ਪਰਦੀਪ ਜੋਸ਼ਨ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਬਣੇ
ਸਰਬਜੀਤ ਸਿੰਘ ਭੰਗੂ
ਸਨੌਰ/ਘਨੌਰ, 9 ਜਨਵਰੀ
ਨਗਰ ਕੌਂਸਲ ਸਨੌਰ ਅਤੇ ਘਨੌਰ ਦੇ ਪ੍ਰਧਾਨ ਸਣੇ ਹੋਰ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਅੱੱਜ ਮੁਕੰਮਲ ਹੋ ਗਈ। ਇਸ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਪਹਿਲਾਂ ਨਵੇਂ ਚੁਣੇ ਕੌਂਸਲਰਾਂ ਨੂੰ ਸਹੁੰ ਵੀ ਚੁਕਾਈ। ਕੈਬਨਿਟ ਮੰਤਰੀ ਵੱਲੋਂ ਕਰਵਾਈ ਗਈ ਚੋਣ ਦੌਰਾਨ ਸਨੌਰ ਤੇ ਘਨੌਰ ’ਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨਾਂ ਦੇ ਅਹੁਦਿਆਂ ’ਤੇ ‘ਆਪ’ ਦੇ ਹੀ ਕੌਂਸਲਰ ਕਾਬਜ਼ ਹੋਏ। ਨਗਰ ਕੌਂਸਲ ਸਨੌਰ ਦੇ ਅਹੁਦੇਦਾਰਾਂ ਦੀ ਚੋਣ ਸਨੌਰ ਤੋਂ ‘ਆਪ’ ਦੇ ਵਿਧਾਇਕ ਹਰਮੀਤ ਪਠਾਣਮਾਜਰਾ ਦੀ ਮੌਜੂਦਗੀ ’ਚ ਹੋਈ ਜਿਸ ਦੌਰਾਨ ‘ਆਪ’ ਦੇ ਟਕਸਾਲੀ ਆਗੂ ਪਰਦੀਪ ਜੋਸ਼ਨ ਸਰਬਸੰਮਤੀ ਨਾਲ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਚੁਣੇ ਗਏ। ਉਹ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਓਐੱਸਡੀ ਵੀ ਰਹੇ ਹਨ। ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਨਰਿੰਦਰ ਤੱਖੜ ਚੁਣੇ ਗਏ ਤੇ ਮੀਤ ਪ੍ਰਧਾਨ ਦਾ ਅਹੁਦਾ ‘ਆਪ’ ਆਗੂ ਅਮਨ ਢੋਟ ਦੀ ਪਤਨੀ ਕੰਵਲਜੀਤ ਕੌਰ ਦੇ ਹਿੱਸੇ ਆਇਆ। ਯਾਦ ਰਹੇ ਕਿ ਨਗਰ ਕੌਂਸਲ ਸਨੌਰ ਦੀਆਂ ਸਾਰੀਆਂ ਵਾਰਡਾਂ ’ਤੇ ‘ਆਪ’ ਦੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਸਨ। ਇਸ ਮੌਕੇ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਵੀ ਮੌਜੂਦ ਸਨ। ਦੂਜੇ ਪਾਸੇ ਘਨੌਰ ਦੇ ‘ਆਪ’ ਵਿਧਾਇਕ ਗੁਰਲਾਲ ਘਨੌਰ ਦੀ ਮੌਜੂਦਗੀ ’ਚ ਹੋਈ ਨਗਰ ਪੰਚਾਇਤ ਘਨੌਰ ਦੀ ਚੋਣ ਦੌਰਾਨ ‘ਆਪ’ ਯੂਥ ਵਿੰਗ ਆਗੂ ਪਰਮਿੰਦਰ ਸਿੰਘ ਪੰਮਾ ਦੀ ਪਤਨੀ ਮਨਦੀਪ ਕੌਰ ਹੰਝਰਾ ਨੂੰ ਸਰਬਸੰਮਤੀ ਨਾਲ ਨਗਰ ਪੰਚਾਇਤ ਘਨੌਰ ਦਾ ਪ੍ਰਧਾਨ ਚੁਣ ਲਿਆ ਗਿਆ। ਸੀਨੀਅਰ ਮੀਤ ਪ੍ਰਧਾਨ ਵਜੋਂ ਅੰਕਿਤ ਸੂਦ ਤੇ ਮੀਤ ਪ੍ਰਧਾਨ ਵਜੋਂ ਰਵੀ ਘਨੌਰ ਦੀ ਚੋਣ ਕੀਤੀ ਗਈ। ਇਸ ਤੋਂ ਪਹਿਲਾਂ ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਹੇਠ ਸਮੂਹ ਕੌਂਸਲਰਾਂ ਨੇ ਸਹੁੰ ਵੀ ਚੁੱਕੀ। ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਘਨੌਰ ਦੀਆਂ ਸਾਰੀਆਂ 11 ਵਾਰਡਾਂ ਤੋਂ ‘ਆਪ’ ਦੇ ਹੀ ਕੌਂਸਲਰ ਹਨ।
