ਪਾਪੂਆ ਨਿਊ ਗਿਨੀ: ਖਾਣ ਮਜ਼ਦੂਰਾਂ ਵਿਚਾਲੇ ਹਿੰਸਾ ’ਚ ਦੋ ਦਰਜਨ ਤੋਂ ਵੱਧ ਹਲਾਕ
ਮੈਲਬਰਨ, 16 ਸਤੰਬਰ
ਪਾਪੂਆ ਨਿਊ ਗਿਨੀ ਵਿੱਚ ਗੈਰ-ਕਾਨੂੰਨੀ ਖਾਣ ਮਜ਼ਦੂਰਾਂ ਵਿਚਾਲੇ ਹਿੰਸਾ ਵਿੱਚ 20 ਤੋਂ 50 ਵਿਅਕਤੀ ਮਾਰੇ ਗਏ ਹਨ। ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਦੀ ਸਰਕਾਰ ਅਨੁਸਾਰ ਪੋਰਗੇਰਾ ਘਾਟੀ ਵਿੱਚ ਕੁਝ ਦਿਨ ਪਹਿਲਾਂ ਸ਼ੁਰੂ ਹੋਈ ਹਿੰਸਾ ਹਾਲੇ ਵੀ ਜਾਰੀ ਹੈ। ਇਹ ਜਗ੍ਹਾ ਮਈ ਵਿੱਚ ਢਿੱਗਾਂ ਡਿੱਗਣ ਵਾਲੀ ਥਾਂ ਦੇ ਨੇੜੇ ਸਥਿਤ ਹੈ। ਢਿੱਗਾਂ ਡਿੱਗਣ ਕਾਰਨ ਦੋ ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਸੀ।
ਪਾਪੂਆ ਨਿਊ ਗਿਨੀ ਲਈ ਸੰਯੁਕਤ ਰਾਸ਼ਟਰ ਦੇ ਮਨੁੱਖਤਾਵਾਦੀ ਸਲਾਹਕਾਰ ਮੇਟ ਬੈਗੋਸੀ ਨੇ ਕਿਹਾ ਕਿ ਏਂਗਾ ਪ੍ਰਾਂਤ ਵਿੱਚ ਕਮਿਊਨਿਟੀ ਮੈਂਬਰਾਂ ਅਤੇ ਸਥਾਨਕ ਅਧਿਕਾਰੀਆਂ ਵੱਲੋਂ ਐਤਵਾਰ ਤੱਕ ਘੱਟੋ-ਘੱਟ 20 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ। ਬੈਗੋਸੀ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ, ‘ਅਸੀਂ ਘੱਟੋ-ਘੱਟ 20 ਵਿਅਕਤੀ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਪਰ ਸਾਡੇ ਕੋਲ ਆ ਰਹੀਆਂ ਖਬਰਾਂ ਅਨੁਸਾਰ ਇਹ ਗਿਣਤੀ 50 ਤੱਕ ਹੋ ਸਕਦੀ ਹੈ।’ ਉਨ੍ਹਾਂ ਦੱਸਿਆ ਕਿ ਹਿੰਸਾ ਜਾਰੀ ਹੈ। ਉਨ੍ਹਾਂ ਫ਼ੌਜ ਅਤੇ ਪੁਲੀਸ ਦਾ ਹਵਾਲਾ ਦਿੰਦਿਆਂ ਕਿਹਾ, ‘ਅੱਜ ਕੁਝ ਸੁਰੱਖਿਆ ਬਲਾਂ ਨੇ ਖੇਤਰ ਵਿੱਚ ਦਾਖਲ ਹੋਣਾ ਸ਼ੁਰੂ ਕਰ ਦਿੱਤਾ ਹੈ। ਦੇਖਦੇ ਹਾਂ ਇਸ ਦਾ ਕੀ ਪ੍ਰਭਾਵ ਪੈਂਦਾ ਹੈ।’ ਉਨ੍ਹਾਂ ਜ਼ਖਮੀਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਨੈਸ਼ਨਲ ਪੁਲੀਸ ਕਮਿਸ਼ਨਰ ਡੇਵਿਡ ਮੈਨਿੰਗ ਨੇ ਕਿਹਾ ਕਿ ਹਿੰਸਾ ਵਧਣ ਤੋਂ ਬਾਅਦ ਸ਼ਨਿਚਰਵਾਰ ਨੂੰ ਐਮਰਜੈਂਸੀ ਐਲਾਨ ਦਿੱਤੀ ਗਈ ਸੀ। -ਏਪੀ