ਪੈਰਾ ਖੇਡਾਂ: ਲੜਕੀਆਂ ਦੀ 100 ਮੀਟਰ ਦੌੜ ’ਚ ਨਾਜ਼ੀਆ ਜੇਤੂ
ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਨਵੰਬਰ
ਪੈਰਾ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਲੁਧਿਆਣਾ ਵਿੱਚ ਚੱਲ ਰਹੇ ਖੇਡ ਮੁਕਾਬਲੇ ਅੱਜ ਖਤਮ ਹੋ ਗਏ। ਖੇਡਾਂ ਦੇ ਅੱਜ ਆਖਰੀ ਦਿਨ ਲੜਕੀਆਂ ਦੀ ਟੀ-11 ਕੈਟਾਗਰੀ ਵਿੱਚ 100 ਮੀਟਰ ਦੌੜ ਦੇ ਹੋਏ ਮੁਕਾਬਲੇ ਵਿੱਚ ਮਲੇਰਕੋਟਲਾ ਦੀ ਨਾਜ਼ੀਆ ਜੇਤੂ ਰਹੀ। 200 ਮੀਟਰ ਦੌੜ ਵਿੱਚ ਵੀ ਮਲੇਰਕੋਟਲਾ ਦੀ ਸਿਮਰਨ ਕੌਰ ਜੇਤੂ ਰਹੀ। ਖੇਡਾਂ ਦੇ ਆਖਰੀ ਦਿਨ ਹਲਕਾ ਵਿਧਾਇਕ ਜੇਤੋ ਅਮੋਲਕ ਸਿੰਘ ਨੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਡੀਐੱਸਓ ਕੁਲਦੀਪ ਚੁੱਘ ਹਾਜ਼ਰ ਸਨ। ਅੱਜ ਆਖਰੀ ਦਿਨ ਲੜਕੀਆਂ ਦੀ ਟੀ-11 ਕੈਟਾਗਰੀ ਦੀ 100 ਮੀਟਰ ਦੌੜ ਵਿੱਚ ਮਲੇਰਕੋਟਲਾ ਦੀ ਨਾਜ਼ੀਆ ਪਹਿਲੇ, ਲੁਧਿਆਣਾ ਦੀ ਸਿਮਰਨ ਕੌਰ ਦੂਜੇ ਅਤੇ ਲੁਧਿਆਣਾ ਦੀ ਕਾਵਿਸ਼ਾ ਜੈਨ ਤੀਜੇ ਥਾਂ ਰਹੀ। 200 ਮੀਟਰ ਦੌੜ ਵਿੱਚੋਂ ਮਲੇਰਕੋਟਲਾ ਦੀ ਸਿਮਰਨ ਕੌਰ, ਲੁਧਿਆਣਾ ਕਵਿਸ਼ਾ ਜੈਨ ਅਤੇ ਲੁਧਿਆਣਾ ਦੀ ਬਲਜਿੰਦਰ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ। ਲੰਬੀ ਛਾਲ ਮੁਕਾਬਲੇ ਵਿੱਚ ਮਾਲੇਰਕੋਟਲਾ ਦੀ ਨਾਜੀਆ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਟੀ-12 ਕੈਟਾਗਰੀ ਦੀ 100 ਮੀਟਰ ਅਤੇ 200 ਮੀਟਰ ਦੌੜ ਵਿੱਚ ਲੁਧਿਆਣਾ ਦੀ ਰਾਣੀ ਕੁਮਾਰੀ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਟੀ-13 ਕੈਟਾਗਰੀ ਦੀ 100 ਮੀਟਰ ਦੌੜ ਵਿੱਚ ਲੁਧਿਆਣਾ ਦੀ ਸਾਇਨਪ੍ਰੀਤ ਕੌਰ ਨੇ ਪਹਿਲਾ, ਗਾਇਤਰੀ ਨੇ ਦੂਜਾ ਜਦਕਿ ਬਰਨਾਲਾ ਦੀ ਲਵਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਟੀ-37/38 ਕੈਟਾਗਰੀ ਦੀ 100 ਮੀਟਰ ਦੌੜ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਮੁਸਕਾਨ ਨੇ ਪਹਿਲਾ, ਐਸਏਐਸ ਨਗਰ ਦੀ ਗੁਰਜੀਤ ਕੌਰ ਨੇ ਦੂਜਾ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਅਨੂੰ ਕੁਮਾਰੀ ਨੇ ਤੀਜਾ, 200 ਮੀਟਰ ਦੌੜ ਵਿੱਚ ਸ਼੍ਰੀ ਮੁਕਤਸਰ ਸਾਹਿਬ ਦੀ ਮੁਸਕਾਨ ਨੇ ਪਹਿਲਾ, ਐਸਏਐਸ ਦੀ ਗੁਰਜੀਤ ਕੌਰ ਨੇ ਦੂਜਾ ਜਦਕਿ ਪਟਿਆਲਾ ਦੀ ਯਸ਼ਨੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਫ-42 ਕੈਟਾਗਰੀ ਦੇ ਸ਼ਾਟਪੁੱਟ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਅਨਮੋਲ ਕੌਰ, ਮਰਦਾਂ ਦੀ ਐਫ-57 ਕੈਟਾਗਰੀ ਦੇ ਸ਼ਾਟਪੁੱਟ ਅਤੇ ਜੈਵਲਿਨ ਮੁਕਾਬਲੇ ਵਿੱਚ ਜਲੰਧਰ ਦੇ ਅਕਾਸ਼ ਮਹਿਰਾ, ਐਫ-57 ਵੂਮੈਨ ਕੈਟਾਗਰੀ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਪਟਿਆਲਾ ਦੀ ਲਵਪ੍ਰੀਤ ਕੌਰ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ।