ਪਰਮਪਾਲ ਮਲੂਕਾ ਵੱਲੋਂ ਪਰਲ ਗਰੁੱਪ ਦੇ ਪੀੜਤਾਂ ਨੂੰ ਇਨਸਾਫ਼ ਦਾ ਭਰੋਸਾ
ਮਨੋਜ ਸ਼ਰਮਾ
ਬਠਿੰਡਾ, 30 ਮਈ
ਲੰਮੇ ਸਮੇਂ ਤੋਂ ਇਨਸਾਫ਼ ਮੰਗ ਰਹੇ ਪਰਲ ਗਰੁੱਪ ਦੇ ਪੀੜਤਾਂ ਨੂੰ ਚੋਣਾਂ ਤੋਂ ਬਾਅਦ ਤੁਰੰਤ ਇਨਸਾਫ਼ ਮਿਲੇਗਾ ਤੇ ਚਿਰਾਂ ਤੋਂ ਲਟਕਦੇ ਮਸਲੇ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲਹਿਰਾ ਥਰਮਲ ਕਲੋਨੀ ਨੂੰ ਭੁੱਚੋ ਟੋਲ ਫ੍ਰੀ ਕਰਵਾਇਆ ਜਾਵੇਗਾ। ਇਹ ਦਾਅਵਾ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਉਮੀਦਵਾਰ ਬੀਬਾ ਪਰਮਪਾਲ ਕੌਰ ਮਲੂਕਾ ਅਤੇ ਸਾਬਕਾ ਚੇਅਰਮੈਨ ਗੁਰਪ੍ਰੀਤ ਮਲੂਕਾ ਨੇ ਪਰਲ ਗਰੁੱਪ ਤੋਂ ਇਨਸਾਫ਼ ਲੈਣ ਲਈ ਬਣੀ ਕਮੇਟੀ ਅਤੇ ਥਰਮਲ ਕਲੋਨੀ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਕੀਤਾ। ਪਰਮਪਾਲ ਮਲੂਕਾ ਨੇ ਕਿਹਾ ਕਿ ਪਰਲ ਗਰੁੱਪ ਨੇ ਲੱਖਾਂ ਲੋਕਾਂ ਦੀ ਮਿਹਨਤ ਦੀ ਕਮਾਈ ਖਾ ਕੇ ਆਪਣੀ ਸਲਤਨਤ ਖੜ੍ਹੀ ਕੀਤੀ ਹੈ। ਉਨ੍ਹਾਂ ਕਿਹਾ ਕਿਸੇ ਵੀ ਸਰਕਾਰ ਨੇ ਪੀੜਤਾਂ ਦੀ ਬਾਂਹ ਨਹੀਂ ਫੜੀ। ਮੁੱਖ ਮੰਤਰੀ ਭਗਵੰਤ ਮਾਨ ਵੀ ਵੱਡੇ ਵੱਡੇ ਵਾਅਦੇ ਕਰ ਕੇ ਮੁਕਰ ਗਏ ਹਨ। ਲੋਕਾਂ ਦੇ ਸੁਫਨਿਆਂ ਨੂੰ ਤੋੜਨ ਵਾਲੇ ਪਰਲ ਗਰੁੱਪ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਚੋਣਾਂ ਤੋਂ ਬਾਅਦ ਇਹ ਮਾਮਲਾ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਥਰਮਲ ਕਲੋਨੀ ਨੂੰ ਭੁੱਚੋ ਟੋਲ ਫ੍ਰੀ ਕਰਵਾਉਣ ਲਈ ਢੁੱਕਵੀ ਕਾਰਵਾਈ ਕੀਤੀ ਜਾਵੇਗੀ ਤੇ ਸਬੰਧਤ ਮਹਿਕਮੇ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਲਈ ਪਹੁੰਚ ਕੀਤੀ ਜਾਵੇਗੀ।