ਪਾਪਾ ਜੀ ਦੀ ਆਤਮਾ
ਤਰਸੇਮ ਸਿੰਘ ਭੰਗੂ
ਰਮੇਸ਼ ਚੰਦਰ ਉਰਫ਼ ਪਾਪਾ ਜੀ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਪਿਛਲੀ ਉਮਰੇ ਟੁੱਟੇ ਚੂਲ਼ੇ ਨੇ ਹਰੇਕ ਨੂੰ ਟਕੇ-ਟਕੇ ਦੀਆਂ ਗੱਲਾਂ ਅਤੇ ਹੁੱਜਤਾਂ ਕਰਨ ਵਾਲੇ ਪਾਪਾ ਜੀ ਨੂੰ ਦੂਸਰਿਆਂ ਦੇ ਮੁਥਾਜ ਬਣਾ ਕੇ ਰੱਖ ਦਿੱਤਾ ਸੀ। ਕਿਸੇ ਉੱਤੇ ਨਿਰਭਰ ਹੋ ਕੇ ਜਿਊਣਾ ਕਿੰਨਾ ਮੁਸ਼ਕਿਲ ਹੁੰਦਾ ਹੈ ਅੱਜ ਪਾਪਾ ਜੀ ਤੋਂ ਵੱਧ ਹੋਰ ਕੌਣ ਮਹਿਸੂਸ ਕਰ ਸਕਦਾ ਸੀ। ਜਦੋਂ ਕਦੇ ਪਾਪਾ ਜੀ ਦਾ ਵੱਡਾ ਪੁੱਤਰ ਸਮੀਰ ਆਪਣੀ ਪਤਨੀ ਨੂੰ ਆਖਦਾ, ‘‘ਪਾਪਾ ਜੀ ਨੂੰ ਆਹ ਡਿਸ਼ ਬੜੀ ਪਸੰਦ ਹੈ ਅੱਜ ਇਹੀ ਬਣਾਓ।’’
ਪਾਪਾ ਜੀ ਵੱਲੋਂ ਕਦੇ ਆਪ ਪਸੰਦ ਕਰਕੇ ਲਿਆਂਦੀ ਸਰਕਾਰੀ ਨੌਕਰੀ ਕਰਦੀ ਨੂੰਹ ਰਾਣੀ ਬਣਾ ਸੁਆਰ ਕੇ ਆਖਦੀ, ‘‘ਦੇਖੋ ਸਮੀਰ, ਜ਼ਮਾਨੇ ਦੇ ਨਾਲ ਚੱਲਣ ਦੀ ਅਕਲ ਤੁਹਾਨੂੰ ਪਤਾ ਨ੍ਹੀਂ ਕਦੋਂ ਆਵੇਗੀ? ਬਾਜ਼ਾਰੋਂ ਕਦੀ ਡਾਈਪਰ ਖਰੀਦੇ ਹੋਣ ਤਾਂ ਪਤਾ ਲੱਗੇ! ਘੱਟ ਖਾਣਗੇ ਘੱਟ ਕਰਨਗੇ। ਨਾਲੇ ਮੰਜੇ ’ਤੇ ਪਿਆਂ ਸਖ਼ਤ ਖਾਣਾ ਕਿਹੜਾ ਪਚਦਾ ਆ ਵਡੇਰੀ ਉਮਰ ਨੂੰ! ਆਹ ਡਾਈਪਰ ਤੁਸੀਂ ਨਾ ਬਦਲਦੇ ਹੁੰਦੇ ਤਾਂ ਇਸ ਸਿਆਪੇ ਵਾਸਤੇ ਵੀ ਉਚੇਚਾ ਨੌਕਰ ਰੱਖਣਾ ਪੈਣਾ ਸੀ। ਮਹਿੰਗਾਈ ਦੇ ਜ਼ਮਾਨੇ ’ਚ ਨੌਕਰ ਲੱਭਣਾ ਕਿਹੜਾ ਸੌਖਾ ਹੈ! ਪਿਤਾ ਮੋਹ ਜ਼ਰਾ ਘੱਟ ਹੀ ਜਤਾਇਆ ਕਰੋ।’’ ਪਤਨੀ ਵੱਲੋਂ ਕਈ ਗੱਲਾਂ ਸੁਣ ਕੇ ਸਾਊ ਪੁੱਤ ਦੁਬਾਰਾ ਦੰਦ ਤੋਂ ਦੰਦ ਨਾ ਚੁੱਕਦਾ।
ਮਹੀਨੇ ਦੀ ਆਖ਼ਰੀ ਤਾਰੀਖ਼ ਤੋਂ ਬਾਅਦ ਮਹੀਨਾ ਬਦਲਣ ਨਾਲ ਪਾਪਾ ਜੀ ਦਾ ਸਥਾਨ ਵੀ ਬਦਲਦਾ ਭਾਵ ਪਾਪਾ ਜੀ ਨੇ ਛੋਟੇ ਪੁੱਤਰ ਦੇ ਘਰ ਚਲੇ ਜਾਣਾ ਹੁੰਦਾ ਸੀ। ਪਾਪਾ ਜੀ ਵਿਆਹੀਆਂ ਹੋਈਆਂ ਧੀਆਂ ਕੋਲ ਚਾਹ ਕੇ ਵੀ ਨਹੀਂ ਜਾ ਸਕਦੇ ਸਨ। ਉਸ ਦਿਨ ਪਾਪਾ ਜੀ ਆਪਣੀ ਸਵਰਗਵਾਸੀ ਸ਼ਰੀਕੇ ਹਯਾਤ ਰਾਮ ਪਿਆਰੀ ਨੂੰ ਯਾਦ ਕਰਦੇ ਦੁਖੀ ਹੁੰਦੇ ਮਨਬਚਨੀ ਕਰਦੇ, ‘‘ਅਸੀਂ ਤਾਂ ਇਨ੍ਹਾਂ ਦੋਵਾਂ ਤੀਵੀਂ ਜੀ ਹਜ਼ੂਰਾਂ ਦੀ ਜਵਾਨ ਹੋਣ ਤੱਕ ਲਗਾਤਾਰ ਸਾਂਭ-ਸੰਭਾਲ ਕੀਤੀ ਸੀ, ਇਨ੍ਹਾਂ ਨੇ ਤਾਂ ਸਾਂਭਣ ਵਾਸਤੇ ਦਿਨ ਈ ਮਿਥ ਲਏ! ਸਿਆਣੇ ਠੀਕ ਆਖਦੇ ਨੇ, ਮਾਂ ਪਿਓ ਜਿੰਨੇ ਵੀ ਬੱਚੇ ਹੋਣ ਸਾਂਭ ਲੈਂਦੇ ਨੇ ਪਰ ਔਲਾਦ ਮਾਂ ਪਿਓ ਨੂੰ ਬਹੁਤ ਘੱਟ ਸੰਭਾਲਦੀ ਹੈ। ਚੰਗੇ ਵੇਲੇ ਤੁਰ ਗਈ ਏਂ, ਮੈਨੂੰ ਵੀ ਆਪਣੇ ਕੋਲ ਈ ਬੁਲਾ ਲੈਂਦੀ ਘੱਟੋ-ਘੱਟ ਆਹ ਦਿਨ ਤਾਂ ਨਾ ਵੇਖਣੇ ਪੈਂਦੇ!’’
