ਐੱਮਸੀਡੀ ਸਕੂਲਾਂ ’ਚ ਮਾਪੇ-ਅਧਿਆਪਕ ਮਿਲਣੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਕਤੂਬਰ
ਦਿੱਲੀ ਨਗਰ ਨਿਗਮ (ਐੱਮਸੀਡੀ) ਦੇ ਸਾਰੇ ਸਕੂਲਾਂ ਵਿੱਚ ਅੱਜ ਮੈਗਾ ਮਾਪੇ-ਅਧਿਆਪਕ ਮੀਟਿੰਗ (ਪੀਟੀਐਮ) ਦਾ ਆਯੋਜਨ ਕੀਤਾ ਗਿਆ। ਸਕੂਲਾਂ ਵਿੱਚ ਕਰਵਾਈਆਂ ਗਈਆਂ ਮੀਟਿੰਗਾਂ ਦੌਰਾਨ ਮਾਪਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪਹਿਲੀ ਵਾਰ ਇਹ ਮੀਟਿੰਗ ਦੋ ਦਿਨਾਂ ਲਈ ਕੀਤੀ ਜਾ ਰਹੀ ਹੈ। ਪਹਿਲੇ ਦਿਨ ਹੀ ਵੱਡੀ ਗਿਣਤੀ ਵਿੱਚ ਮਾਪਿਆਂ ਨੇ ਸ਼ਮੂਲੀਅਤ ਕੀਤੀ। ਮੈਗਾ ਪੀਟੀਐੱਮ ਦੇ ਮੌਕੇ ’ਤੇ ਸਿੱਖਿਆ ਮੰਤਰੀ ਆਤਿਸ਼ੀ ਅਤੇ ਡਿਪਟੀ ਮੇਅਰ ਅਲੇ ਮੁਹੰਮਦ ਇਕਬਾਲ ਨੇ ਵੀਰ ਸਾਵਰਕਰ ਸਰਵੋਦਿਆ ਵਿਦਿਆਲਿਆ, ਕਾਲਕਾਜੀ ਅਤੇ ਨਗਰ ਨਿਗਮ ਪ੍ਰਾਇਮਰੀ ਸਕੂਲ, ਗੋਵਿੰਦਪੁਰੀ ਵਿੱਚ ਕਰਵਾਈਆਂ ਮੀਟਿੰਗਾਂ ’ਚ ਹਿੱਸਾ ਲਿਆ ਅਤੇ ਮਾਪਿਆਂ ਤੇ ਬੱਚਿਆਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਟਵੀਟ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ‘‘ਬੱਚਿਆਂ ਦੀ ਕਾਮਯਾਬੀ ’ਚ ਮਾਪਿਆਂ ਦਾ ਵੱਡਾ ਯੋਗਦਾਨ ਹੁੰਦਾ ਹੈ। ਦਿੱਲੀ ਸਰਕਾਰ ਅਤੇ ਐੱਮਸੀਡੀ ਦੇ ਸਾਰੇ ਸਕੂਲਾਂ ਵਿੱਚ ਅੱਜ ਮਾਪੇ ਦਿਵਸ ਹੈ। ਮੈਂ ਸਾਰੇ ਮਾਪਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਆਪਣੇ ਬੱਚਿਆਂ ਦੇ ਸਕੂਲ ਵਿੱਚ ਆਓ, ਬੱਚਿਆਂ ਦੀ ਤਰੱਕੀ ਬਾਰੇ ਅਧਿਆਪਕਾਂ ਨਾਲ ਗੱਲ ਕਰੋ ਅਤੇ ਖੁੱਲ੍ਹ ਕੇ ਵਿਚਾਰ ਕਰੋ। ਅਸੀਂ ਹੁਣ ਤੱਕ ਇਕੱਠੇ ਸਫ਼ਰ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਇਕੱਠੇ ਕੰਮ ਕਰਾਂਗੇ।’’