ਪੂਰੀ ਫੀਸ ਵਸੂਲਣ ਖ਼ਿਲਾਫ਼ ਮਾਪਿਆਂ ਵੱਲੋਂ ਮੁੱਖ ਮਾਰਗ ਠੱਪ
ਨਵਕਿਰਨ ਸਿੰਘ
ਮਹਿਲ ਕਲਾਂ, 21 ਅਗਸਤ
ਤਾਲਾਬੰਦੀ ਦੌਰਾਨ ਨਿੱਜੀ ਸਕੂਲਾਂ ਵੱਲੋਂ ਫੀਸਾਂ ਦੀ ਕੀਤੀ ਜਾ ਰਹੀ ਵਸੂਲੀ ਖਿਲਾਫ ਅੱਜ ਮਹਿਲ ਕਲਾਂ ਵਿੱਚ ਮਾਪਿਆਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਬਰਨਾਲਾ ਲੁਧਿਆਣਾ ਮੁੱਖ ਮਾਰਗ ਜਾਮ ਕਰਕੇ ਧਰਨਾ ਦਿੱਤਾ ਗਿਆ। ਜੀਐੱਚਐੱਚ ਪਬਲਿਕ ਸਕੂਲ ਮਹਿਲ ਕਲਾਂ ਅੱਗੇ ਮਾਪਿਆਂ ਵੱਲੋਂ ਦਿੱਤੇ ਇਸ ਧਰਨੇ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ, ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਮੀਤ ਪ੍ਰਧਾਨ ਜਸਪਾਲ ਸਿੰਘ ਕਲਾਲ ਮਾਜਰਾ, ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜ੍ਹਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਦਵਿੰਦਰ ਸਿੰਘ ਬੀਹਲਾ, ਬੱਚਿਆਂ ਦੇ ਮਾਪਿਆਂ ਵੱਲੋਂ ਮਨਜੀਤ ਸਿੰਘ ਸਹਿਜੜਾ ਨੇ ਕਿਹਾ ਕਿ ਤਾਲਾਬੰਦੀ ਕਾਰਨ ਸਾਰੇ ਰੁਜਗਾਰ ਠੱਪ ਹੋ ਗਏ ਹਨ ਤੇ ਜਦੋਂ ਬੱਚੇ ਸਕੂਲਾਂ ਵਿੱਚ ਪੜ੍ਹਾਈ ਲਈ ਆਏ ਹੀ ਨਹੀਂ ਹਨ ਤਾਂ ਪੂਰੀ ਫੀਸ ਦਾ ਮਾਮਲਾ ਹੀ ਪੈਦਾ ਨਹੀਂ ਹੁੰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਇਸ ਪੂਰੇ ਮਾਮਲੇ ਲਈ ਜ਼ਿੰਮੇਵਾਰ ਮੰਨਦਿਆ ਕਿਹਾ ਕਿ ਪੰਜਾਬ ਸਰਕਾਰ ਨੂੰ ਮਾਪਿਆਂ ਦੇ ਪੱਖ ਵਿੱਚ ਖੜ੍ਹਣਾ ਚਾਹੀਦਾ ਹੈ ਪਰ ਸਰਕਾਰ ਪੂਰੇ ਮਾਮਲੇ ਤੋਂ ਪੱਲਾ ਝਾੜ ਰਹੀ ਹੈ। ਇਸ ਮੌਕੇ ਮਾਪਿਆਂ ਨੇ ਕਿਹਾ ਕਿ ਉਹ ਪੂਰੀ ਫੀਸ ਨਹੀਂ ਭਰਣਗੇ ਪਰ ਜੇ ਮੈਨੇਜਮੈਂਟ ਗੱਲਬਾਤ ਕਰੇ ਤਾਂ ਉਹ ਬੱਸ ਕਿਰਾਇਆ ਤੇ ਬਿਲਡਿੰਗ ਫੀਸ ਛੱਡ ਕੇ 50 ਫੀਸਦ ਫੀਸਾਂ ਭਰ ਸਕਦੇ ਹਨ। ਇਸ ਮੌਕੇ ਮਾਪਿਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਕੂਲ ਮੈਨੇਜਮੈਂਟ ਨੇ ਆਪਣਾ ਵਤੀਰਾ ਬਦਲ ਕੇ ਫੀਸਾਂ ਲੈਣ ਵਿੱਚ ਕੋਈ ਲਚਕ ਨਾ ਵਿਖਾਈ ਤਾਂ ਉਹ ਸਕੂਲ ਦੇ ਮੁੱਖ ਗੇਟ ’ਤੇ ਪੱਕਾ ਮੋਰਚਾ ਲਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਮਾਪਿਆਂ ਤੇ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਨਾਇਬ ਤਹਿਸੀਲਦਾਰ ਮਹਿਲ ਕਲਾਂ ਨਵਜੋਤ ਤਿਵਾੜੀ ਪਹੁੰਚੇ ਜਿਨ੍ਹਾਂ ਨੂੰ ਮਾਪਿਆਂ ਤੇ ਜਥੇਬੰਦੀਆਂ ਵੱਲੋਂ ਮੰਗ ਪੱਤਰ ਸੌਂਪ ਕੇ ਇੱਕ ਵਾਰ ਧਰਨਾ ਸਮਾਪਤ ਕਰ ਦਿੱਤਾ ਗਿਆ।