ਸਿਲਵਰ ਓਕਸ ਸਕੂਲ ’ਚ ਮਾਪੇ-ਅਧਿਆਪਕ ਮਿਲਣੀ ਤੇ ਪੁਸਤਕ ਮੇਲਾ
ਸ਼ਗਨ ਕਟਾਰੀਆ
ਜੈਤੋ, 24 ਦਸੰਬਰ
ਸਿਲਵਰ ਓਕਸ ਸਕੂਲ ਸੇਵੇਵਾਲਾ ਵਿੱਚ ਮਾਪੇ-ਅਧਿਆਪਕ ਮਿਲਣੀ ਦੌਰਾਨ ਪੁਸਤਕ ਮੇਲਾ ਲਾਇਆ ਗਿਆ। ਨਰਸਰੀ ਤੋਂ ਗਿਆਰਵੀਂ ਕਲਾਸ ਦੇ ਬੱਚਿਆਂ ਲਈ ਅੱਜ ਮਾਪੇ-ਅਧਿਆਪਕ ਹੋਈ। ਮਿਲਣੀ ਵਿੱਚ ਅਧਿਆਪਕਾਂ ਅਤੇ ਮਾਪਿਆਂ ਦੋਵਾਂ ਨੇ ਬੱਚਿਆਂ ਬਾਰੇ ਗੱਲਬਾਤ ਕੀਤੀ ਅਤੇ ਬੱਚਿਆਂ ਦੀਆਂ ਸਮੱਸਿਆਵਾਂ ’ਤੇ ਚਰਚਾ ਕਰਦਿਆਂ ਉਨ੍ਹਾਂ ਨੂੰ ਹੱਲ ਕਰਨ ਦੇ ਸੁਝਾਅ ਬਾਰੇ ਵਿਚਾਰ ਸਾਂਝੇ ਕੀਤੇ, ਤਾਂ ਜੋ ਉਹ ਵਿਦਿਆਰਥੀਆਂ ਨੂੰ ਤਰੱਕੀ ਦੇ ਰਾਹ ਵੱਲ ਲਿਜਾ ਸਕਣ। ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਨੇ ਕਿਹਾ ਕਿ ਮਾਪਿਆਂ ਅਤੇ ਅਧਿਆਪਕਾਂ ਦਾ ਆਹਮੋ-ਸਾਹਮਣੇ ਸੰਚਾਰ ਉਨ੍ਹਾਂ ਦੇ ਬੱਚੇ ਦੀ ਸਿੱਖਣ ਦੀ ਪ੍ਰਕਿਰਿਆ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮਾਪਿਆਂ ਨੇ ਅਧਿਆਪਕਾਂ ਵੱਲੋਂ ਬੱਚਿਆਂ ਦੀ ਤਰੱਕੀ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਹੋਏ ਸਾਲਾਨਾ ਸਮਾਗਮ ਦੀ ਸ਼ਲਾਘਾ ਕਰਦਿਆਂ, ਅਧਿਆਪਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਲੱਗੇ ‘ਪੁਸਤਕ ਮੇਲੇ’ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਨੂੰ ਸਾਰੇ ਵਿਸ਼ਿਆਂ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੀਆਂ ਪੁਸਤਕਾਂ ਇੱਕੋ ਥਾਂ ’ਤੇ ਦੇਖਣ ਨੂੰ ਮਿਲ ਰਹੀਆਂ ਸਨ। ਵਿਦਿਆਰਥੀਆਂ ਨੇ ਦੱਸਿਆ ਕਿ ਇੱਥੇ ਉਹ ਕਿਤਾਬਾਂ ਉਪਲਬਧ ਹਨ, ਜੋ ਕਿ ਬਾਜ਼ਾਰ ਵਿੱਚ ਆਸਾਨੀ ਨਾਲ ਨਹੀਂ ਮਿਲਦੀਆਂ। ਪ੍ਰਿੰਸੀਪਲ ਨੇ ਕਿਹਾ ਕਿ ਪੁਸਤਕ ਮੇਲੇ ਦਾ ਉਦੇਸ਼ ਬੱਚਿਆਂ ਦੀ ਪੜ੍ਹਨ ਰੁਚੀ ਨੂੰ ਵਧਾਉਣਾ ਹੈ ਅਤੇ ਸਕੂਲ ਵਿੱਚ ਸਮੇਂ-ਸਮੇਂ ’ਤੇ ਅਜਿਹੇ ਪੁਸਤਕ ਮੇਲੇ ਕਰਵਾਏ ਜਾਣਗੇ। ਅਜਿਹੇ ਮੇਲੇ ਵਿਦਿਆਰਥੀਆਂ ਦਾ ਭਵਿੱਖ ਬਣਾਉਣ ਵਿੱਚ ਸਹਾਈ ਹੁੰਦੇ ਹਨ।