ਪੈਰਾ ਬੈਡਮਿੰਟਨ ਖਿਡਾਰੀ ਭਗਤ ਡੇਢ ਸਾਲ ਲਈ ਮੁਅੱਤਲ
ਨਵੀਂ ਦਿੱਲੀ, 13 ਅਗਸਤ
ਟੋਕੀਓ ਵਿੱਚ ਸੋਨ ਤਗ਼ਮਾ ਜੇਤੂ ਪੈਰਾ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਪੈਰਿਸ ਪੈਰਾਲੰਪਿਕ ਵਿੱਚ ਆਪਣਾ ਖ਼ਿਤਾਬ ਬਰਕਰਾਰ ਨਹੀਂ ਰੱਖ ਸਕੇਗਾ। ਬੈਡਮਿੰਟਨ ਵਿਸ਼ਵ ਫੈਡਰੇਸ਼ਨ (ਬੀਡਬਲਿਊਐੱਫ) ਦੇ ਡੋਪਿੰਗ ਰੋਕੂ ਟਿਕਾਣੇ ਦਾ ਪਤਾ ਨਾ ਦੱਸਣ ਸਬੰਧੀ ਨਿਯਮ ਦੀ ਉਲੰਘਣਾ ਕਾਰਨ ਉਸ ਨੂੰ 18 ਮਹੀਨਿਆਂ ਲਈ ਮੁਅੱਤਲ ਕੀਤਾ ਗਿਆ ਹੈ। ਬੀਡਬਲਿਊਐੱਫ ਨੇ ਇੱਕ ਬਿਆਨ ਵਿੱਚ ਕਿਹਾ, ‘‘ਬੈਡਮਿੰਟਨ ਵਿਸ਼ਵ ਫੈਡਰੇਸ਼ਨ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਭਾਰਤ ਦੇ ਟੋਕੀਓ 2020 ਪੈਰਾਲੰਪਿਕ ਚੈਂਪੀਅਨ ਪ੍ਰਮੋਦ ਭਗਤ ਨੂੰ 18 ਮਹੀਨਿਆਂ ਲਈ ਮੁਅੱਤਲ ਕੀਤਾ ਗਿਆ ਹੈ ਅਤੇ ਉਹ ਪੈਰਿਸ ਪੈਰਾਲੰਪਿਕ ਨਹੀਂ ਖੇਡ ਸਕੇਗਾ।’’
ਇਸ ਵਿੱਚ ਕਿਹਾ ਗਿਆ, ‘‘ਪਹਿਲੀ ਮਾਰਚ 2024 ਨੂੰ ਖੇਡਾਂ ਬਾਰੇ ਸਾਲਸੀ ਅਦਾਲਤ (ਸੀਏਐੱਸ) ਡੋਪਿੰਗ ਰੋਕੂ ਵਿਭਾਗ ਨੇ ਭਗਤ ਨੂੰ ਬੀਡਬਲਿਊਐੱਫ ਦੇ ਡੋਪਿੰਗ ਰੋਕੂ ਨਿਯਮ ਦੀ ਉਲੰਘਣਾ ਦਾ ਦੋਸ਼ੀ ਪਾਇਆ ਹੈ। ਉਹ ਇੱਕ ਸਾਲ ਵਿੱਚ ਤਿੰਨ ਵਾਰ ਆਪਣਾ ਟਿਕਾਣਾ ਦੱਸਣ ਵਿੱਚ ਨਾਕਾਮ ਰਿਹਾ ਸੀ।’’ 36 ਸਾਲਾ ਐੱਸਐੱਲ3 ਖਿਡਾਰੀ ਭਗਤ ਨੇ ਸੀਏਐੱਸ ਦੇ ਅਪੀਲੀ ਵਿਭਾਗ ਵਿੱਚ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਸੀ ਜੋ ਪਿਛਲੇ ਮਹੀਨੇ ਖਾਰਜ ਹੋ ਗਈ।
ਭਗਤ ਨੇ ਕਿਹਾ, ‘‘ਇਹ ਮੇਰੇ ਲਈ ਵੱਡਾ ਨੁਕਸਾਨ ਹੈ। ਮੈਂ ਪੈਰਿਸ ਦੀ ਤਿਆਰੀ ਕਰ ਰਿਹਾ ਸੀ ਜੋ ਹਰ ਖਿਡਾਰੀ ਲਈ ਵੱਡੀ ਗੱਲ ਹੈ। ਮੈਂ ਤਗ਼ਮਾ ਜਿੱਤ ਸਕਦਾ ਸੀ। ਮੇਰਾ ਦਿਲ ਟੁੱਟ ਗਿਆ ਹੈ।’’ ਬਿਆਨ ਵਿੱਚ ਕਿਹਾ ਗਿਆ ਹੈ, ‘‘29 ਜੁਲਾਈ 2024 ਨੂੰ ਸੀਏਐੱਸ ਦੇ ਅਪੀਲ ਵਿਭਾਗ ਨੇ ਭਗਤ ਦੀ ਅਪੀਲ ਖਾਰਜ ਕਰ ਦਿੱਤੀ ਅਤੇ ਸੀਏਐੱਸ ਦੇ ਡੋਪਿੰਗ ਰੋਕੂ ਡਿਵੀਜ਼ਨ ਦੇ ਪਹਿਲੀ ਮਾਰਚ 2024 ਦੇ ਫ਼ੈਸਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੀ ਮੁਅੱਤਲੀ ਹੁਣ ਲਾਗੂ ਹੈ।’’ ਇਹ ਮੁਅੱਤਲੀ ਪਹਿਲੀ ਸਤੰਬਰ 2025 ਤੱਕ ਲਾਗੂ ਰਹੇਗੀ। ਬਿਹਾਰ ਵਿੱਚ ਜਨਮੇ ਭਗਤ ਨੇ ਪਿਛਲੇ ਸਾਲ ਫਰਵਰੀ ਵਿੱਚ ਪੰਜਵਾਂ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਜਿੱਤ ਕੇ ਚੀਨ ਦੇ ਲਿਨ ਡੈਨ ਦੀ ਬਰਾਬਰੀ ਕੀਤੀ ਸੀ।
ਭਾਰਤੀ ਪੈਰਾ ਬੈਡਮਿੰਟਨ ਦੇ ਮੁੱਖ ਕੋਚ ਗੌਰਵ ਖੰਨਾ ਨੇ ਕਿਹਾ, ‘‘ਇਹ ਕਾਫੀ ਮੰਦਭਾਗਾ ਹੈ। ਉਹ ਪੈਰਾਲੰਪਿਕ ਵਿੱਚ ਤਗ਼ਮੇ ਦੀ ਉਮੀਦ ਸੀ ਪਰ ਉਹ ਯੋਧਾ ਹੈ ਅਤੇ ਮੈਨੂੰ ਯਕੀਨ ਹੈ ਕਿ ਮਜ਼ਬੂਤੀ ਨਾਲ ਵਾਪਸੀ ਕਰੇਗਾ।’’ -ਪੀਟੀਆਈ
ਤਕਨੀਕੀ ਕਾਰਨਾਂ ਕਰ ਕੇ ਪਾਬੰਦੀ ਲਾਉਣਾ ਸਹੀ ਨਹੀਂ: ਭਗਤ
ਟੋਕੀਓ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਪੈਰਾ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘‘ਮੇਰੇ ਲਈ ਇਹ ਬਹੁਤ ਮੁਸ਼ਕਲ ਫ਼ੈਸਲਾ ਹੈ। ਮੈਂ ਵਾਡਾ ਦਾ ਸਨਮਾਨ ਕਰਦਾ ਹਾਂ। ਮੈਂ ਸਮਝਦਾ ਹਾਂ ਕਿ ਸਾਰੇ ਖਿਡਾਰੀਆਂ ਲਈ ਉਹ ਮਾਪਦੰਡ ਤੈਅ ਕਰਨਾ ਚਾਹੁੰਦੇ ਹਨ ਪਰ ਤਕਨੀਕੀ ਕਾਰਨਾਂ ਕਰਕੇ ਪਾਬੰਦੀ ਲਾਉਣਾ ਸਹੀ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਇਹ ਕਿਸੇ ਪਦਾਰਥ ਦੇ ਸੇਵਨ ਦਾ ਮਾਮਲਾ ਨਹੀਂ ਹੈ ਬਲਕਿ ਟਿਕਾਣਾ ਨਾ ਦੱਸ ਸਕਣ ਦਾ ਮਾਮਲਾ ਹੈ। ਮੈਂ ਦੋ ਵਾਰ ਵੱਖ-ਵੱਖ ਥਾਵਾਂ ’ਤੇ ਹੋਣ ਕਾਰਨ ਟੈਸਟ ਨਹੀਂ ਦੇ ਸਕਿਆ ਪਰ ਤੀਸਰੀ ਵਾਰ ਦੇਣ ਦਾ ਮੇਰੇ ਕੋਲ ਸਬੂਤ ਹੈ ਪਰ ਮੇਰੀ ਅਪੀਲ ਖਾਰਜ ਹੋ ਗਈ।’’