ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀਆਂ
ਖੇਤਰੀ ਪ੍ਰਤੀਨਿਧ
ਪਟਿਆਲਾ, 22 ਅਕਤੂਬਰ
ਪਟਿਆਲਾ ਜ਼ਿਲ੍ਹੇ ਦੇ ਇੰਚਾਰਜ ਸੀਨੀਅਰ ਆਈ.ਏ.ਐੱਸ.ਅਧਿਕਾਰੀ ਵਿਵੇਕ ਪ੍ਰਤਾਪ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲੀਸ ਲਾਈਨ ਪਟਿਆਲਾ ਵਿੱਚ ਮਾਪੇ ਅਧਿਆਪਕ ਮਿਲਣੀ ਮੌਕੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਬੱਚਿਆਂ ਅਤੇ ਅਧਿਆਪਕਾਂ ਨੇ ਨਿੱਘਾ ਸਵਾਗਤ ਕੀਤਾ। ਅਧਿਕਾਰੀਆਂ ਕਿਹਾ ਕਿ ਬੱਚਿਆਂ ਦਾ ਭਵਿੱਖ ਮਾਪਿਆਂ ਅਤੇ ਸਕੂਲ ’ਤੇ ਨਿਰਭਰ ਕਰਦਾ ਹੈ, ਉਨ੍ਹਾਂ ਮਾਪਿਆਂ ਨੂੰ ਅਧਿਆਪਕਾਂ ਦੀ ਫੀਡਬੈਕ ਦੇਣ ਲਈ ਵੀ ਆਖਿਆ।
ਇਸ ਮੌਕੇ ਪੰਜਾਬ ਵਿੱਚ ਚਲਾਏ ਜਾ ਰਹੇ ਬਿਜ਼ਨੈੱਸ ਬਲਾਸਟਰ ਪ੍ਰੋਗਰਾਮ ਤਹਿਤ ਵੱਖ ਵੱਖ ਸਟਾਲ ਲਗਾਏ ਗਏ। ਮਾਪਿਆਂ ਦਾ ਸਵਾਗਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਸਕੂਲ ਦੇ ਨਾਲ ਨਾਲ ਬੱਚਿਆਂ ਦੀ ਸਫਲਤਾ ਵਿੱਚ ਮਾਪਿਆਂ ਦਾ ਵੀ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾ ਬੱਚਿਆਂ ਨੂੰ ਸਫਾਈ ਰੱਖਣ ਅਤੇ ਮਾਪਿਆਂ ਦਾ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਜੀਵ ਸ਼ਰਮਾ ਜ਼ਿਲ੍ਹਾ ਸਿਖਿਆ ਅਫਸਰ, ਰਵਿੰਦਰਪਾਲ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਮਨਦੀਪ ਕੌਰ ਪ੍ਰਿੰਸੀਪਲ ਵੀ ਸ਼ਾਮਲ ਸਨ।
ਸੰਦੌੜ (ਪੱਤਰ ਪ੍ਰੇਰਕ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲੇ ਤਹਿਤ ‘ਮੈਗਾ ਮਾਪੇ ਅਧਿਆਪਕ ਮਿਲਣੀ’ ਦੌਰਾਨ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਨੇ ਸਕੂਲ ਆਫ ਐਮੀਨੈਂਸ ਸੰਦੌੜ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਮੈਗਾ ਮਿਲਣੀ ਦਾ ਮੰਤਵ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਵਿਚਲੀ ਦੂਰੀ ਖ਼ਤਮ ਕਰਨਾ ਹੈ ਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਹਾਂ ਪੱਖੀ ਚਰਚਾ ਕਰਨਾ ਹੈ।
ਦੇਵੀਗੜ੍ਹ (ਪੱਤਰ ਪ੍ਰੇਰਕ): ਬਲਾਕ ਭੁਨਰਹੇੜੀ ਦੇ ਪਿੰਡ ਮਲਕਪੁਰ ਕੰਬੋਆਂ ਦੀ ਨਵੀਂ ਬਣੀ ਗ੍ਰਾਮ ਪੰਚਾਇਤ ਨੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਹੋਈ ਅਧਿਆਪਕ-ਮਾਪੇ ਮਿਲਣੀ ’ਚ ਸ਼ਿਰਕਤ ਕੀਤੀ। ਇਸ ਮੌਕੇ ਸਰਪੰਚ ਵੱਲੋਂ ਸਕੂਲ ਇੰਚਾਰਜ ਮਾਸਟਰ ਮਨਕਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ। ਸਕੂਲ ਇੰਚਾਰਜ ਅਤੇ ਸਟਾਫ਼ ਨੇ ਨਵੀਂ ਬਣੀ ਪੰਚਾਇਤ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਆਖਿਆ। ਇਸ ਦੌਰਾਨ ਨਵੇਂ ਬਣੇ ਸਰਪੰਚ ਗੁਰਪ੍ਰੀਤ ਕੌਰ ਅਤੇ ਉਨਾਂ ਦੇ ਪਤੀ ਬਲਵਿੰਦਰ ਸਿੰਘ ਲਾਹੌਰੀਆ ਵੱਲੋਂ ਸਕੂਲ ਪਹੁੰਚੇ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਪੜ੍ਹਾਉਣ ਤਾਂ ਕਿ ਪੰਜਾਬੀ ਭਾਸ਼ਾ ਵੱਧ-ਫੁੱਲ ਸਕੇ। ਨਵੀਂ ਬਣੀ ਪੰਚਾਇਤ ਨੇ ਸਕੂਲ ਪ੍ਰਸ਼ਾਸਨ ਨੂੰ ਵੀ ਯਕੀਨ ਦਿਵਾਇਆ ਕਿ ਉਹ ਪਿੰਡ ਦੇ ਸਕੂਲ ਦੇ ਵਿਕਾਸ ਲਈ ਹਰ ਤਰ੍ਹਾਂ ਨਾਲ ਬਣਦਾ ਸਹਿਯੋਗ ਦੇਣ ਲਈ ਹਮੇਸ਼ਾਂ ਵਚਨਬੱਧ ਰਹਿਣਗੇ। ਇਸ ਮੌਕੇ ਪੰਚ ਹਰਜਿੰਦਰ ਸਿੰਘ, ਪੰਚ ਕੁਲਦੀਪ ਸਿੰਘ, ਭਰਤਇੰਦਰ ਸਿੰਘ, ਪ੍ਰਿੰਸ, ਬਲਬੀਰ ਸਿੰਘ, ਗੁਰਜੀਤ ਸਿੰਘ, ਮਿਹਰ ਸਿੰਘ, ਅਨੂਪ ਸਿੰਘ, ਬਲਕਾਰ ਸਿੰਘ, ਸਤਿੰਦਰ ਸਿੰਘ, ਬਿਕਰਮਜੀਤ ਸਿੰਘ ਆਦਿ ਦਾ ਐਡਵੋਕੇਟ ਰਵਿੰਦਰ ਸਿੰਘ ਭੰਗੂ ਨੇ ਧੰਨਵਾਦ ਕੀਤਾ।
ਵਿਦਿਆਰਥੀਆਂ ਦੀ ਕਾਰਗੁਜ਼ਾਰੀ ਮਾਪਿਆਂ ਅੱਗੇ ਰੱਖੀ
ਅਮਰਗੜ੍ਹ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸਕੈਡਰੀ ਸਮਾਰਟ ਸਕੂਲ ਵਿੱਚ ਪ੍ਰਿੰਸੀਪਲ ਕੁਲਵੰਤ ਸਿੰਘ ਗਰੇਵਾਲ ਦੀ ਦੇਖ-ਰੇਖ ਹੇਠ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਲੈਕਚਰਾਰ ਕੁਲਵੰਤ ਸਿੰਘ ਭੈਣੀ ਨੇ ਦੱਸਿਆ ਕਿ ਮਾਪੇ, ਸਕੂਲ ਮੈਨੇਜਮੈਂਟ ਤੇ ਅਧਿਆਪਕਾਂ ਨੇ ਸਕੂਲ ਸਿੱਖਿਆ ਪ੍ਰਬੰਧ ਨੂੰ ਬਿਹਤਰ ਬਣਾਉਣ ਲਈ ਵਿਚਾਰ ਸਾਂਝੇ ਕੀਤੇ। ਸਤੰਬਰ ਵਿਚ ਲਏ ਗਏ ਪੇਪਰਾਂ ਦਾ ਨਤੀਜਾ ਵੀ ਮਾਪਿਆਂ ਨਾਲ ਸਾਂਝਾ ਕਰਦਿਆਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਮਾਪਿਆਂ ਸਾਹਮਣੇ ਰੱਖੀ ਗਈ। ਮਾਪਿਆਂ ਦੇ ਸਵਾਲਾਂ ਬਾਰੇ ਵੀ ਅਧਿਆਪਕਾਂ ਵੱਲੋਂ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਲਈ ਭਲਾਈ ਸਕੀਮਾਂ ਤੇ ਸਹੂਲਤਾਂ ਬਾਰੇ ਵੀ ਮਾਪਿਆਂ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਮਾਪਿਆਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮੈਗਾ ਪੀ.ਟੀ.ਐੱਮ ’ਚ ਹਿਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਸਿੱਖਿਆ ਕ੍ਰਾਂਤੀ ਲਿਆਂਦੀ ਜਾ ਸਕੇ। ਇਸ ਮੌਕੇ ਵਾਈਸ ਪ੍ਰਿੰਸੀਪਲ ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਨਿਆਮਤਪੁਰ, ਲੈਕ ਰਮਨਪ੍ਰੀਤ ਕੌਰ,ਬਲਜੀਤ ਕੌਰ, ਰੇਖਾ ਰਾਣੀ ਆਦਿ ਨੇ ਮਾਪਿਆਂ ਨਾਲ ਮੀਟਿੰਗ ਕੀਤੀ।