ਪੈਰਾ ਏਸ਼ਿਆਈ ਖੇਡਾਂ: ਭਾਰਤ ਨੇ ਦੂਜੇ ਦਿਨ ਤਿੰਨ ਸੋਨ ਤਗ਼ਮਿਆਂ ਸਮੇਤ 17 ਤਗ਼ਮੇ ਜਿੱਤੇ
ਹਾਂਗਜ਼ੂ, 24 ਅਕਤੂਬਰ
ਪ੍ਰਾਚੀ ਯਾਦਵ ਅੱਜ ਇੱਥੇ ਏਸ਼ਿਆਈ ਪੈਰਾ ਖੇਡਾਂ ਵਿੱਚ ਪੈਰਾ ਕੈਨੋਇੰਗ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਉਸ ਨੇ ਲਗਾਤਾਰ ਦੂਜੇ ਦਿਨ ਦੇਸ਼ ਲਈ ਤਗਮਾ ਜਿੱਤਿਆ। ਭਾਰਤ ਨੇ ਅੱਜ ਮੁਕਾਬਲੇ ਦੇ ਦੂਜੇ ਦਿਨ ਤਿੰਨ ਸੋਨ ਸਮੇਤ ਕੁੱਲ 17 ਤਗਮੇ ਜਿੱਤੇ। ਇਸ ਨਾਲ ਦੇਸ਼ ਦੇ ਕੁੱਲ ਤਗਮਿਆਂ ਦੀ ਗਿਣਤੀ 34 ਹੋ ਗਈ। ਭਾਰਤ ਨੇ ਬੀਤੇ ਦਿਨ ਛੇ ਸੋਨ ਸਮੇਤ ਕੁੱਲ 17 ਤਗਮੇ ਜਿੱਤੇ ਸਨ। ਚੀਨ (165), ਈਰਾਨ (47), ਜਾਪਾਨ (45) ਅਤੇ ਉਜ਼ਬੇਕਿਸਤਾਨ (38) ਤੋਂ ਬਾਅਦ ਭਾਰਤ 9 ਸੋਨੇ, 12 ਚਾਂਦੀ ਅਤੇ 13 ਕਾਂਸੇ ਦੇ ਤਗਮਿਆਂ ਨਾਲ ਪੰਜਵੇਂ ਸਥਾਨ ’ਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਗਮੇ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ।
ਬੀਤੇ ਦਿਨ ਕੈਨੋਇੰਗ ਵੀਐੱਲ2 ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪ੍ਰਾਚੀ ਨੇ ਅੱਜ ਕੇਐੱਲ2 ਈਵੈਂਟ ’ਚ ਸੋਨ ਤਮਗਾ ਜਿੱਤ ਕੇ ਖੇਡਾਂ ਦਾ ਆਪਣਾ ਦੂਜਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਦੀਪਤੀ ਜੀਵਨਜੀ (ਮਹਿਲਾ ਟੀ20 400 ਮੀਟਰ), ਸ਼ਰਤ ਸ਼ੰਕਰੱਪਾ ਮਾਕਨਹੱਲੀ (ਪੁਰਸ਼ਾਂ ਦੀ ਟੀ13 5000 ਮੀਟਰ) ਅਤੇ ਨੀਰਜ ਯਾਦਵ (ਪੁਰਸ਼ਾਂ ਦੀ ਐੱਫ54/55/56 ਡਿਸਕਸ ਥਰੋਅ) ਨੇ ਸੋਨ ਤਗ਼ਮੇ ਜਿੱਤੇ ਹਨ।
ਕਮਰ ਤੋਂ ਹੇਠਾਂ ਅਧਰੰਗ ਨਾਲ ਪੀੜਤ 28 ਸਾਲਾ ਪ੍ਰਾਚੀ ਨੇ ਕਐੱਲ2 ਈਵੈਂਟ ਵਿੱਚ 500 ਮੀਟਰ ਦੀ ਦੂਰੀ ਤੈਅ ਕਰਨ ਲਈ 54.962 ਸਕਿੰਟ ਦਾ ਸਮਾਂ ਲਿਆ। ਇਸ ਤੋਂ ਬਾਅਦ ਦੀਪਤੀ ਨੇ ਮਹਿਲਾ ਟੀ-20 ਵਰਗ ਦੀ 400 ਮੀਟਰ ਦੌੜ ’ਚ ਸੋਨ ਤਮਗਾ ਜਿੱਤਿਆ। ਬੌਧਿਕ ਤੌਰ ’ਤੇ ਚੁਣੌਤੀਪੂਰਨ ਅਥਲੀਟਾਂ ਦੇ ਇਸ ਮੁਕਾਬਲੇ ਵਿੱਚ ਦੀਪਤੀ ਨੇ 56.69 ਸਕਿੰਟ ਦੇ ਸਮੇਂ ਨਾਲ ਏਸ਼ਿਆਈ ਰਿਕਾਰਡ ਕਾਇਮ ਕੀਤਾ। ਮਾਕਨਹੱਲੀ ਨੇ ਨੇਤਰਹੀਣ ਦੌੜਾਕਾਂ ਦੀ 5000 ਮੀਟਰ ਦੌੜ 20:18.90 ਦੇ ਸਮੇਂ ਨਾਲ ਜਿੱਤੀ।
