅੱਠ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ। ਸਰਪੰਚ ਕੁਲਵੰਤ ਸਿੰਘ, ਪੰਚ ਟੇਕ ਸਿੰਘ ਅਤੇ ਪੰਚ ਰਛਪਾਲ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਘੁਮਿਆਰਾ ਵਿੱਚ ਚੱਲਦੇ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਕੀਤੇ ਜਾਣ ਅਤੇ ਸਰਕਾਰੀ ਤੌਰ ‘ਤੇ ਮੈਡੀਕਲ ਸਟੋਰ ਖੋਲ੍ਹੇ ਜਾਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਚਾਇਤ ਵੀ ਮਤਾ ਪਾ ਕੇ ਸਰਕਾਰ ਨੂੰ ਭੇਜੇਗੀ। ਜੇ ਹੱਲ ਨਾ ਨਿਕਲਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ।