For the best experience, open
https://m.punjabitribuneonline.com
on your mobile browser.
Advertisement

ਪੈਰਾਗਲਾਈਡਿੰਗ ਘੜਮੱਸ

06:20 AM Nov 02, 2024 IST
ਪੈਰਾਗਲਾਈਡਿੰਗ ਘੜਮੱਸ
Advertisement

ਹਿਮਾਚਲ ਪ੍ਰਦੇਸ਼ ਵਿੱਚ ਕਾਂਗੜਾ ਜ਼ਿਲ੍ਹੇ ਦੇ ਬੀੜ ਬਿਲਿੰਗ ਵਿੱਚ ਸ਼ੁਰੂ ਹੋ ਰਹੇ ਪੈਰਾਗਲਾਈਡਿੰਗ ਵਰਲਡ ਕੱਪ ਤੋਂ ਪਹਿਲਾਂ ਦੋ ਦਿਨਾਂ ਵਿੱਚ ਦੋ ਵਿਦੇਸ਼ੀ ਪੈਰਾਗਲਾਈਡਰਾਂ ਦੀ ਮੌਤ ਹੋਣ ਨਾਲ ਇਸ ਮੁਕਾਬਲੇ ’ਤੇ ਪਰਛਾਵਾਂ ਪੈ ਗਿਆ ਹੈ। ਮੰਗਲਵਾਰ ਨੂੰ ਇੱਕ ਬੈਲਜਿਆਈ ਨਾਗਰਿਕ ਦੀ ਮੌਤ ਹੋ ਗਈ ਸੀ ਜਦੋਂ ਉਸ ਦਾ ਪੈਰਾਸ਼ੂਟ ਇੱਕ ਹੋਰ ਪੈਰਾਗਲਾਈਡਰ ਨਾਲ ਟਕਰਾਉਣ ਕਰ ਕੇ ਖੁੱਲ੍ਹ ਨਾ ਸਕਿਆ ਤੇ ਹਾਦਸਾ ਵਾਪਰ ਗਿਆ। ਹੈਰਤ ਦੀ ਗੱਲ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਦਸ ਪੈਰਾਗਲਾਈਡਰ ਇਕੱਠੇ ਉਡ ਰਹੇ ਸਨ। ਇਸ ਤੋਂ ਇੱਕ ਦਿਨ ਬਾਅਦ ਬੁੱਧਵਾਰ ਨੂੰ ਪੈਰਾਗਲਾਈਡਿੰਗ ਕਰ ਰਹੀ ਚੈੱਕ ਔਰਤ ਮਨਾਲੀ ਵਿੱਚ ਪਹਾੜੀ ਢਲਾਣ ਨਾਲ ਟਕਰਾ ਕੇ ਮਾਰੀ ਗਈ। ਪਿਛਲੇ ਦੋ ਸਾਲਾਂ ਦੌਰਾਨ ਘੱਟੋ-ਘੱਟ ਦਸ ਪੈਰਾਗਲਾਈਡਰ ਇਸ ਪ੍ਰਦੇਸ਼ ਵਿੱਚ ਮਾਰੇ ਜਾ ਚੁੱਕੇ ਹਨ। ਬਹਰਹਾਲ, ਅਧਿਕਾਰੀਆਂ ਅਤੇ ਪ੍ਰਬੰਧਕਾਂ ਦੇ ਕੰਨ ’ਤੇ ਕੋਈ ਜੂੰਅ ਨਹੀਂ ਸਰਕ ਰਹੀ ਅਤੇ ਹਾਲਾਤ ਵਿੱਚ ਕੋਈ ਤਬਦੀਲੀ ਨਹੀਂ ਆ ਰਹੀ।
ਇਸ ਤਰ੍ਹਾਂ ਦੀ ਕਿਸੇ ਵੀ ਸਾਹਸੀ ਖੇਡ ਵਿੱਚ ਜਾਨ ਜਾਣ ਜਾਂ ਸਰੀਰ ਦੇ ਕਿਸੇ ਅੰਗ ਦਾ ਨੁਕਸਾਨ ਹੋਣ ਦਾ ਜੋਖ਼ਿਮ ਬਣਿਆ ਰਹਿੰਦਾ ਹੈ ਪਰ ਜੇ ਸੁਰੱਖਿਆ ਨੇਮਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਤੇ ਕਰਾਇਆ ਜਾਵੇ ਤਾਂ ਅਜਿਹੇ ਹਾਦਸਿਆਂ ਵਿੱਚ ਕਮੀ ਜ਼ਰੂਰ ਲਿਆਂਦੀ ਜਾ ਸਕਦੀ ਹੈ। ਇਸ ਹਫ਼ਤੇ ਦੇ ਹਾਦਸੇ ਸੂਬਾਈ ਪੈਰਾਗਲਾਈਡਿੰਗ ਅਧਿਕਾਰੀਆਂ ਦੀਆਂ ਅੱਖਾਂ ਖੋਲ੍ਹਣ ਲਈ ਕਾਫ਼ੀ ਹੋਣੇ ਚਾਹੀਦੇ ਹਨ। 2 ਤੋਂ 9 ਨਵੰਬਰ ਤੱਕ ਚੱਲਣ ਵਾਲੇ ਇਸ ਵਿਸ਼ਵ ਕੱਪ ਵਿਚ ਕਰੀਬ 50 ਮੁਲਕਾਂ ਦੇ ਪੈਰਾਗਲਾਈਡਰ ਹਿੱਸਾ ਲੈਣਗੇ। ਪੈਰਾਗਲਾਈਡਿੰਗ ਹਿਮਾਚਲ ਪ੍ਰਦੇਸ਼ ਦੀ ਹਰਮਨਪਿਆਰੀ ਸਾਹਸੀ ਖੇਡ ਹੈ ਪਰ ਹਵਾਬਾਜ਼ਾਂ ਦੀ ਸੁਰੱਖਿਆ ਅਤੇ ਸਲਾਮਤੀ ਹਮੇਸ਼ਾ ਚਿੰਤਾ ਦਾ ਵਿਸ਼ਾ ਬਣੀ ਰਹੀ ਹੈ। ਕਈ ਵਾਰ ਅਣਸਿੱਖਿਅਤ ਪਾਇਲਟਾਂ ਤੇ ਅਣਰਜਿਸਟਰਡ ਪ੍ਰਾਈਵੇਟ ਪੈਰਾਗਲਾਈਡਿੰਗ ਸਕੂਲਾਂ ਕਰ ਕੇ ਅਜਿਹੇ ਹਾਦਸੇ ਵਾਪਰਦੇ ਹਨ। ਸੂਬੇ ਅੰਦਰ ਪੈਰਾਗਲਾਈਡਿੰਗ ਸਕੂਲਾਂ ਨੂੰ ਨੇਮਬੱਧ ਕਰਨ ਲਈ ਕੋਈ ਦਿਸ਼ਾ ਨਿਰਦੇਸ਼ ਤੈਅ ਨਹੀਂ ਕੀਤੇ ਗਏ। ਸੂਬਾਈ ਸੈਰ-ਸਪਾਟਾ ਵਿਭਾਗ ਨੇ ਬੀੜ ਬਿਲਿੰਗ ਵਿਖੇ 8 ਕਰੋੜ ਰੁਪਏ ਦੇ ਫੰਡਾਂ ਨਾਲ ਪੈਰਾਗਲਾਈਡਿੰਗ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਸੀ ਜੋ ਅਜੇ ਤੱਕ ਪੂਰਾ ਨਹੀਂ ਹੋ ਸਕਿਆ ਜਿਸ ਕਰ ਕੇ ਹਾਲਾਤ ਵਿਗੜ ਰਹੇ ਹਨ।
ਇਨ੍ਹਾਂ ਹਾਦਸਿਆਂ ਨੂੰ ਨਿਰਾ ਪੁਰਾ ਹਵਾਬਾਜ਼ਾਂ ਦੀ ਅਣਗਹਿਲੀ ਦੇ ਖਾਨੇ ਪਾ ਦੇਣਾ ਹਕੀਕਤ ਤੋਂ ਅੱਖਾਂ ਮੀਟਣ ਵਾਲੀ ਗੱਲ ਹੈ। ਜਿੰਨੀ ਦੇਰ ਤੱਕ ਸੁਰੱਖਿਆ ਪ੍ਰਬੰਧ ਪੂਰੇ ਨਹੀਂ ਕਰ ਲਏ ਜਾਂਦੇ, ਪੈਰਾਗਲਾਈਡਿੰਗ ਸਰਗਰਮੀਆਂ ਰੋਕ ਦੇਣੀਆਂ ਚਾਹੀਦੀਆਂ ਹਨ। ਇਸ ਖੇਡ ਵਿੱਚ ਵਿਚਰ ਰਹੇ ਗ਼ੈਰ-ਪੇਸ਼ੇਵਰ ਅਤੇ ਅਣਅਧਿਕਾਰਤ ਲੋਕਾਂ ਨੂੰ ਲਾਂਭੇ ਕਰ ਦੇਣਾ ਚਾਹੀਦਾ ਹੈ। ਇਸ ਸਬੰਧ ਵਿੱਚ ਬੀੜ ਬਿਲਿੰਗ ਦੀ ਸਾਖ਼ ਦਾਅ ’ਤੇ ਲੱਗ ਗਈ ਹੈ। ਵਿਸ਼ਵ ਕੱਪ ਦੀ ਮੇਜ਼ਬਾਨੀ ਮਾਣ ਵਾਲੀ ਗੱਲ ਹੈ ਪਰ ਸਾਲ ਭਰ ਇਸ ਲਈ ਸੁਰੱਖਿਅਤ ਮਾਹੌਲ ਮੁਹੱਈਆ ਕਰਾਉਣਾ ਵੀ ਓਨਾ ਹੀ ਵੱਡਾ ਕਾਰਜ ਹੈ। ਇਸ ਖੇਡ ਨਾਲ ਜੁੜੇ ਸਾਰੇ ਲੋਕਾਂ ਅਤੇ ਸੰਸਥਾਵਾਂ ਨੂੰ ਪੰਛੀਆਂ ਵਾਂਗ ਹਵਾ ਵਿੱਚ ਤਾਰੀਆਂ ਲਾਉਣ ਦੀ ਇਸ ਖੇਡ ਨੂੰ ਵਾਹ ਲਗਦੀ ਸੁਰੱਖਿਅਤ ਬਣਾਉਣ ਲਈ ਆਪਣਾ ਪੂਰਾ ਤਾਣ ਲਾਉਣਾ ਚਾਹੀਦਾ ਹੈ।

Advertisement

Advertisement
Advertisement
Author Image

joginder kumar

View all posts

Advertisement