ਸ਼ਰਤ ਸ਼ੰਕਰੱਪਾ ਮਕਨਹੱਲੀ ਨੇ ਪੁਰਸ਼ਾਂ ਦੇ ਟੀ13 5000ਮੀਟਰ ਈਵੈਂਟ ਜਿੱਤਿਆ ਅਤੇ ਪਹਿਲਾਂ ਉਸ ਵੱਲੋਂ ਜਿੱਤਿਆ ਸੋਨਾ ਤਗਮਾ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ ਪਰ ਬਾਅਦ ਵਿੱਚ ਇਸ ਨੂੰ ਹਟਾ ਦਿੱਤਾ ਗਿਆ। ਇਸ ਮੁਕਾਬਲੇ ਵਿੱਚ ਸਿਰਫ ਦੋ ਮੁਕਾਬਲੇਬਾਜ਼ ਸਨ। ਏਸ਼ਿਆਈ ਪੈਰਾਲੰਪਿਕਸ ਕਮੇਟੀ ਦੇ ਨਿਯਮਾਂ ਅਨੁਸਾਰ ਇਹ ਤਕਨੀਕੀ ਟੀਮ ’ਤੇ ਨਿਰਭਰ ਕਰਦਾ ਹੈ ਕਿ ਤਿੰਨ ਤੋਂ ਘੱਟ ਮੁਕਾਬਲੇਬਾਜ਼ਾਂ ਵਾਲੇ ਈਵੇਂਡ ਵਿੱਚ ਉਨ੍ਹਾਂ ਨੂੰ ਤਗਮੇ ਦਿੱਤੇ ਜਾਣਗੇ ਜਾਂ ਨਹੀਂ।
ਪੁਰਸ਼ਾਂ ਦੇ ਐੱਫ54/55/56 ਡਿਸਕਸ ਥਰੋਅ ਮੁਕਾਬਲਿਆਂ ਵਿੱਚ ਭਾਰਤੀਆਂ ਨੇ ਤਿੰਨੋਂ ਤਗਮੇ ਜਿੱਤੇ। ਇਸ ਵਿੱਚ ਨੀਰਜ ਯਾਦਵ ਨੇ 38.56 ਮੀਟਰ ਦੀ ਏਸ਼ਿਆਈ ਰਿਕਾਰਡ ਦੂਰੀ ਨਾਲ ਸੋਨ ਤਗਮਾ ਜਿੱਤਿਆ। ਯੋਗੇਸ਼ ਕਥੁਨੀਆ (42.13 ਮੀਟਰ) ਅਤੇ ਮੁਥੁਰਾਜਾ (35.06 ਮੀਟਰ) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ।
ਰਵੀ ਰੋਂਗਲੀ (ਪੁਰਸ਼ਾਂ ਦੇ ਐੱਫ40 ਸ਼ਾਟ ਪੁਟ), ਪ੍ਰਮੋਦ (ਪੁਰਸ਼ਾਂ ਦੇ ਟੀ46 1500 ਮੀਟਰ), ਅਜੈ ਕੁਮਾਰ (ਪੁਰਸ਼ਾਂ ਦੀ ਟੀ64 400 ਮੀਟਰ) ਅਤੇ ਸਿਮਰਨ ਸ਼ਰਮਾ (ਮਹਿਲਾ ਟੀ12 100 ਮੀਟਰ) ਨੇ ਟਰੈਕ ਮੁਕਾਬਲਿਆਂ ਵਿੱਚ ਇੱਕ-ਇੱਕ ਚਾਂਦੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਰਾਕੇਸ਼ ਭੈਰਾ ਨੇ ਪੁਰਸ਼ਾਂ ਦੇ ਟੀ46 1500 ਮੀਟਰ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ। ਪੈਰਾ ਸ਼ੂਟਿੰਗ ਵਿੱਚ ਰੁਦਰਾਂਸ਼ ਖੰਡੇਲਵਾਲ ਅਤੇ ਮਨੀਸ਼ ਨਰਵਾਲ ਨੇ ਪੀ1 ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਐੱਸਐੱਚ1 ਈਵੈਂਟ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੇ ਦਾ ਤਗਮੇ ਜਿੱਤੇ ਜਦੋਂ ਕਿ ਰੁਬੀਨਾ ਫਰਾਂਸਿਸ ਨੇ ਪੀ2 ਮਹਿਲਾ 10 ਮੀਟਰ ਏਅਰ ਪਿਸਟਲ ਐੱਸਐੱਚ1 ਵਰਗ ਵਿੱਚ ਕਾਂਸੇ ਦਾ ਤਗਮਾ ਜਿੱਤਿਆ। ਕਾਂਸੇ ਤੇ ਤਗਮੇ ਜਿੱਤਣ ਵਾਲੇ ਹੋਰ ਖਿਡਾਰੀਆਂ ਵਿੱਚ ਪ੍ਰਾਚੀ ਦਾ ਪਤੀ ਮਨੀਸ਼ ਕੌਰਵ (ਪੁਰਸ਼ਾਂ ਦੀ ਕੇਐੱਲ3 ਕੈਨੋਇੰਗ), ਅਸ਼ੋਕ (ਪੁਰਸ਼ਾਂ ਦੀ 65 ਕਿਲੋ ਪਾਵਰਲਿਫਟਿੰਗ), ਗਜੇਂਦਰ ਸਿੰਘ (ਪੁਰਸ਼ਾਂ ਦੀ ਵੀਐੱਲ2 ਕੈਨੋਇੰਗ) ਅਤੇ ਏਕਤਾ ਭਯਾਨ (ਮਹਿਲਾਵਾਂ ਦੀ ਐੈੱਫ32/51 ਕਲੱਬ ਥਰੋਅ) ਸ਼ਾਮਲ ਹਨ। -ਪੀਟੀਆਈ