Paracetamol to side effects: ਪੈਰਾਸਿਟਾਮੋਲ ਦਾ ਬਜ਼ੁਰਗਾਂ ’ਤੇ ਪੈਂਦਾ ਹੈ ਮਾੜਾ ਅਸਰ
ਨਵੀਂ ਦਿੱਲੀ, 14 ਦਸੰਬਰ
ਡਾਕਟਰ ਦੀ ਪਰਚੀ ਤੋਂ ਬਿਨਾਂ ਮਿਲਣ ਵਾਲੀਆਂ ਦਵਾਈਆਂ ’ਚ ਸ਼ਾਮਲ ਪੈਰਾਸਿਟਾਮੋਲ 65 ਸਾਲ ਜਾਂ ਉਸ ਤੋਂ ਵਧ ਉਮਰ ਦੇ ਬਜ਼ੁਰਗਾਂ ’ਚ ਪਾਚਨ ਤੰਤਰ, ਦਿਲ ਅਤੇ ਗੁਰਦਿਆਂ ਨਾਲ ਸਬੰਧਤ ਬਿਮਾਰੀਆਂ ਦਾ ਜੋਖਮ ਵਧਾ ਸਕਦੀ ਹੈ। ਬਰਤਾਨੀਆ ਦੀ ਨੌਟਿੰਘਮ ਯੂਨੀਵਰਸਿਟੀ ਦੇ ਖੋਜੀਆਂ ਵੱਲੋਂ ਕੀਤੇ ਗਏ ਨਵੇਂ ਅਧਿਐਨ ’ਚ ਇਹ ਖ਼ੁਲਾਸਾ ਹੋਇਆ ਹੈ। ਇਹ ਅਧਿਐਨ ਆਰਥਰਾਈਟਿਸ ਕੇਅਰ ਐਂਡ ਰਿਸਰਚ ਦੇ ਰਸਾਲੇ ’ਚ ਪ੍ਰਕਾਸ਼ਤ ਹੋਇਆ ਹੈ। ਬੁਖਾਰ ਸਮੇਂ ਆਮ ਤੌਰ ’ਤੇ ਵਰਤੀ ਜਾਣ ਵਾਲੀ ਪੈਰਾਸਿਟਾਮੋਲ ਨੂੰ ਹੁਣ ਡਾਕਟਰ ਜੋੜਾਂ ਦੇ ਦਰਦ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਲਈ ਵੀ ਵਰਤਦੇ ਹਨ ਕਿਉਂਕਿ ਇਹ ਵਧੇਰੇ ਅਸਰਦਾਰ, ਹੋਰਾਂ ਨਾਲੋਂ ਸੁਰੱਖਿਅਤ ਅਤੇ ਆਸਾਨੀ ਨਾਲ ਮਿਲਣ ਵਾਲੀ ਦਵਾਈ ਮੰਨੀ ਜਾਂਦੀ ਹੈ। ਉਂਜ ਦਰਦ ’ਚ ਰਾਹਤ ਲਈ ਪੈਰਾਸਿਟਾਮੋਲ ਦੇ ਅਸਰ ਬਾਰੇ ਕੁਝ ਅਧਿਐਨਾਂ ’ਚ ਸਵਾਲ ਖੜ੍ਹੇ ਕੀਤੇ ਗਏ ਹਨ ਜਦਕਿ ਕੁਝ ਹੋਰ ਅਧਿਐਨਾਂ ਨੇ ਲੰਬੇ ਸਮੇਂ ਤੱਕ ਇਸ ਦੀ ਵਰਤੋਂ ਨਾਲ ਪਾਚਨ ਤੰਤਰ, ਜਿਵੇਂ ਅਲਸਰ ਅਤੇ ਖੂਨ ਵੱਗਣ ਆਦਿ ਜਿਹੇ ਵਧ ਰਹੇ ਜੋਖਮ ਨੂੰ ਦਰਸਾਇਆ ਗਿਆ ਹੈ। ਨੌਟਿੰਘਮ ਯੂਨੀਵਰਸਿਟੀ ਦੇ ਖੋਜੀਆਂ ਵੱਲੋਂ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਕਿ ਪੈਰਾਸਿਟਾਮੋਲ ਦੀ ਵਰਤੋਂ ਨਾਲ ਪੈਪਟਿਕ ਅਲਸਰ ਬਲੀਡਿੰਗ ’ਚ 24 ਫ਼ੀਸਦ ਅਤੇ ਲੋਅਰ ਗੈਸਟਰੋਇਨਟੈਸਟੀਨਲ ਬਲੀਡਿੰਗ ’ਚ 36 ਫ਼ੀਸਦ ਵਧ ਖ਼ਤਰਾ ਰਹਿੰਦਾ ਹੈ। ਅਧਿਐਨ ਮੁਤਾਬਕ ਪੈਰਾਸਿਟਾਮੋਲ ਖਾਣ ਨਾਲ ਗੁਰਦੇ ਦੇ ਗੰਭੀਰ ਰੋਗ ਦਾ ਖ਼ਤਰਾ 19 ਫ਼ੀਸਦ, ਦਿਲ ਦਾ ਦੌਰਾ ਪੈਣ ਦਾ ਖ਼ਤਰਾ 9 ਫ਼ੀਸਦ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ 7 ਫ਼ੀਸਦ ਵਧ ਸਕਦਾ ਹੈ। ਨੌਟਿੰਘਮ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਸਨ ਦੇ ਮੁੱਖ ਖੋਜੀ ਵੇਯਾ ਜ਼ਾਂਗ ਨੇ ਕਿਹਾ ਕਿ ਕਥਿਤ ਤੌਰ ’ਤੇ ਸੁਰੱਖਿਅਤ ਹੋਣ ਕਾਰਨ ਪੈਰਾਸਿਟਾਮੋਲ ਦੀ ਜੋੜਾਂ ਦੇ ਦਰਦਾਂ ਨਾਲ ਸਬੰਧਤ ਰੋਗਾਂ ਦੇ ਇਲਾਜ ਲਈ ਮੁੱਢਲੀ ਦਵਾਈ ਵਜੋਂ ਸਿਫ਼ਾਰਸ਼ ਕੀਤੀ ਜਾਂਦੀ ਹੈ ਪਰ ਬਜ਼ੁਰਗਾਂ ’ਚ ਇਸ ਦਾ ਮਾੜਾ ਅਸਰ ਪੈ ਸਕਦਾ ਹੈ। ਖੋਜੀਆਂ ਨੇ ਇਨ੍ਹਾਂ ਨਤੀਜਿਆਂ ’ਤੇ ਪੁੱਜਣ ਲਈ 1,80,483 ਵਿਅਕਤੀਆਂ ਦੇ ਸਿਹਤ ਰਿਕਾਰਡ ਦਾ ਅਧਿਐਨ ਕੀਤਾ ਜਿਨ੍ਹਾਂ ਨੂੰ ਵਾਰ ਵਾਰ ਪੈਰਾਸਿਟਾਮੋਲ ਦਿੱਤੀ ਗਈ ਸੀ। ਖੋਜੀਆਂ ਨੇ ਇਸ ਮਗਰੋਂ ਸਿਹਤ ਰਿਪੋਰਟ ਦੀ ਤੁਲਨਾ ਇਸੇ ਉਮਰ ਦੇ 4,02,478 ਲੋਕਾਂ ਨਾਲ ਕੀਤੀ ਜਿਨ੍ਹਾਂ ਨੂੰ ਕਦੇ ਵੀ ਵਾਰ ਵਾਰ ਪੈਰਾਸਿਟਾਮੋਲ ਨਹੀਂ ਦਿੱਤੀ ਗਈ ਸੀ। -ਪੀਟੀਆਈ