ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

... ਕਾਗਦ ਪਰ ਮਿਟੈ ਨ ਮੰਸੁ।।

01:35 PM May 28, 2023 IST

ਕਿੰਨੀ ਵਾਰ ਆਵਾਜ਼ ਉਠਾਉਣ ਵਾਲੀਆਂ ਪੀੜਤ ਔਰਤਾਂ ਨੂੰ ਨਿਆਂ ਮਿਲਿਆ ਹੈ? … ਜਦੋਂ ਮੈਂ ਕਹਿੰਦੀ ਹਾਂ ‘ਆਵਾਜ਼ ਉਠਾਉਣਾ’ ਤਾਂ ਇਸ ਬਾਰੇ ਕਲਪਨਾ ਕਰੋ। ਉਨ੍ਹਾਂ ਨੂੰ ਦੁਖਦਾਈ ਘਟਨਾਵਾਂ ਬਾਰੇ ਇਕ ਵਾਰ ਨਹੀਂ ਸਗੋਂ ਵਾਰ ਵਾਰ ਗੱਲ ਕਰਨੀ ਪੈਂਦੀ ਹੈ…।” ਇਹ ਸ਼ਬਦ ਜੰਤਰ-ਮੰਤਰ ਵਿਚ ਧਰਨਾ ਦੇ ਰਹੀਆਂ ਮਹਿਲਾ ਪਹਿਲਵਾਨਾਂ ਦੀ ਆਗੂ ਵਿਨੇਸ਼ ਫੋਗਾਟ ਦੀ ਉਸ ਲਿਖਤ ‘ਚੋਂ ਹਨ ਜੋ ਇਕ ਅੰਗਰੇਜ਼ੀ ਅਖ਼ਬਾਰ ਵਿਚ ਛਪੀ ਹੈ। ਮਹਿਲਾ ਪਹਿਲਵਾਨ ਅਤੇ ਉਨ੍ਹਾਂ ਦੇ ਸਾਥੀ ਇਕ ਮਹੀਨੇ ਤੋਂ ਧਰਨਾ ਦੇ ਰਹੇ ਹਨ ਕਿ ਉਸ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇ ਜਿਸ ਵਿਰੁੱਧ ਉਨ੍ਹਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਸਦੀਆਂ ਤੋਂ ਬਹੁਤ ਸਾਰੇ ਸਮਾਜਾਂ ਵਿਚ ਹੋ ਰਿਹਾ ਔਰਤਾਂ ਦਾ ਸ਼ੋਸ਼ਣ ਅਜਿਹਾ ਭਿਆਨਕ ਸੱਚ ਹੈ ਜਿਸ ਤੋਂ ਹਰ ਸਮਾਜ ਮੂੰਹ ਮੋੜਦਾ ਰਿਹਾ ਹੈ। ਮਰਦ-ਪ੍ਰਧਾਨ ਸਮਾਜ ਮਰਿਆਦਾ, ਸ਼ਰਮ, ਇੱਜ਼ਤ ਤੇ ਬਦਨਾਮੀ ਜਿਹੇ ਸੰਕਲਪਾਂ ਦੇ ਪਰਦੇ ਵਿਚ ਔਰਤਾਂ ਨੂੰ ਮੂੰਹ ਬੰਦ ਰੱਖਣ ਲਈ ਮਜਬੂਰ ਕਰਦੇ ਹਨ। ਵਿਨੇਸ਼ ਲਿਖਦੀ ਹੈ, ”ਕਈ ਹੋਰ ਕੁੜੀਆਂ ਵਾਂਗ ਮੈਨੂੰ ਸਾਲਾਂ ਦੇ ਸਾਲ ਚੁੱਪ-ਚਾਪ ਇਸ ਬੰਦੇ (ਭਾਵ ਬ੍ਰਿਜ ਭੂਸ਼ਣ ਸ਼ਰਨ ਸਿੰਘ) ਕਾਰਨ ਦੁੱਖ ਸਹਿਣਾ ਪੈਂਦਾ ਰਿਹਾ ਪਰ ਮੇਰੇ ਕੋਲ ਹੋਰ ਕੋਈ ਵਿਕਲਪ ਨਹੀਂ ਸੀ।”

