ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੈਰਾਲੰਪਿਕਸ ਚੈਂਪੀਅਨ

06:27 AM Sep 06, 2024 IST

ਦੇਸ਼ ਵਿੱਚ ਕਿੰਨੇ ਕੁ ਲੋਕ ਹਨ ਜੋ ਧਰਮਬੀਰ, ਹਰਵਿੰਦਰ ਸਿੰਘ, ਨਿਤੇਸ਼ ਕੁਮਾਰ, ਸੁਮਿਤ ਅੰਤਿਲ ਅਤੇ ਅਵਨੀ ਲੇਖਰਾ ਨੂੰ ਜਾਣਦੇ ਹੋਣਗੇ? ਪਰ ਇਨ੍ਹਾਂ ਨਾਵਾਂ ਨੂੰ ਜਾਣਨਾ ਚਾਹੀਦਾ ਹੈ। ਇਹ ਸਾਡੇ ਸੋਨ ਤਗਮਾ ਜੇਤੂ ਪੈਰਾਲੰਪਿਕਸ ਅਥਲੀਟ ਹਨ। ਇਨ੍ਹਾਂ ਨੇ ਬਹੁਤ ਸਾਰੀਆਂ ਔਕੜਾਂ ਨੂੰ ਸਰ ਕਰਦਿਆਂ ਵਿਸ਼ੇਸ਼ ਵਰਗ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੇਲੇ ਵਿੱਚ ਮੱਲਾਂ ਮਾਰੀਆਂ ਹਨ। ਇਨ੍ਹਾਂ ਦੀਆਂ ਕਹਾਣੀਆਂ ਬਹੁਤ ਪ੍ਰੇਰਨਾਦਾਈ ਹਨ। ਹਰਵਿੰਦਰ ਸਿੰਘ ਇੱਕ ਤੀਰਅੰਦਾਜ਼ ਹੈ ਜੋ ਹਰਿਆਣੇ ਨਾਲ ਸਬੰਧਿਤ ਹੈ। ਛੋਟੇ ਹੁੰਦਿਆਂ ਹੀ ਉਸ ਨੂੰ ਡੇਂਗੂ ਹੋ ਗਿਆ ਸੀ; ਉਸ ਦੇ ਇਲਾਜ ਵਿੱਚ ਹੋਈ ਖ਼ਰਾਬੀ ਕਰ ਕੇ ਉਸ ਦੀਆਂ ਦੋਵੇਂ ਲੱਤਾਂ ਮਾਰੀਆਂ ਗਈਆਂ। ਫਿਰ ਵੀ ਉਸ ਨੇ ਆਪਣੀ ਸਰੀਰਕ ਅਸਮਰੱਥਾ ਤੋਂ ਪਾਰ ਵੱਡੇ ਸੁਪਨੇ ਦੇਖੇ। ਬੁੱਧਵਾਰ ਨੂੰ ਉਹ ਪਹਿਲਾ ਭਾਰਤੀ ਤੀਰਅੰਦਾਜ਼ ਬਣ ਗਿਆ ਜਿਸ ਨੇ ਪੈਰਾਲੰਪਿਕਸ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੈ।
ਧਰਮਬੀਰ ਦਾ ਸਬੰਧ ਵੀ ਹਰਿਆਣੇ ਨਾਲ ਹੈ ਅਤੇ ਉਸ ਦਾ ਵੀ ਲੱਕ ਤੋਂ ਹੇਠਲਾ ਸਾਰਾ ਹਿੱਸਾ ਅਧਰੰਗ ਦਾ ਸ਼ਿਕਾਰ ਹੋ ਗਿਆ ਸੀ ਜਦੋਂ ਉਸ ਨੇ ਨਹਿਰ ਵਿੱਚ ਛਾਲ ਮਾਰੀ ਅਤੇ ਹੇਠਾਂ ਪਾਣੀ ਵਿੱਚ ਇੱਕ ਚਟਾਨ ਨਾਲ ਟਕਰਾ ਗਿਆ ਸੀ। ਇੱਕ ਸਮੇਂ ਉਹ ਵੀਲਚੇਅਰ ਦਾ ਮੁਹਤਾਜ ਹੋ ਕੇ ਰਹਿ ਗਿਆ ਸੀ ਅਤੇ ਉਸ ਨੂੰ ਆਪਣਾ ਭਵਿੱਖ ਸਿਆਹ ਨਜ਼ਰ ਆ ਰਿਹਾ ਸੀ ਪਰ ਉਸ ਨੇ ਹਿੰਮਤ ਕੀਤੀ ਅਤੇ ਆਪਣੀਆਂ ਬਾਹਾਂ ਦੇ ਦਮ ’ਤੇ ਉਹ ਕਲੱਬ ਥ੍ਰੋਅ ਵਿੱਚ ਪੈਰਾਲੰਪਿਕ ਚੈਂਪੀਅਨ ਬਣ ਗਿਆ। ਇੱਕ ਹੋਰ ਹਰਿਆਣਵੀ ਨੌਜਵਾਨ ਸੁਮਿਤ ਅੰਤਿਲ ਅਤੇ ਰਾਜਸਥਾਨ ਦੀ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਸੜਕ ਹਾਦਸੇ ਕਰ ਕੇ ਆਪਣੀ ਦੁਨੀਆ ਉੱਜੜਦੀ ਦੇਖੀ ਸੀ ਪਰ ਉਹ ਕੁਕਨੂਸ ਦੀ ਤਰ੍ਹਾਂ ਰਾਖ ’ਚੋਂ ਮੁੜ ਉੱਠੇ। ਪਹਿਲਾਂ ਟੋਕੀਓ ਅਤੇ ਹੁਣ ਪੈਰਿਸ ਪੈਰਾਲੰਪਿਕ ਖੇਡਾਂ ਵਿੱਚ ਸੋਨ ਤਗਮੇ ਜਿੱਤੇ। ਸੁਮਿਤ ਨੇ ਉਹ ਕਾਰਨਾਮਾ ਕਰ ਕੇ ਦਿਖਾਇਆ ਜੋ ਕਿ ਉਸ ਦਾ ਜ਼ਿਆਦਾ ਮਸ਼ਹੂਰ ਹਮਵਤਨ ਨੀਰਜ ਚੋਪੜਾ ਵੀ ਨਹੀਂ ਕਰ ਸਕਿਆ।
ਮੰਦੇਭਾਗੀਂ ਭਾਰਤ ਵਿੱਚ ਪੈਰਾਲੰਪਿਕਸ ਖੇਡਾਂ ਦੇ ਬਹੁਤੇ ਸ਼ੌਕੀਨ ਨਜ਼ਰ ਨਹੀਂ ਆਉਂਦੇ ਅਤੇ ਪੈਰਾਲੰਪਿਕਸ ਅਥਲੀਟਾਂ ਨੂੰ ਅਸਲ ਅਥਲੀਟ ਨਹੀਂ ਗਿਣਿਆ ਜਾਂਦਾ। ਇਹ ਮਨੋਦਸ਼ਾ ਤਬਦੀਲ ਕਰਨ ਦੀ ਲੋੜ ਹੈ। ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਪੈਰਿਸ ਪੈਰਾਲੰਪਿਕਸ ਵਿੱਚ ਹਿੱਸਾ ਲੈਣ ਵਾਲੇ ਅਥਲੀਟਾਂ ਦੀ ਹੌਸਲਾ ਅਫ਼ਜ਼ਾਈ ਕਰਨ ਦੀ ਅਪੀਲ ਕੀਤੀ ਸੀ ਪਰ ਹਰ ਤਰ੍ਹਾਂ ਦੀਆਂ ਔਕੜਾਂ ਨਾਲ ਜੂਝਦਿਆਂ ਉੱਚਤਮ ਪੱਧਰ ’ਤੇ ਆਪਣੀ ਕਾਬਲੀਅਤ ਸਿੱਧ ਕਰਨ ਵਾਲੇ ਇਨ੍ਹਾਂ ਅਥਲੀਟਾਂ ਦੀ ਮਦਦ ਲਈ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਸਾਡੇ ’ਚੋਂ ਬਹੁਤ ਸਾਰੇ ਲੋਕਾਂ ਨੂੰ ਐਸਐਲ4, ਐਫ64, ਟੀ6 ਜਾਂ ਐਫ51 ਜਿਹੇ ਪ੍ਰਤੀਯੋਗੀ ਵਰਗਾਂ ਬਾਰੇ ਕੋਈ ਜਾਣਕਾਰੀ ਨਹੀਂ ਹੋਵੇਗੀ ਪਰ ਇਸ ਦੇ ਬਾਵਜੂਦ ਸਾਨੂੰ ਆਪਣੀ ਦ੍ਰਿੜ ਇੱਛਾ ਸ਼ਕਤੀ ਦਾ ਸ਼ਾਨਦਾਰ ਮੁਜ਼ਾਹਰਾ ਕਰਨ ਵਾਲੇ ਇਨ੍ਹਾਂ ਅਥਲੀਟਾਂ ਨੂੰ ਸਲਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ।

Advertisement

Advertisement