ਸਾਢੇ ਨੌਂ ਸੌ ਦੀ ਲੀਡ ਨਾਲ ਪਰਮਜੀਤ ਕੌਰ ਦੌਣਕਲਾਂ ਦੀ ਸਰਪੰਚ ਬਣੀ
ਖੇਤਰੀ ਪ੍ਰਤੀਨਿਧ
ਸਨੌਰ, 17 ਅਕਤੂਬਰ
ਵਿਧਾਨ ਸਭਾ ਹਲਕਾ ਸਨੌਰ ਦੇ ਵੱਡੇ ਪਿੰਡ ਦੌਣ ਕਲਾਂ ਵਿੱਚ ਸਰਪੰਚ ਦੀ ਚੋਣ ਸਬੰਧੀ ਜਿੱਤ ਹਾਰ ਦਾ ਫ਼ੈਸਲਾ ਤਕਰੀਬਨ ਸਵਾ 900 ਵੋਟਾਂ ਦੀ ਵੱਡੀ ਲੀਡ ਨਾਲ ਹੋਇਆ। ਇਸ ਦੌਰਾਨ ਪਰਮਜੀਤ ਕੌਰ ਨੇ 1348 ਵੋਟਾਂ ਹਾਸਲ ਕਰਦਿਆਂ ਆਪਣੀ ਵਿਰੋਧੀ ਉਮੀਦਵਾਰ ਤੇ ਪਿੰਡ ਦੇ ਸਰਪੰਚ ਬਲਵੀਰ ਸਿੰਘ ਦੀ ਪਤਨੀ ਜਸਪਾਲ ਕੌਰ ਨੂੰ 927 ਵੋਟਾਂ ਦੇ ਫ਼ਰਕ ਨਾਲ ਹਰਾਇਆ, ਜਸਪਾਲ ਕੌਰ ਨੂੰ 421 ਵੋਟਾਂ ਪਈਆਂ। ਪਿੰਡ ਦੇ ਸਾਬਕਾ ਸਰਪੰਚ ਅਤੇ ਕਿਸਾਨ ਆਗੂ ਕਾਮਰੇਡ ਹਰੀ ਸਿੰਘ ਢੀਣਸਾ ਨੇ ਦੱਸਿਆ ਕਿ ਇੱਕ ਹੋਰ ਉਮੀਦਵਾਰ ਕੁਲਦੀਪ ਕੌਰ ਨੂੰ 216 ਵੋਟ ਮਿਲੇ ਤੇ 53 ਵੋਟਾਂ ਰੱਦ ਵੀ ਹੋਈਆਂ। ਭਾਜਪਾ ਆਗੂ ਤੇ ਪਿੰਡ ਦੇ ਵਸਨੀਕ ਨਿਰਮਲਜੀਤ ਸਿੰਘ ਨਿੰਮਾ ਨੇ ਦੱਸਿਆ ਕਿ ਨਵੀਂ ਚੁਣੀ ਗਈ ਸਰਪੰਚ ਪਰਮਜੀਤ ਕੌਰ ਦਾ ਪਿੰਡ ਵਾਸੀਆਂ ਨੇ ਸਵਾਗਤ ਕੀਤਾ।
ਪਟਿਆਲਾ (ਖੇਤਰੀ ਪ੍ਰਤੀਨਿਧ): ਪੰਚਾਇਤ ਚੋਣਾਂ ਦੇ ਨਤੀਜੇ ਕਈ ਥਾਈਂ ਦੇਰ ਰਾਤ ਨਸ਼ਰ ਹੋਏ ਸਨ। ਅੱਜ ਜ਼ਿਲ੍ਹੇ ਦੀਆਂ ਸਾਰੀਆਂ ਹੀ ਪੰਚਾਇਤਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਇਸ ਦੌਰਾਨ ਪਿੰਡ ਰਵਾਸ ਬ੍ਰਾਹਮਣਾ ’ਚੋਂ ਵੱਖ ਹੋ ਕੇ ਬਣੀ ਪੰਚਾਇਤ ਕਰਤਾਰਪੁਰ ਦੇ ਸਰਪੰਚ ਦੀ ਚੋਣ ਬਲਵੰਤ ਕੌਰ ਉਰਫ਼ ਸਿਮਰਨ ਸੇਖੋਂ ਨੇ ਜਿੱਤੀ ਹੈ। ਉਹ ਫੌਜ ਦੀ 28 ਸਾਲਾਂ ਦੀ ਸੇਵਾ ਉਪਰੰਤ ਕੁਝ ਮਹੀਨੇ ਪਹਿਲਾਂ ਹੀ ਸੇਵਾਮੁਕਤ ਹੋ ਕੇ ਆਏ ਸੂਬੇਦਾਰ ਇੰਦਰਜੀਤ ਸਿੰਘ ਸੇਖੋਂ ਦੀ ਪਤਨੀ ਹਨ। ਅੱਜ ਲੋਕਾਂ ਦੇ ਧੰਨਵਾਦ ਮੌਕੇ ਸੂਬੇਦਾਰ ਸਰਪੰਚ ਬਣੀ ਆਪਣੀ ਪਤਨੀ ਦੇ ਨਾਲ ਰਲ ਕੇ ਨਗਰ ਦੀ ਨਿਸ਼ਕਾਮ ਸੇਵਾ ਕਰਨ ਦਾ ਅਹਿਦ ਲਿਆ। ਬਲਵੰਤ ਕੌਰ ਨੇ 208 ਹਾਸਲ ਕਰਦਿਆਂ ਇਹ ਚੋਣ ਜਸਵਿੰਦਰ ਕੌਰ ਤੋਂ 45 ਵੋਟਾਂ ਦੇ ਫ਼ਰਕ ਨਾਲ ਨਾਲ ਜਿੱਤੀ ਹੈ। ਉਧਰ, ਰਾਠੀਆਂ ’ਚ ਦੋ ਵਾਰ ਸਰਪੰਚ ਰਹੇ ਸੁਖਜੀਤ ਰਾਠੀਆਂ ਦੇ ਛੋਟੇ ਭਰਾ ਤੇ ਕਿਸਾਨ ਆਗੂ ਅਮਰਿੰਦਰ ਸਿੰਘ ਬਿੱਟੂ ਰਾਠੀਆਂ ਸਰਪੰਚ ਬਣੇ ਹਨ। ਭੱਟਮਾਜਰਾ ਤੋਂ ਰਣਬੀਰ ਕੌਰ, ਭਾਨਰੀ ਤੋਂ ਜਰਨੈਲ ਸਿੰਘ, ਭੁਨਰਹੇੜੀ ਤੋਂ ਵਕੀਲ ਮਿਸ਼ਾਲ, ਸ਼ਾਦੀਪੁਰ ਤੋਂ ਰਛਪਾਲ ਸਿੰਘ, ਪੰੰਜੇਟਾ ਤੋਂ ਗੁਰਪ੍ਰੀਤ ਕੌਰ, ਅਲੀਵਾਲ ਤੋਂ ਕੁਲਦੀਪ ਕੌਰ, ਹੁਸੈਨਪੁਰ ਤੋਂ ਸੁਖਜੀਤ ਕੌਰ, ਸੀਲ ਤੋਂ ਜੋਰਾਵਰ ਸਿੰਘ ਫੌਜੀ ਤੇ ਰਾਏਪੁਰ ਮੰਡਲਾਂ ਤੋਂ ਧਰਮਿੰਦਰ ਸਿੰਘ ਤੇ ਜਰੀਕਪੁਰ ਤੋਂ ਸੰਦੀਪ ਸਿੰਘ ਦੇ ਨਾਮ ਸ਼ਾਮਲ ਹਨ।