ਪੈਰਾਲੰਪਿਕ: ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਸੋਨ ਤਗ਼ਮਾ ਜਿੱਤਿਆ
ਪੈਰਿਸ, 4 ਸਤੰਬਰ
Archer Harvinder Singh: ਟੋਕੀਓ ਖੇਡਾਂ ’ਚ ਕਾਂਸੀ ਦਾ ਤਗ਼ਮਾ ਜੇਤੂ ਹਰਵਿੰਦਰ ਸਿੰਘ ਇੱਥੇ ਪੈਰਿਸ ਪੈਰਾਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਤੀਰਅੰਦਾਜ਼ ਬਣ ਗਿਆ ਹੈ। ਉਸ ਨੇ ਬੁੱਧਵਾਰ ਨੂੰ ਇੱਥੇ ਪੁਰਸ਼ ਰਿਕਰਵ ਓਪਨ ਈਵੈਂਟ ਦੇ ਫਾਈਨਲ ਵਿੱਚ ਪੋਲੈਂਡ ਦੇ ਲੁਕਾਸ ਸਿਜ਼ੇਕ ਨੂੰ ਹਰਾ ਕੇ ਸੁਨਹਿਰੀ ਤਗ਼ਮਾ ਆਪਣੇ ਨਾਂ ਕੀਤਾ। ਤੀਰਅੰਦਾਜ਼ੀ ’ਚ ਭਾਰਤ ਦਾ ਦੂਜਾ ਤਗ਼ਮਾ ਹੈ। ਭਾਰਤੀ ਖਿਡਾਰੀ ਨੇ ਮੈਚ ਦੌਰਾਨ ਦਬਦਬਾ ਬਰਕਰਾਰ ਰੱਖਦਿਆਂ ਸਿਜ਼ੇਕ ਨੂੰ 6-0 (28-24, 28-27, 29-25) ਨਾਲ ਹਰਾਇਆ। ਹਰਵਿੰਦਰ, ਜੋ ਕਿ ਅਰਥ ਸ਼ਾਸਤਰ ਵਿੱਚ ਪੀਐੱਚਡੀ ਕਰ ਰਿਹਾ ਹੈ, ਨੇ ਇੱਕੋ ਦਿਨ ਪੰਜ ਮੈਚ ਜਿੱਤੇ ਅਤੇ ਖਿਤਾਬੀ ਜਿੱਤ ਨਾਲ ਇੱਥੇ ਤੀਰਅੰਦਾਜ਼ੀ ਵਿੱਚ ਭਾਰਤ ਨੂੰ ਦੂਜਾ ਤਮਗਾ ਦਿਵਾਇਆ। ਦੱਸਣਯੋਗ ਹੈ ਕਿ ਹਰਿਆਣਾ ਦੇ ਅਜੀਤ ਨਗਰ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਹਰਵਿੰਦਰ ਨੂੰ ਡੇਢ ਸਾਲ ਦੀ ਉਮਰ ਵਿੱਚ ਡੇਂਗੂ ਹੋ ਗਿਆ ਸੀ। ਇਲਾਜ ਲਈ ਲਾਏ ਗਏ ਟੀਕਿਆਂ ਦੇ ਮਾੜੇ ਪ੍ਰਭਾਵ ਕਾਰਨ ਉਸ ਦੀਆਂ ਲੱਤਾਂ ਵਿੱਚ ਗਤੀਸ਼ੀਲਤਾ ਖਤਮ ਹੋ ਗਈ। -ਪੀਟੀਆਈ