For the best experience, open
https://m.punjabitribuneonline.com
on your mobile browser.
Advertisement

ਜ਼ਿੰਦਗੀ ਦਾ ਤੀਸਰਾ ਰੰਗ ਮਾਪੇ

08:48 AM Jan 06, 2024 IST
ਜ਼ਿੰਦਗੀ ਦਾ ਤੀਸਰਾ ਰੰਗ ਮਾਪੇ
Advertisement

ਜਸਵਿੰਦਰ ਸਿੰਘ ਰੁਪਾਲ

Advertisement

ਇਨਸਾਨ ਦੇ ਜੀਵਨ ਵਿੱਚ ਵੈਸੇ ਤਾਂ ਵੱਖ ਵੱਖ ਰੰਗ ਮਿਲੇ ਹੋਏ ਹਨ ਤੇ ਵੰਨ ਸੁਵੰਨੇ ਰੰਗਾਂ ਵਾਲੀ ਜ਼ਿੰਦਗੀ ਆਪਣੀ ਤੋਰ ਤੁਰਦੀ ਜਾਂਦੀ ਹੈ। ਸਿਆਣਿਆਂ ਨੇ ਤਜਰਬੇ ਤੋਂ ਤਿੰਨ ਰੰਗਾਂ ਨੂੰ ਖ਼ਾਸ ਵਿਸ਼ੇਸ਼ਤਾ ਦਿੱਤੀ ਹੈ ਜਿਨ੍ਹਾਂ ਬਾਰੇ ਅਕਸਰ ਕਿਹਾ ਜਾਂਦਾ ਹੈ, ‘ਤਿੰਨ ਰੰਗ ਨਹੀਂਓਂ ਲੱਭਣੇ, ਹੁਸਨ ਜਵਾਨੀ ਮਾਪੇ।’ ਆਪੋ ਆਪਣੀ ਥਾਂ ਤਿੰਨਾਂ ਦਾ ਮਹੱਤਵ ਹੈ, ਪਰ ਅੱਜ ਅਸੀਂ ਸਿਰਫ਼ ਤੀਸਰੇ ਰੰਗ ’ਤੇ ਕੇਂਦਰਿਤ ਹੋਵਾਂਗੇ ।
ਅਸਲ ਵਿੱਚ ਅਸੀਂ ਮਾਪਿਆਂ ਸਦਕਾ ਹੀ ਤਾਂ ਇਸ ਸੰਸਾਰ ਦੇ ਸਨਮੁਖ ਹੋ ਸਕੇ ਹਾਂ। ਉਹ ਸਾਡੇ ਜਨਮ ਦਾਤੇ ਹਨ, ਸਾਨੂੰ ਪਾਲਣ ਵਾਲੇ ਹਨ। ਮਾਂ ਬਾਪ ਕਿੰਨੀਆਂ ਰੀਝਾਂ ਅਤੇ ਚਾਵਾਂ ਨਾਲ ਆਪਣੇ ਬੱਚਿਆਂ ਨੂੰ ਪਾਲਦੇ ਹਨ, ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਹੋਈ। ਮਾਂ ਦੀ ਦੇਣ ਤਾਂ ਕੋਈ ਵੀ ਧੀ ਪੁੱਤ ਕਦੇ ਵੀ ਨਹੀਂ ਦੇ ਸਕਦਾ। ਪਿਤਾ ਦਾ ਭਾਵੇਂ ਅਧਿਕਾਰ ਅਤੇ ਅਨੁਸ਼ਾਸਨੀ ਰੋਅਬ ਪਰਿਵਾਰ ਵਿੱਚ ਮੰਨਿਆ ਗਿਆ ਹੈ, ਪਰ ਹਿਰਦੇ ਤੋਂ ਪਿਤਾ ਵੀ ਬਹੁਤ ਕੋਮਲ ਭਾਵੀ ਹੁੰਦਾ ਹੈ। ਉਸ ਦਾ ਵੀ ਆਪਣੇ ਬੱਚਿਆਂ ਪ੍ਰਤੀ ਪਿਆਰ ਮਾਂ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਹੁੰਦਾ, ਪਰ ਉਸ ਨੂੰ ਪ੍ਰਗਟਾਉਣ ਦਾ ਵੱਲ ਮਾਂ ਜਿੰਨਾ ਨਹੀਂ। ਮਾਂ ਦਾ ਪਿਆਰ ਤਾਂ ਉਛਲਦਾ ਹੈ, ਡੁੱਲ੍ਹ ਡੁੱਲ੍ਹ ਪੈਂਦਾ ਹੈ ਅਤੇ ਉਸ ਦੇ ਲੱਖ ਯਤਨ ਕਰਨ ’ਤੇ ਵੀ ਉਸ ਦੀ ਮਮਤਾ ਜ਼ਾਹਰ ਹੋ ਹੀ ਜਾਂਦੀ ਹੈ।
ਮਾਤਾ-ਪਿਤਾ ਆਪਣੀ ਔਲਾਦ ਦੀ ਸਿੱਖਿਆ, ਸਿਹਤ, ਸਹੂਲਤਾਂ ਅਤੇ ਚਾਅ ਸਾਰੇ ਪੱਖਾਂ ਵੱਲ ਪੂਰਾ ਧਿਆਨ ਦਿੰਦੇ ਹਨ ਅਤੇ ਆਪ ਔਖੇ ਹੋ ਕੇ ਵੀ ਆਪਣੇ ਬੱਚਿਆਂ ਦੀਆਂ ਜਾਇਜ਼-ਨਾਜਾਇਜ਼ ਮੰਗਾਂ ਪ੍ਰਵਾਨ ਕਰਦੇ ਦਿਖਾਈ ਦਿੰਦੇ ਹਨ। ਭਾਵੇਂ ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਪੁੱਤਰ ’ਤੇ ਆਸ ਹੁੰਦੀ ਹੈ ਕਿ ਉਹ ਬੁੱਢੇ ਹੋਇਆਂ ਦੀ ਉਨ੍ਹਾਂ ਦੀ ਸੇਵਾ ਕਰੇਗਾ, ਪਰ ਧੀ ਪ੍ਰਤੀ ਵੀ ਉਨ੍ਹਾਂ ਦਾ ਪਿਆਰ ਕੋਈ ਘੱਟ ਨਹੀਂ ਹੁੰਦਾ। ਇਹ ਜਾਣਦੇ ਹੋਏ ਕਿ ਉਸ ਨੇ ਇੱਕ ਦਿਨ ਵਿਆਹੀ ਜਾਣਾ ਹੈ, ਮਾਪੇ ਸਗੋਂ ਉਸ ਵੱਲ ਵੱਧ ਧਿਆਨ ਦਿੰਦੇ ਹਨ ਤਾਂ ਕਿ ਉਸ ਨੂੰ ਸਹੁਰੇ ਘਰ ਪੂਰਾ ਮਾਣ ਸਨਮਾਨ ਮਿਲੇ। ਧੀ ਲਈ ਚੰਗਾ ਵਰ ਤੇ ਘਰ ਲੱਭਣਾ ਅਤੇ ਪੁੱਤਰ ਨੂੰ ਪੜ੍ਹਾ ਲਿਖਾ ਕੇ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ ਹਰੇਕ ਮਾਂ-ਬਾਪ ਦਾ ਸੁਪਨਾ ਹੁੰਦਾ ਹੈ। ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਆਪਣਾ ਸਭ ਕੁਝ ਦਾਅ ’ਤੇ ਲਾ ਦਿੰਦੇ ਹਨ।
ਪੁੱਤਰ ਜਾਂ ਧੀ ਦੀ ਛੋਟੀ ਜਿਹੀ ਪ੍ਰਾਪਤੀ ਅਤੇ ਉਨ੍ਹਾਂ ਦੇ ਗੁਣ ਮਾਪਿਆਂ ਨੂੰ ਮਾਣ ਨਾਲ ਭਰ ਦਿੰਦੇ ਹਨ। ਉਹ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਵਿੱਚ ਖੁਸ਼ੀ ਨਾਲ ਉਨ੍ਹਾਂ ਦਾ ਜ਼ਿਕਰ ਬਾਰ ਬਾਰ ਕਰਦੇ ਹਨ। ਫੇਰ ਪੁੱਤਰ ਜਾਂ ਧੀ ਦਾ ਪੜ੍ਹਾਈ ਵਿੱਚ ਪਿੱਛੇ ਰਹਿਣਾ, ਬਿਮਾਰ ਹੋ ਜਾਣਾ ਅਤੇ ਮਾੜੀ ਸੰਗਤ ਵਿੱਚ ਪੈ ਕੇ ਰਾਹੋਂ ਭਟਕ ਜਾਣਾ, ਉਨ੍ਹਾਂ ਨੂੰ ਚਿੰਤਾ ਦੀ ਦਲਦਲ ਵਿੱਚ ਫਸਾ ਦਿੰਦਾ ਹੈ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਉਹ ਹਰ ਸੰਭਵ ਉਪਾਅ ਕਰਦੇ ਹਨ। ਉਨ੍ਹਾਂ ਨੂੰ ਅਧਿਆਪਕਾਂ, ਡਾਕਟਰਾਂ, ਮਨੋਵਿਗਿਆਨਕਾਂ ਅਤੇ ਜੋਤਸ਼ੀਆਂ ਤੇ ਬਾਬਿਆਂ ਕੋਲ ਵੀ ਲੈ ਜਾਂਦੇ ਹਨ ਅਤੇ ਕਈ ਵਾਰੀ ਲੁੱਟੇ ਜਾਂਦੇ ਵੀ ਦੇਖਿਆ ਗਿਆ ਹੈ।
ਸੋਚੋ ਤਾਂ ਭਲਾਂ ਉਨ੍ਹਾਂ ਮਾਂ-ਬਾਪ ਬਾਰੇ ਜਿਨ੍ਹਾਂ ਦੇ ਪੁੱਤਰ ਨਸ਼ਈ ਹਨ, ਕੰਮ ਨਹੀਂ ਕਰਦੇ, ਜਿਨ੍ਹਾਂ ਦੇ ਬੱਚਿਆਂ ਕੋਲ ਟੀਵੀ, ਕੰਪਿਊਟਰ ਲਈ ਤਾਂ ਸਮਾਂ ਹੈ, ਪਰ ਮਾਂ- ਬਾਪ ਕੋਲ ਬੈਠ ਕੇ ਕੁਝ ਦੇਰ ਗੱਲਬਾਤ ਕਰਨ ਲਈ ਵਕਤ ਨਹੀਂ ਮਿਲਦਾ। ਕੀ ਬੀਤਦੀ ਹੋਵੇਗੀ ਉਨਾਂ ਦੇ ਦਿਲ ’ਤੇ ? ਉਨ੍ਹਾਂ ਨੇ ਤਾਂ ਚੰਗੇ ਸੰਸਕਾਰ ਹੀ ਦਿੱਤੇ ਸਨ। ਕਿਉਂ ਅੱਜ ਪੁੱਤ ਮਾਇਆ ਦੇ ਪਿੱਛੇ ਲੱਗ ਕੇ ਜਾਂ ਜਾਇਦਾਦਾਂ ਲਈ ਆਪਣੇ ਜਨਮ ਦਾਤਿਆਂ ਦੇ ਸਭ ਉਪਕਾਰ ਭੁਲਾ ਰਹੇ ਹਨ ? ਅਤੇ ਉਨ੍ਹਾਂ ਦੇ ਦੁਸ਼ਮਣ ਤੱਕ ਬਣ ਜਾਂਦੇ ਹਨ ? ਬਿਮਾਰ, ਬੇਸਹਾਰਾ ਅਤੇ ਬਿਰਧ ਮਾਪੇ ਜਦੋਂ ਕਿਸੇ ਬਿਰਧ ਆਸ਼ਰਮ ਵਿੱਚ ਸ਼ਰਨ ਲੈਣ ਲਈ ਮਜਬੂਰ ਹੁੰਦੇ ਹਨ ਤਾਂ ਉੁਸ ਖੁਸ਼ੀ ਦੀ ਯਾਦ, ਜਿਹੜੀ ਉਨ੍ਹਾਂ ਪੁੱਤਰ ਦੇ ਜਨਮ ਜਾਂ ਵਿਆਹ ’ਤੇ ਮਨਾਈ ਸੀ, ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਲੈ ਆਉਂਦੀ ਹੈ। ਕੋਈ ਬਿਗਾਨਾ ਵੀ ਜ਼ਰਾ ਕੁ ਹਮਦਰਦੀ ਦੇ ਬੋਲ ਇਨ੍ਹਾਂ ਬਜ਼ੁਰਗਾਂ ਲਈ ਬੋਲ ਦੇਵੇ, ਜ਼ਰਾ ਕੁ ਇਨ੍ਹਾਂ ਦੀ ਗੱਲ ਸੁਣ ਕੇ ਮੰਨਣ ਵਿੱਚ ਖੁਸ਼ੀ ਮਹਿਸੂਸ ਕਰੇ, ਕਿਸੇ ਕੰਮ ਲਈ ਇਨ੍ਹਾਂ ਦੀ ਰਾਇ ਪੁੱਛੇ ਤਾਂ ਇਨ੍ਹਾਂ ਦੇ ਚਿਹਰੇ ਦੀ ਚਮਕ ਦੇਖਿਆਂ ਹੀ ਬਣਦੀ ਹੈ। ਇਹ ਉਸ ਸ਼ਖ਼ਸ ਵਿੱਚੋਂ ਹੀ ਆਪਣੇ ਸੁਪਨੇ ਵਿੱਚ ਚਿਤਵੇ ਸਰਵਣ ਪੁੱਤਰ ਨੂੰ ਲੱਭਦੇ ਹਨ।
