ਮਾਪੇ-ਅਧਿਆਪਕ ਮਿਲਣੀ: ਮੁੱਖ ਮੰਤਰੀ ਤੇ ਕੈਬਨਿਟ ਮੰਤਰੀਆਂ ਨੇ ਕੀਤੀ ਸ਼ਮੂਲੀਅਤ
ਆਤਿਸ਼ ਗੁਪਤਾ
ਚੰਡੀਗੜ੍ਹ, 22 ਅਕਤੂਬਰ
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਵਿੱਚ ਸੁਧਾਰ ਕਰਨ ਲਈ ਅੱਜ ਸੂਬੇ ਦੇ 20 ਹਜ਼ਾਰ ਸਰਕਾਰੀ ਸਕੂਲਾਂ ਵਿੱਚ ਤੀਜੀ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ 27 ਲੱਖ ਮਾਪਿਆਂ ਨੇ ਅਧਿਆਪਕਾਂ ਨਾਲ ਗੱਲਬਾਤ ਕਰਕੇ ਆਪਣੇ ਬੱਚਿਆਂ ਦੀ ਸਿੱਖਿਆ ਰਿਪੋਰਟ ਹਾਸਲ ਕੀਤੀ। ਇਸ ਦੇ ਨਾਲ ਹੀ ਸੂਬਾ ਸਰਕਾਰ ਵੱਲੋਂ ਸਿੱਖਿਆ ਪੱਧਰ ਵਿੱਚ ਸੁਧਾਰ ਕਰਨ ਲਈ ਕੀਤੇ ਯਤਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੰਗਲ ਦੇ ਸਰਕਾਰੀ ਸਕੂਲ ਲੜਕਿਆਂ ਵਿੱਚ ਪਹੁੰਚੇ। ਇੱਥੇ ਉਨ੍ਹਾਂ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ।
ਉਧਰ, ਕੈਬਨਿਟ ਮੰਤਰੀ ਅਮਨ ਅਰੋੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸੁਨਾਮ ਊਧਮ ਸਿੰਘ ਵਾਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਲੌਂਗੋਵਾਲ ਵਿੱਚ ਪਹੁੰਚੇ। ਡਾ. ਰਵਜੋਤ ਸਿੰਘ ਨੇ ਸਕੂਲ ਆਫ਼ ਐਮੀਨੈਂਸ ਨਵਾਂ ਸ਼ਹਿਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਾਡਲਾ, ਹਰਦੀਪ ਸਿੰਘ ਮੁੰਡੀਆਂ ਨੇ ਸਕੂਲ ਆਫ਼ ਐਮੀਨੈਂਸ ਡੇਰਾਬੱਸੀ ਸਕੂਲ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਹੋਰਨਾਂ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੇ ਸੂਬੇ ਦੇ ਵੱਖ-ਵੱਖ ਸਕੂਲਾਂ ਵਿੱਚ ਪਹੁੰਚ ਕੇ ਸੂਬਾ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੇ ਸੁਧਾਰਾਂ ਨੂੰ ਲੋਕਾਂ ਤੱਕ ਪਹੁੰਚਾਇਆ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਮਾਪੇ-ਅਧਿਆਪਕ ਮਿਲਣੀ ਵਿੱਚ 19 ਲੱਖ ਮਾਪਿਆਂ ਨੇ ਸ਼ਮੂਲੀਅਤ ਕੀਤੀ ਸੀ, ਜਿਨ੍ਹਾਂ ਨੇ ਕਈ ਸੁਝਾਅ ਵੀ ਸਕੂਲ ਪ੍ਰਬੰਧਕਾਂ ਨੂੰ ਦਿੱਤੇ ਸਨ। ਇਸ ਵਾਰ 27 ਲੱਖ ਮਾਪਿਆਂ ਨੇ ਸ਼ਮੂਲੀਅਤ ਕੀਤੀ ਹੈ।
ਨੰਗਲ (ਰਾਕੇਸ਼ ਸੈਣੀ): ਸਕੂਲ ਆਫ ਐਮੀਨੈਂਸ ਨੰਗਲ ਵਿੱਚ ਅੱਜ ਮਾਪੇ-ਅਧਿਆਪਕ ਮਿਲਣੀ ਸਮਾਰੋਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ| ਮੁੱਖ ਮੰਤਰੀ ਦਾ ਵਿਦਿਆਰਥੀਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ| ਇਸ ਮੌਕੇ ਭਗਵੰਤ ਮਾਨ ਨੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਵਿਚਾਰ ਵੀ ਸੁਣੇ| ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾ ’ਤੇ ਬੂਰ ਵੀ ਪੈਣ ਲੱਗਾ ਹੈ| ਉਨ੍ਹਾਂ ਕਿਹਾ ਕਿ ਹੁਣ ਸੂਬੇ ਦੇ ਲੋਕਾਂ ਦਾ ਝੁਕਾਅ ਨਿੱਜੀ ਸਕੂਲਾਂ ਤੋਂ ਹਟ ਗਿਆ ਹੈ ਤੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਰਹੇ ਹਨ| ਇਸ ਮੌਕੇ ਉਨ੍ਹਾਂ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੰਸਦ ਮਾਲਵਿੰਦਰ ਸਿੰਘ ਕੰਗ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ|
ਜਲ ਸਪਲਾਈ ਕਾਮਿਆਂ ਵੱਲੋਂ ਮੁੱਖ ਮੰਤਰੀ ਦਾ ਵਿਰੋਧ
ਨੰਗਲ (ਰਾਕੇਸ਼ ਸੈਣੀ):
ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਸਕੂਲ ਆਫ ਐਮੀਨੈਂਸ ਨੰਗਲ ਵਿੱਚ ਪੁੱਜਣ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਵਿਰੋਧ ਕੀਤਾ ਗਿਆ| ਯੁੂਨੀਅਨ ਦੇ ਆਗੂ ਮੁੱਖ ਮੰਤਰੀ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨਾ ਚਾਹੁੰਦੇ ਸਨ ਪਰ ਪੁਲੀਸ ਨੇ ਇਨ੍ਹਾਂ ਨੂੰ ਸਟਾਫ ਕਲੱਬ ਨੰਗਲ ਨੇੜੇ ਹੀ ਰੋਕ ਲਿਆ| ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜਿੰਦਵੜੀ ਅਤੇ ਨੰਗਲ ਇਕਾਈ ਪ੍ਰਧਾਨ ਸੁੁਰਿੰਦਰ ਸਿੰਘ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰ ਕਰਦੇ ਆ ਰਹੇ ਕੰਟਰੈਕਟ ਵਰਕਰਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ ਤੇ ਮੁੱਖ ਮੰਤਰੀ ਕਈ ਵਾਰ ਯੁੂਨੀਅਨ ਮੈਂਬਰਾਂ ਨਾਲ ਮੀਟਿੰਗ ਦਾ ਵਾਅਦਾ ਕਰਕੇ ਮੁੱਕਰ ਚੁੱਕੇ ਹਨ| ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਅਨੁਸਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ| ਇਸ ਮੌਕੇ ਰੇਸ਼ਮ ਗਿੱਲ, ਗੋਲਡੀ, ਸਤਨਾਮ ਸਿੰੰਘ, ਸੋਨੂ ਕੁਮਾਰ, ਪਰਮਜੀਤ ਸਿੰਘ ਤੇ ਰਾਜੀਵ ਨੰਗਲ ਆਦਿ ਹਾਜ਼ਰ ਸਨ|