ਨਗਰ ਪੰਚਾਇਤ ਘੱਗਾ ਦੇ ਪ੍ਰਧਾਨ ਬਣੇ ਮਿੱਠੂ ਸਿੰਘ
ਘੱਗਾ (ਰਵੇਲ ਸਿੰਘ ਭਿੰਡਰ): ਨਗਰ ਪੰਚਾਇਤ ਘੱਗਾ ਦੀ ਪ੍ਰਧਾਨਗੀ ਦਾ ਤਾਜ ਮਿੱਠੂ ਸਿੰਘ ਨੂੰ ਨਸੀਬ ਹੋਇਆ| ਇਸ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਵਜੋਂ ਸ਼ਕਤੀ ਗੋਇਲ ਤੇ ਮੀਤ ਪ੍ਰਧਾਨ ਵਜੋਂ ਜਸਵੰਤ ਸਿੰਘ ਜੱਸ ਚੁਣੇ ਗਏ| ਆਹੁਦੇਦਾਰਾਂ ਦੀ ਇਸ ਚੋਣ ਦੀ ਦੇਖ-ਰੇਖ ਲਈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੀ ਪੁੱਜੇ ਹੋਏ ਸਨ| ਜ਼ਿਕਰਯੋਗ ਹੈ ਕਿ 13 ਮੈਂਬਰੀਂ ਇਸ ਨਗਰ ਪੰਚਾਇਤ ’ਚ ਸੱਤਾ ਧਿਰ ‘ਆਪ’ ਦੇ 8 ਕੌਂਸਲਰ ਜੇਤੂ ਬਣੇ ਸਨ, ਜਦੋਂ ਕਿ 4 ਆਜ਼ਾਦ ਕੌਂਸਲਰ ਜਿੱਤੇ ਸਨ। ਵਧੇਰੇ ਆਜ਼ਾਦ ਕੌਂਸਲਰ ਅੱਜ ਸੱਤਾ ਧਿਰ ਦੇ ਹੱਕ ’ਚ ਭੁਗਤੇ| ਸਾਰੇ ਮਿਉਂਸਿਪਲ ਕੌਂਸਲਰਾਂ ਨੂੰ ਪਹਿਲਾਂ ਐੱਸਡੀਐੱਮ ਪਾਤੜਾਂ ਵੱਲੋਂ ਸੰਵਿਧਾਨ ਦੀ ਸਹੁੰ ਚੁਕਾਈ ਗਈ ਤੇ ਮਗਰੋਂ ਆਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਨੇਪਰੇ ਚੜ੍ਹੀ| ਕੌਂਸਲਰ ਗੁਰਵਿੰਦਰ ਸਿੰਘ ਵੱਲੋਂ ਪ੍ਰਧਾਨਗੀ ਲਈ ਮਿੱਠੂ ਸਿੰਘ ਦਾ ਨਾਂ ਪੇਸ਼ ਕੀਤਾ ਗਿਆ, ਜਿਹੜਾ ਸਰਬਸੰਮਤੀ ਅਮਲ ਨਾਲ ਨੇਪਰੇ ਚੜ੍ਹਿਆ, ਅਜਿਹੇ ਦੌਰਾਨ ਸ਼ਕਤੀ ਗੋਇਲ ਤੇ ਜਸਵੰਤ ਸਿੰਘ ਜੱਸ ਕ੍ਰਮਵਾਰ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਮੁਕੰਮਲ ਹੋਈ| ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਸਾਰੀ ਚੋਣ ਪ੍ਰਕਿਰਿਆ ਸਰਬਸੰਮਤੀ ਨਾਲ ਹੋਣ ’ਤੇ ਸਾਰੇ ਕੌਂਸਲਰਾਂ ਦਾ ਧੰਨਵਾਦ ਕੀਤਾ| ਇਸ ਮਗਰੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਨਵੇਂ ਬਣੇ ਪ੍ਰਧਾਨ ਮਿੱਠੂ ਸਿੰਘ ਤੇ ਨਗਰ ਪੰਚਾਇਤ ਘੱਗਾ ਦੀ ਸਮੁੱਚੀ ਨਵੀਂ ਟੀਮ ਨੂੰ ਵਧਾਈ ਦਿੱਤੀ ਤੇ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਨਗਰ ਦੇ ਵਿਕਾਸ ’ਚ ਕੋਈ ਕਸਰ ਨਹੀਂ ਛੱਡੀ ਜਾਏਗੀ| ਇਸ ਮੌਕੇ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹੰਡਾਣਾ, ‘ਆਪ’ ਦੇ ਸ਼ਹਿਰੀ ਘੱਗਾ ਦੇ ਪ੍ਰਧਾਨ ਨੰਦ ਲਾਲ, ਟਰੱਕ ਯੂਨੀਅਨ ਪਾਤੜਾਂ ਦੇ ਪ੍ਰਧਾਨ ਰਣਜੀਤ ਸਿੰਘ ਵਿਰਕ, ਮਦਨ ਲਾਲ, ਜਤਿੰਦਰ ਮੈਣੀ ਘੱਗਾ, ਬਿੱਟੂ ਘੱਗਾ, ਤਰਸੇਮ ਚੰਦ, ਰਵਿੰਦਰ ਸਿੰਘ ਭਿੰਡਰ, ਭੀਮ ਸੈਨ ਗੋਇਲ, ਸਰਪੰਚ ਵਿਕਰਮ ਡਰੌਲੀ ਤੇ ਕਰਨੈਲ ਸਿੰਘ ਦੁਤਾਲ ਆਦਿ ਵੀ ਹਾਜ਼ਰ ਸਨ।