ਨਿੱਤ ਦਿਨ ਅਖ਼ਬਾਰਾਂ ਵਿੱਚ ਐਸੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ, ਜਿੱਥੇ ਪੁੱਤਰਾਂ ਵੱਲੋਂ ਮਾਂ-ਬਾਪ ਨੂੰ ਘਰੋਂ ਕੱਢ ਦੇਣ, ਬਿਰਧ ਆਸ਼ਰਮਾਂ ਵਿੱਚ ਛੱਡਣ, ਜਾਇਦਾਦ ਪਿੱਛੇ ਕਤਲ ਤੱਕ ਕਰਨ ਦੀਆਂ ਘਟਨਾਵਾਂ ਦਾ ਜ਼ਿਕਰ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਪੁੱਤ ਕਪੁੱਤ ਹੋ ਜਾਂਦੇ ਹਨ, ਪਰ ਮਾਪੇ ਕੁਮਾਪੇ ਨਹੀਂ ਹੁੰਦੇ। ਇਹ ਤੱਥ ਬਿਲਕੁਲ ਸਹੀ ਭਾਸਦਾ ਹੈ। ਪਾਣੀ ਉਬਲਦਾ ਹੋਇਆ ਵੀ ਬਲ਼ਦੀ ਅੱਗ ਨੂੰ ਬੁਝਾਵੇਗਾ ਹੀ, ਜਦਕਿ ਪੈਟਰੋਲ ਠੰਢਾ ਵੀ ਭਾਂਬੜ ਲਗਾ ਸਕਦਾ ਹੈ। ਮਾਪਿਆਂ ਦਾ ਗੁੱਸਾ ਜੇ ਕਿਧਰੇ ਹੋਵੇ ਵੀ, ਬੱਚਿਆਂ ਦੇ ਭਲੇ ਅਤੇ ਸੁਧਾਰ ਲਈ ਹੀ ਹੁੰਦਾ ਹੈ। ਇਹ ਅਲੱਗ ਗੱਲ ਹੈ ਕਿ ਬੱਚੇ ਇਸ ਨੂੰ ਸਮਝ ਸਕਦੇ ਹਨ ਜਾਂ ਨਹੀਂ। ਠੀਕ ਸਮੇਂ ’ਤੇ ਕੀਤੀ ਗਈ ਟੋਕਾਟਾਕੀ ਅਤੇ ਝਿੜਕ ਹੀ ਬੱਚੇ ਨੂੰ ਗ਼ਲਤ ਰਾਹਾਂ ਤੋਂ ਬਚਾਈ ਰੱਖਦੀ ਹੈ।
ਸਭ ਬੱਚਿਆਂ ਖ਼ਾਸ ਕਰਕੇ ਪੁੱਤਰਾਂ ਨੂੰ ਅਰਜ਼ ਹੈ ਕਿ ਉਹ ਜ਼ਿੰਦਗੀ ਦੇ ਇਸ ਖੂਬਸੂਰਤ ਰੰਗ ਨੂੰ ਸੰਭਾਲ ਲੈਣ। ਹੁਸਨ ਅਤੇ ਜਵਾਨੀ ਦੇ ਰੰਗ ਖੋ ਜਾਣ ਤੇ ਉਹ ਘਾਟਾ ਨਹੀਂ ਪੈਣ ਲੱਗਾ ਜਿਹੜਾ ਇਸ ਤੀਸਰੇ ਰੰਗ ਦੇ ਗੁਆਚਣ ’ਤੇ ਹੈ। ਇਸ ਨੂੰ ਮੱਧਮ ਨਾ ਹੋਣ ਦਿਓ। ਮਾਪਿਆਂ ਦੀ ਸੇਵਾ ਅਤੇ ਸਤਿਕਾਰ ਇੰਨਾ ਜ਼ਿਆਦਾ ਕਰੋ ਕਿ ਤੁਹਾਨੂੰ ਖ਼ੁਦ ਨੂੰ ਵੀ ਸੰਤੁਸ਼ਟੀ ਮਿਲੇ ਅਤੇ ਆਪਣੇ ਬੱਚਿਆਂ ਲਈ ਤੁਸੀਂ ਸੇਵਾ ਦਾ ਇੱਕ ਮਾਡਲ ਬਣ ਜਾਵੋ।

Advertisement
Author Image

joginder kumar

View all posts

Advertisement
Advertisement
×