ਪੱਪੂ ਯਾਦਵ ਨੇ ਲਾਰੈਂਸ ਬਿਸ਼ਨੋਈ ਤੋਂ ਧਮਕੀਆਂ ਮਿਲਣ ਦਾ ਕੀਤਾ ਦਾਅਵਾ
ਪਟਨਾ: ਬਿਹਾਰ ਦੇ ਪੂਰਨੀਆ ਤੋਂ ਲੋਕ ਸਭਾ ਮੈਂਬਰ ਰਾਜੇਸ਼ ਰੰਜਨ ਉਰਫ਼ ਪੱਪੂ ਯਾਦਵ ਨੇ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ ਉਸ ਨੂੰ ਪਿਛਲੇ ਕੁਝ ਦਿਨ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਧਮਕੀਆਂ ਮਿਲ ਰਹੀਆਂ ਹਨ। ਯਾਦਵ ਨੇ ਦਾਅਵਾ ਕੀਤਾ ਕਿ ਪਿਛਲੇ ਤਿੰਨ ਦਿਨ ਤੋਂ ਉਨ੍ਹਾਂ ਨੂੰ ਇੱਕ ਵਿਅਕਤੀ ਨੇ ਬਿਸ਼ਨੋਈ ਬਾਰੇ ਬਿਆਨ ਖ਼ਿਲਾਫ਼ ਚਿਤਾਵਨੀ ਦਿੰਦਿਆਂ ਕਈ ਵਾਰ ਫੋਨ ਕੀਤਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਧਮਕੀਆਂ ਬਾਰੇ ਬਿਹਾਰ ਦੇ ਮੁੱਖ ਮੰਤਰੀ ਨੂੰ ਪੱਤਰ ਵੀ ਲਿਖਿਆ ਹੈ। ਯਾਦਵ ਦੇ ਪੱਤਰ ਅਨੁਸਾਰ ਇਹ ਫੋਨ ਅਣਪਛਾਤੇ ਵੱਲੋਂ ਕੀਤੇ ਗਏ ਹਨ ਜੋ ਬਿਸ਼ਨੋਈ ਗਰੋਹ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਇੱਕ ਫੋਨ ਲਾਰੈਂਸ ਬਿਸ਼ਨੋਈ ਨੇ ਖੁਦ ਕੀਤਾ ਸੀ। ਯਾਦਵ ਨੇ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਲਈ ਸਬੂਤ ਵੀ ਸਾਂਝੇ ਕੀਤੇ ਹਨ। ਯਾਦਵ ਨੇ ਦਾਅਵਾ ਕੀਤਾ ਕਿ ਫੋਨ ਕਰਨ ਵਾਲੇ ਨੇ ਇਹ ਵੀ ਕਿਹਾ ਕਿ ਅਹਿਮਦਾਬਾਦ ਵਿਚਲੀ ਸਾਬਰਮਤੀ ਜੇਲ੍ਹ ਦਾ ਜੈਮਰ 10 ਮਿੰਟ ਲਈ ਬੰਦ ਹੋਣ ਮਗਰੋਂ ਲਾਰੈਂਸ ਬਿਸ਼ਨੋਈ ਨੇ ਉਨ੍ਹਾਂ ਨੂੰ ਫੋਨ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। -ਪੀਟੀਆਈ