Advertisement

ਵਿਨੇਸ਼ ਫੋਗਾਟ ਦੀ ਉਪਰੋਕਤ ਲਿਖਤ ਆਪਣੇ ਆਪ ਵਿਚ ਅਥਾਹ ਦੁੱਖ-ਦਰਦ ਛਿਪਾਈ ਬੈਠੀ ਹੈ। ਇਹ ਲਿਖਤ ਸਮਾਜ ਤੋਂ ਕਈ ਸਵਾਲ ਪੁੱਛਦੀ ਹੈ; ਇਹ ਲਿਖਤ ਕਹਿੰਦੀ ਹੈ ਕਿ ਆਮ ਕਰਕੇ ਸਾਡੇ ਸਮਾਜ ਵਿਚ ਪੀੜਤ ਔਰਤ ਬੋਲਦੀ ਹੀ ਨਹੀਂ; ਉਹ ਤਾਂ ਹੀ ਬੋਲਦੀ ਹੈ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਹੈ। ਲਿਖਤ ਵਿਚਲਾ ਬਿਆਨ ਦੱਸਦਾ ਹੈ ਕਿ ਮਹਿਲਾ ਪਹਿਲਵਾਨਾਂ ਨੂੰ ਲਗਾਤਾਰ ਸਰੀਰਕ ਸ਼ੋਸ਼ਣ ਸਹਿਣਾ ਪੈਂਦਾ ਰਿਹਾ ਹੈ। ਬਿਆਨ ਦੁਹਾਈ ਦਿੰਦਾ ਹੈ ਕਿ ਧੀਆਂ ਦੇ ਸੱਚ ਨੂੰ ਸੁਣਿਆ ਜਾਵੇ ਤੇ ਉਸ ਨੂੰ ਨਕਾਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਵਿਨੇਸ਼ ਕੇਂਦਰੀ ਖੇਡ ਮੰਤਰੀ ਦੇ ਰਵੱਈਏ ਬਾਰੇ ਲਿਖਦੀ ਹੈ, ”ਉਸ ਦਾ ਰਵੱਈਆ ਕੁਝ ਇਸ ਤਰ੍ਹਾਂ ਦਾ ਸੀ, ‘ਮੈਂ ਖੇਡ ਮੰਤਰੀ ਹਾਂ, ਜੋ ਮੈਂ ਕਹਿੰਨਾ ਉਹ ਤੁਹਾਨੂੰ ਸੁਣਨਾ ਪੈਣਾ ਏ’। ਜਦੋਂ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਕੁੜੀਆਂ ਨੇ ਆਪਣੀਆਂ ਕਹਾਣੀਆਂ ਦੱਸੀਆਂ ਤਾਂ ਉਸ ਨੇ ਉਨ੍ਹਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਵੇਖਿਆ ਅਤੇ ਪੁੱਛਿਆ ਕਿ ਤੁਹਾਡੇ ਕੋਲ ਕੀ ਸਬੂਤ ਹੈ। ਓਵਰਸਾਈਟ ਕਮੇਟੀ ਦੇ ਮੈਂਬਰਾਂ ਨੇ ਵੀ ਇਹੀ ਕੁਝ ਕੀਤਾ।” ਮਹਿਲਾ ਪਹਿਲਵਾਨਾਂ ਨੇ ਜਨਵਰੀ ਵਿਚ ਵੀ ਧਰਨਾ ਦਿੱਤਾ ਸੀ ਅਤੇ ਸਰਕਾਰ ਨੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਉੱਘੀ ਮੁੱਕੇਬਾਜ਼ ਮੈਰੀ ਕੋਮ ਦੀ ਅਗਵਾਈ ਵਿਚ ਓਵਰਸਾਈਟ ਕਮੇਟੀ ਬਣਾਈ ਸੀ। ਇਸ ਕਮੇਟੀ ਨੇ ਰਿਪੋਰਟ ਦਿੱਤੀ ਹੈ ਪਰ ਉਹ ਮਹਿਲਾ ਪਹਿਲਵਾਨਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉੱਤਰੀ।

ਵਿਨੇਸ਼ ਦੀ ਲਿਖਤ ਉਨ੍ਹਾਂ ਦੁੱਖਾਂ ਦੀ ਕਹਾਣੀ ਹੈ ਜੋ ਉਸ ਨੇ ਆਪਣੇ ਸਰੀਰ ‘ਤੇ ਸਹੇ ਹਨ ਤੇ ਵੱਡਾ ਜਿਗਰਾ ਕਰਕੇ ਇਨ੍ਹਾਂ ਨੂੰ ਕਾਗਜ਼ ‘ਤੇ ਲਿਖ ਦਿੱਤਾ ਹੈ ਅਤੇ ਜਿਵੇਂ ਭਗਤ ਕਬੀਰ ਨੇ ਕਿਹਾ ਹੈ, ”… ਕਾਗਦ ਪਰ ਮਿਟੈ ਨ ਮੰਸੁ।।” ਕਾਗਜ਼ ‘ਤੇ ਸਿਆਹੀ ਨਾਲ ਲਿਖਿਆ ਮਿਟਦਾ ਨਹੀਂ ਹੈ। ਇਸ ਸੱਚ ਨੂੰ ਮਿਟਾਇਆ ਨਹੀਂ ਜਾ ਸਕਦਾ। ਇਹ ਸੱਚ ਡਰ ਤੇ ਭੈਅ ਦਾ ਪੀੜਾਂ ਭਰਿਆ ਸਫ਼ਰ ਤੈਅ ਕਰਕੇ ਆਇਆ ਹੈ। ਇਨ੍ਹਾਂ ਕੁੜੀਆਂ ਤੋਂ ਲਗਾਤਾਰ ਇਹ ਪੁੱਛਿਆ ਜਾਂਦਾ ਰਿਹਾ ਹੈ ਕਿ ਉਨ੍ਹਾਂ ਨੇ ਪਹਿਲਾਂ ਕੇਸ ਕਿਉਂ ਨਹੀਂ ਦਰਜ ਕਰਾਇਆ। ਪੁੱਛਣ ਵਾਲਿਓ, ਆਪਣੇ ਸਮਾਜ, ਘਰਾਂ-ਪਰਿਵਾਰਾਂ, ਗਲੀ-ਮੁਹੱਲਿਆਂ, ਪਿੰਡਾਂ, ਨਗਰਾਂ, ਕਸਬਿਆਂ ‘ਤੇ ਨਿਗਾਹ ਮਾਰੋ। ਕੁੜੀਆਂ ਕਿਵੇਂ ਰਹਿੰਦੀਆਂ ਹਨ? ਕਿਵੇਂ ਉਨ੍ਹਾਂ ਨੂੰ ਚੁੱਪ ਰਹਿਣਾ ਤੇ ਡਰਨਾ ਸਿਖਾਇਆ ਜਾਂਦਾ ਹੈ। ਵਿਨੇਸ਼ ਲਿਖਦੀ ਹੈ, ”ਅਸੀਂ ਪੁਲੀਸ ਤੋਂ ਡਰਦੀਆਂ ਸਾਂ। ਅਸੀਂ ਪਿੰਡਾਂ ਦੀਆਂ ਰਹਿਣ ਵਾਲੀਆਂ ਹਾਂ। ਕੀ ਤੁਸੀਂ ਵੇਖਿਐ ਅਸੀਂ ਉੱਥੇ ਕਿਵੇਂ ਰਹਿੰਦੀਆਂ ਹਾਂ? ਪੁਲੀਸ ਕੇਸ (ਐੱਫਆਈਆਰ) ਦਰਜ ਕਰਦੀ ਹੈ, ਮੀਡੀਆ ਉਹਦੇ ਬਾਰੇ ਰਿਪੋਰਟ ਪ੍ਰਕਾਸ਼ਿਤ ਕਰਦਾ ਹੈ, ਨਾਂ ਬਾਹਰ ਆਉਂਦੇ ਹਨ ਤੇ ਹਰ ਕੋਈ ਪੀੜਤ ਔਰਤ ਨੂੰ ਦੋਸ਼ੀ ਮੰਨਦਾ ਹੈ।”

Advertisement

ਵਿਨੇਸ਼ ਕਹਿੰਦੀ ਹੈ ਕਿ ਹੁਣ ਉਨ੍ਹਾਂ ਨੇ ਆਪਣੇ ਡਰ ‘ਤੇ ਕਾਬੂ ਪਾ ਲਿਆ ਹੈ। ਉਸ ਦੇ ਅਨੁਸਾਰ, ”ਹੁਣ ਕੇਵਲ ਇਕ ਹੀ ਡਰ ਹੈ ਕਿ ਸਾਨੂੰ ਪਹਿਲਵਾਨੀ ਕਰਨੀ ਛੱਡਣੀ ਪੈ ਸਕਦੀ ਹੈ। ਸਾਨੂੰ ਵਿਸ਼ਵਾਸ ਹੈ ਕਿ ਅਸੀਂ (ਖਿਡਾਰੀ) ਪੰਜ ਸਾਲ ਹੋਰ ਖੇਡ ਸਕਦੇ ਹਾਂ ਪਰ ਕੌਣ ਜਾਣਦਾ ਹੈ ਕਿ ਇਸ ਵਿਰੋਧ ਮੁਜ਼ਾਹਰੇ ਤੋਂ ਬਾਅਦ ਸਾਡਾ ਭਵਿੱਖ ਕੀ ਹੋਵੇਗਾ।”

ਭਵਿੱਖ? ਭਵਿੱਖ ਕੀ ਹੁੰਦਾ ਹੈ? ਭਵਿੱਖ ਵਿਚ ਸਾਡੀਆਂ ਆਸਾਂ ਪਈਆਂ ਹੁੰਦੀਆਂ ਹਨ, ਉਮੰਗਾਂ ਤੇ ਤਾਘਾਂ ਦੇ ਸੰਸਾਰ ਹੁੰਦੇ ਹਨ, ਅਨਿਸ਼ਚਿਤਤਾ ਹੁੰਦੀ ਹੈ; ਅੰਬਰਾਂ ‘ਚ ਉੱਡਣ ਦੀ ਲੋਚਾ ਤੇ ਗੁੰਮਨਾਮੀ ਦੇ ਸਮੁੰਦਰਾਂ ‘ਚ ਡੁੱਬ ਜਾਣ ਦੀ ਸ਼ੰਕਾ ਹੈ। ਭਵਿੱਖ ਨੂੰ ਕੋਈ ਨਹੀਂ ਜਾਣ ਸਕਦਾ ਪਰ ਏਨਾ ਜ਼ਰੂਰ ਹੈ ਕਿ ਭਵਿੱਖ ਵਰਤਮਾਨ ਦੀ ਕੁਠਾਲੀ ‘ਚੋਂ ਜਨਮ ਲੈਂਦਾ ਹੈ ਤੇ ਜੋ ਇਹ ਮਹਿਲਾ ਪਹਿਲਵਾਨ ਹੁਣ ਕਰ ਰਹੀਆਂ ਹਨ, ਉਸ ਦਾ ਭਵਿੱਖ ਭਾਵੇਂ ਕਿੰਨੀ ਵੀ ਅਨਿਸ਼ਚਿਤਤਾ ਵਾਲਾ ਕਿਉਂ ਨਾ ਹੋਵੇ, ਪਰ ਉਸ ਵਿਚ ਇਹ ਪਛਤਾਵਾ ਨਹੀਂ ਹੋਵੇਗਾ ਕਿ ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ, ਉਹ ਉਨ੍ਹਾਂ ਨੇ ਨਹੀਂ ਕੀਤਾ। ਵਿਨੇਸ਼ ਇਸ ਸੱਚ ਨੂੰ ਜਾਣਦੀ ਹੈ; ਉਹ ਲਿਖਦੀ ਹੈ, ”ਜੇ ਅਸੀਂ ਚੁੱਪ ਰਹਿ ਜਾਂਦੀਆਂ ਤਾਂ ਸਾਨੂੰ ਸਾਰੀ ਉਮਰ ਅਫ਼ਸੋਸ ਰਹਿਣਾ ਸੀ। ਸਾਡੇ ਗਲਾਂ ਦੁਆਲੇ ਪਏ ਮੈਡਲਾਂ ਦਾ ਕੀ ਫ਼ਾਇਦਾ ਜੇ ਅਸੀਂ ਨਿਆਂ ਲਈ ਨਹੀਂ ਲੜ ਸਕਦੇ? ਅਸੀਂ ਇਸ ਪ੍ਰਬੰਧ (system) ਵਿਰੁੱਧ ਅਗਲੀ ਪੀੜ੍ਹੀ ਦੀਆਂ ਔਰਤਾਂ ਦੀ ਲੜਾਈ ਲੜ ਰਹੀਆਂ ਹਾਂ ਤਾਂ ਕਿ ਉਹ ਸੁਰੱਖਿਅਤ ਮਾਹੌਲ ਵਿਚ ਪਹਿਲਵਾਨੀ ਕਰ ਸਕਣ, ਖੇਡ ਸਕਣ ਤੇ ਮੁਕਾਬਲਿਆਂ ਵਿਚ ਹਿੱਸਾ ਲੈ ਸਕਣ।”

ਵਿਨੇਸ਼ ਤੇ ਉਸ ਦੇ ਸਾਥੀਆਂ-ਸਾਥਣਾਂ ਨੇ ਆਪਣੇ ਦੁੱਖਾਂ ਦੀ ਸਿਆਹੀ ਨਾਲ ਵਰਤਮਾਨ ਦੇ ਕਾਗਜ਼ ‘ਤੇ ਆਪਣੀ ਕਹਾਣੀ ਲਿਖੀ ਤੇ ਆਵਾਜ਼ ਉਠਾਈ ਹੈ। ਸਾਡੇ ਦੇਸ਼ ਦੀ ਔਰਤ ਨੂੰ ਇਸ ਮੁਕਾਮ ‘ਤੇ ਆਉਣ ਲਈ ਵੀ ਦੁੱਖਾਂ-ਦੁਸ਼ਵਾਰੀਆਂ, ਮਾਨਸਿਕ ਪੀੜ ਤੇ ਬੇਭਰੋਸਗੀ ਦੇ ਆਲਮ ‘ਚੋਂ ਗੁਜ਼ਰਨਾ ਪੈਂਦਾ ਹੈ ਤੇ ਉਹ ਆਲਮ ਝੱਟ-ਪੱਟ ਖ਼ਤਮ ਨਹੀਂ ਹੋ ਜਾਂਦਾ; ਵਿਨੇਸ਼ ਲਿਖਦੀ ਹੈ, ”ਅਸੀਂ ਪਹਿਲਾਂ ਇਹੋ ਜਿਹੀ ਸਥਿਤੀ ਕਦੇ ਵੇਖੀ ਨਹੀਂ ਅਤੇ ਕਈ ਵਾਰ ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਜੋ ਅਸੀਂ ਹੁਣ ਕਰ ਰਹੇ ਹਾਂ, ਉਸ ਤੋਂ ਬਾਅਦ ਕੀ ਕਰਨਾ ਏ।” ਅਨਿਸ਼ਚਿਤਤਾ ਮਨੁੱਖ ਦੀ ਹੋਣੀ ਹੈ। ਮਨੁੱਖ ਅਨਿਸ਼ਚਿਤਤਾ ਨਾਲ ਲੜਦਾ ਹੋਇਆ ਹੀ ਆਪਣੇ ਡਰ ‘ਤੇ ਕਾਬੂ ਪਾਉਂਦਾ ਹੈ। ਇਸ ਡਰ ‘ਤੇ ਕਾਬੂ ਪਾਉਣ ਲਈ ਬਹੁਤ ਵਾਰ ਲੋਕਾਂ ਨੂੰ ਇਕੱਠੇ ਹੋਣਾ ਪੈਂਦਾ ਹੈ। ਆਪਣੇ ਹੱਕਾਂ ਲਈ ਲੜਨ ਲਈ ਇਕੱਠੇ ਹੁੰਦੇ ਲੋਕ ਲੋਕ-ਸਮੂਹ ਤੇ ਲੋਕ-ਇਕੱਠ ਬਣਦੇ ਹਨ, ਸੰਗਤ ਦੀ ਸਿਰਜਣਾ ਹੁੰਦੀ ਹੈ। ਵਿਨੇਸ਼ ਇਸ ਸੱਚ ਨੂੰ ਜਾਣਦੀ ਹੈ; ਉਹ ਆਪਣੀ ਲਿਖਤ ਵਿਚ ਵਾਰ ਵਾਰ ਸ਼ਬਦ ‘ਅਸੀਂ (We)’ ਵਰਤਦੀ ਹੈ। ‘ਅਸੀਂ’ ਬਣਨਾ ‘ਇਕੱਲੇ’ ਹੋਣ ਦੇ ਜਮੂਦ ਨੂੰ ਤੋੜਨਾ ਹੈ। ਜ਼ੋਰਾਵਰ ਸਾਨੂੰ ਇਕੱਲਿਆਂ ਕਰਨਾ ਚਾਹੁੰਦੇ ਹਨ; ਇਕੱਲੇ ਮਨੁੱਖ ਨੂੰ ਦਬਾਉਣਾ ਔਖਾ ਨਹੀਂ ਹੁੰਦਾ। ਅੱਜ ਵਿਨੇਸ਼ ਆਪਣੇ ਸਾਥੀਆਂ ਨਾਲ ਹੈ, ਉਹ ਲੋਕ-ਇਕੱਠ ਤੇ ਸੰਗਤ ਵਿਚ ਹੈ ਪਰ ਨਾਲ ਹੀ ਉਹ ਹੋਰਨਾਂ ਦਾ ਸਾਥ ਲੋਚਦੀ ਹੈ ਕਿ ਹੋਰ ਖਿਡਾਰੀ ਵੀ ਉਨ੍ਹਾਂ ਦੇ ਨਾਲ ਆਉਣ। ਉਹ ਲਲਕਾਰਦੀ ਹੈ, ”ਉਨ੍ਹਾਂ (ਖਿਡਾਰੀਆਂ) ਵਿਚੋਂ ਕਈਆਂ ਨੇ ਇਕ ਵਾਰ ਟਵੀਟ ਕੀਤਾ ਹੈ ਅਤੇ ਅਸੀਂ ਉਨ੍ਹਾਂ ਦੀ ਹਮਾਇਤ ਦੀ ਕਦਰ ਕਰਦੇ ਹਾਂ। ਪਰ ਇਕ ਵਾਰ ਟਵੀਟ ਕਰਨਾ ਕਾਫ਼ੀ ਨਹੀਂ।” ਇੱਥੇ ਪੰਜਾਬ ਦੇ ਖਿਡਾਰੀਆਂ ਤੇ ਖੇਡ-ਲੇਖਕਾਂ ਸਾਹਮਣੇ ਵੀ ਸਵਾਲ ਹੈ ਕਿ ਉਨ੍ਹਾਂ ਵਿਚੋਂ ਕਿੰਨੇ ਇਨ੍ਹਾਂ ਮਹਿਲਾ ਪਹਿਲਵਾਨਾਂ ਦਾ ਸਾਥ ਦੇਣ ਜੰਤਰ-ਮੰਤਰ ਪਹੁੰਚੇ ਹਨ। ਪੰਜਾਬ ਦੇ ਲੇਖਕ, ਔਰਤਾਂ, ਕਿਸਾਨ, ਮਜ਼ਦੂਰ ਤੇ ਇਨ੍ਹਾਂ ਵਰਗਾਂ ਦੀਆਂ ਜਥੇਬੰਦੀਆਂ ਨੇ ਉੱਥੇ ਪਹੁੰਚ ਕੇ ਮਹਿਲਾ ਪਹਿਲਵਾਨਾਂ ਨਾਲ ਆਪਣੀ ਇਕਜੁੱਟਤਾ ਪ੍ਰਗਟਾਈ ਹੈ। ਇਕਜੁੱਟਤਾ ਪ੍ਰਗਟਾਉਣ ਨਾਲ ਏਕਾ ਬਣਦਾ ਹੈ, ਤੁਅੱਸਬ ਦੀਆਂ ਦੀਵਾਰਾਂ ਟੁੱਟਦੀਆਂ ਤੇ ਮਨੁੱਖੀ ਹਮਦਰਦੀ ਤੇ ਸਾਂਝੀਵਾਲਤਾ ਦੀਆਂ ਇਮਾਰਤਾਂ ਉੱਸਰਦੀਆਂ ਹਨ, ਮਨੁੱਖਾਂ ਵਿਚ ਇਕ-ਦੂਸਰੇ ਦੇ ਸਾਥੀ ਹੋਣ ਦੀ ਭਾਵਨਾ (comradeship) ਪਨਪਦੀ ਹੁੰਦੀ ਹੈ। ਆਪਣੇ ਹੱਕਾਂ ਲਈ ਲੜਨ ਲਈ ਜੁੜੇ ਅਜਿਹੇ ਇਕੱਠਾਂ ਵਿਚ ਜਿੱਥੇ ਸੰਗਤਮਈ ਚੇਤਨਾ ਪੈਦਾ ਹੁੰਦੀ ਹੈ, ਉੱਥੇ ਪੀੜਾ ਵਿਚ ਕੁੱਠੇ ਸਰੀਰਾਂ ਦਾ ਲੋਕ-ਸੰਗੀਤ ਵੀ ਪੈਦਾ ਹੁੰਦਾ ਹੈ; ਲੋਕ-ਸੰਘਰਸ਼ ਸੰਗਤਮਈ ਚੇਤਨਾ ਤੇ ਲੋਕ-ਸੰਗੀਤ ਦੀਆਂ ਬੁਨਿਆਦਾਂ ‘ਤੇ ਉੱਸਰਦੇ ਹਨ।

ਇਤਿਹਾਸ ਵਿਚ ਔਰਤਾਂ ਨੂੰ ਨਾ ਸਿਰਫ਼ ਹਮਲਾਵਰਾਂ ਦੇ ਜਬਰ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਸਗੋਂ ਆਪਣੇ ਸਮਾਜ ਦੇ ਮਰਦਾਂ ਦੇ ਜਬਰ ਦੀ ਚੱਕੀ ਵੀ ਝੋਣੀ ਪੈਂਦੀ ਰਹੀ ਹੈ; ਇਹ ਚੱਕੀ ਅਜੇ ਵੀ ਚੱਲ ਰਹੀ ਹੈ। ਜਬਰ ਦਾ ਸਾਹਮਣਾ ਕਰਨ ਲਈ ਔਰਤਾਂ ਨੂੰ ਆਪਣੇ ਅੰਦਰ ਜੁਰੱਅਤ, ਸਵੈ-ਵਿਸ਼ਵਾਸ ਤੇ ਹਿੰਮਤ ਪੈਦਾ ਕਰਨੀ ਪੈਂਦੀ ਹੈ। ਲੜਨ ਦੇ ਜੇਰੇ ਤੇ ਜਬਰ ਦਾ ਸਾਹਮਣਾ ਕਰਨ ਦੀ ਜੁਰਅੱਤ ਨਾਲ ਸਰਸ਼ਾਰ ਵਿਨੇਸ਼ ਦੇ ਮਨ ਵਿਚ ਭਵਿੱਖ ਦੀ ਅਨਿਸ਼ਚਿਤਤਾ ਦਾ ਖੌਫ਼ ਵਾਰ ਵਾਰ ਉੱਭਰਦਾ ਹੈ ਪਰ ਉਹ ਮੁੜ ਮੁੜ ਵਿਸ਼ਵਾਸ ਦੀ ਜ਼ਮੀਨ ਵੱਲ ਪਰਤਦੀ ਹੈ। ਆਪਣੇ ਲੇਖ ਦੇ ਅੰਤ ਵਿਚ ਉਹ ਲਿਖਦੀ ਹੈ, ”ਇਉਂ ਲੱਗਦਾ ਏ ਜਿਵੇਂ ਇਕ ਪਾਸੇ ਸਾਰੀ ਦੁਨੀਆ ਹੋਵੇ ਤੇ ਦੂਸਰੇ ਪਾਸੇ ਅਸੀਂ। ਭਗਵਾਨ ਦੀ ਕਿਰਪਾ ਨਾਲ ਅਸੀਂ ਏਥੇ ਹਾਂ ਤੇ ਕਿਤੇ ਨਹੀਂ ਜਾ ਰਹੇ। ਸਾਨੂੰ ਖੁੱਲ੍ਹੇਆਮ ਤੇ ਅਸਿੱਧੇ ਤੌਰ ‘ਤੇ ਧਮਕਾਇਆ ਗਿਆ ਹੈ, ਸਾਡੇ ਵਿਰੋਧ ਨੂੰ ਬਦਨਾਮ ਕਰਨ ਦੇ ਅਤੇ ਸਾਡੇ ਏਕੇ ਨੂੰ ਤੋੜਨ ਦੇ ਯਤਨ ਕੀਤੇ ਗਏ ਹਨ। ਪਰ ਅਸੀਂ ਲੜਨਾ ਜਾਰੀ ਰੱਖ ਰਹੇ ਹਾਂ।”

ਵਿਨੇਸ਼ ਤੇ ਉਸ ਦੇ ਸਾਥੀਆਂ ਦੀ ਲੜਾਈ ਨੇ ਦੇਸ਼ ਦੀਆਂ ਔਰਤਾਂ ਦਾ ਨਾਂ ਉੱਚਾ ਕੀਤਾ ਹੈ; ਇਹ ਲੜਾਈ ਉਨ੍ਹਾਂ ਦੇ ਮਾਣ-ਸਨਮਾਨ ਅਤੇ ਸਾਰੇ ਦੇਸ਼ ਦੀਆਂ ਔਰਤਾਂ ਦੇ ਮਾਣ-ਸਨਮਾਨ ਦੀ ਲੜਾਈ ਹੈ ਅਤੇ ਅਜਿਹੀ ਲੜਾਈ ਵਿਚ ਮਨੁੱਖ ਨੂੰ ਜੂਝਣਾ ਪੈਂਦਾ ਹੈ, ਜਦ ਦਿਲ ਵਿਚ ਜੂਝਣ ਲਈ ਖਿੱਚ ਪੈਂਦੀ ਹੈ (… ‘ਪਰਿਓ ਨੀਸਾਨੈ ਘਾਉ’) ਤਾਂ ਗਗਨ ਦਮਾਮੇ ਵੱਜਦੇ ਹਨ, ਸੂਰਮੇ ਮੈਦਾਨ ਵਿਚ ਆਉਂਦੇ ਹਨ, ਜੂਝਣ ਦਾ ਮੌਕਾ ਮਿਲਦਾ ਹੈ (‘ਅਬ ਜੂਝਨ ਕੋ ਦਾਉ’)। ਉਹੀ ਲੋਕ ਸੂਰਮੇ ਹੁੰਦੇ ਹਨ ਜੋ ਹੱਕ-ਸੱਚ ਲਈ ਲੜਦੇ ਹਨ, ਟੋਟੇ-ਟੋਟੇ ਹੋ ਮਰਦੇ ਪਰ ਸੰਘਰਸ਼ ਦਾ ਮੈਦਾਨ ਨਹੀਂ ਛੱਡਦੇ। ਭਗਤ ਕਬੀਰ ਜੀ ਦਾ ਕਥਨ ਹੈ, ”ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ।। ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ।।੧।। ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।। ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।੨।।੨।।”

– ਸਵਰਾਜਬੀਰ

Advertisement
Advertisement