ਆਂਢ-ਗੁਆਂਢ ਵੀ ਹਮਦਰਦੀ ਭਰੀਆਂ ਸਲਾਹਾਂ ਦਿੰਦਾ ਆਖਦਾ, ‘‘ਬਾਊ ਸਮੀਰ ਜੀ, ਪਾਪਾ ਜੀ ਦੀ ਅਰਦਾਸ ਕਰਵਾ ਦਿਓ, ਭਗਵਾਨ ਪਾਪਾ ਜੀ ਨੂੰ ਪਰਦਾ ਦੇ ਦੇਵੇ, ਅਜਿਹੇ ਕਸ਼ਟਦਾਇਕ ਜੀਵਨ ਖੁਣੋਂ ਥੁੜਿਆ ਈ ਕੀ ਹੈ! ਛੁੱਟ ਜਾਣਗੇ ਵਿਚਾਰੇ।’’
ਬੀਵੀਆਂ ਦੇ ਕਹਿਣ ’ਤੇ ਵੀ ਪੁੱਤਰਾਂ ਨੇ ਅਰਦਾਸ ਤਾਂ ਨਾ ਕਰਾਈ ਪਰ ਪਾਪਾ ਜੀ ਇਕੱਲੇ ਪਏ ਯਮਰਾਜ ਨੂੰ ਉਡੀਕਦੇ ਰਹਿੰਦੇ। ਅਖੀਰ ਇੱਕ ਦਿਨ ਯਮਰਾਜ ਉਨ੍ਹਾਂ ਦੇ ਸਿਰਹਾਣੇ ਆਣ ਖਲੋਤਾ ਤੇ ਪਾਪਾ ਜੀ ਦੀ ਆਤਮਾ ਉਡਾਰੀ ਮਾਰ ਗਈ।
ਪਰਲੋਕ ਨੂੰ ਜਾਂਦਿਆਂ ਯਮਰਾਜ ਦੇ ਪਿੱਛੇ ਝੋਟੇ ਉੱਪਰ ਬੈਠਿਆਂ ਪਾਪਾ ਜੀ ਦੀ ਆਤਮਾ ਯਮਰਾਜ ਨਾਲ ਗੱਲਾਂ ਕਰਨ ਦੀ ਮਨਸ਼ਾ ਨਾਲ ਬੋਲੀ, ‘‘ਯਮਰਾਜ ਜੀ, ਤੁਹਾਡਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ, ਤੁਸੀਂ ਮੈਨੂੰ ਕੁੰਭੀ ਨਰਕ ’ਚੋਂ ਕੱਢ ਲਿਆਏ ਜੇ।’’
ਯਮਰਾਜ ਹੈਰਾਨ ਹੁੰਦਿਆਂ ਬੋਲਿਆ, ‘‘ਮਨੁੱਖ ਤਾਂ ਰੰਗਲੀ ਦੁਨੀਆ ਤੋਂ ਜਾ ਕੇ ਰਾਜ਼ੀ ਨਹੀਂ ਹੁੰਦੇ, ਤੂੰ ਉਸ ਨੂੰ ਕੁੰਭੀ ਨਰਕ ਕਹਿ ਰਿਹਾ ਏਂ! ਤੈਨੂੰ ਨਰਕ ਜਾਂ ਸਵਰਗ ਵਿੱਚ ਭੇਜਣ ਦਾ ਫ਼ੈਸਲਾ ਤਾਂ ਧਰਮਰਾਜ ਜੀ ਨੇ ਕਰਨਾ ਹੈ।’’
‘‘ਨਹੀਂ ਯਮਰਾਜ ਜੀ, ਤੁਸੀਂ ਹੁਕਮ ਮੰਨ ਕੇ ਮਾਤਲੋਕ ਵਿੱਚ ਆਤਮਾ ਕੱਢਣ ਜਾਂਦੇ ਹੋ। ਉੱਥੇ ਕੀ ਕੁਝ ਹੁੰਦਾ ਹੈ ਉਸ ਬਾਰੇ ਤੁਸੀਂ ਨਹੀਂ ਜਾਣਦੇ। ਦੁਨਿਆਵੀ ਨਰਕ ਨਾਲੋਂ ਤਾਂ ਤੁਹਾਡਾ ਨਰਕ ਬਿਹਤਰ ਈ ਹੋਵੇਗਾ।’’
ਪਾਪਾ ਜੀ ਦੀ ਆਤਮਾ ਯਮਰਾਜ ਨਾਲ ਗੱਲਾਂ ਕਰਨ ਦੀ ਹੋਰ ਖੁੱਲ੍ਹ ਲੈਣਾ ਚਾਹੁੰਦੀ ਸੀ।
‘‘ਪ੍ਰਾਣੀ, ਤੂੰ ਕਹਿਣਾ ਕੀ ਚਾਹੁੰਦਾ ਏਂ?’’ ਯਮਰਾਜ ਦੀ ਮਾਤਲੋਕ ਬਾਰੇ ਜਾਣਨ ਦੀ ਉਤਸੁਕਤਾ ਜਾਗੀ।
‘‘ਮੈਂ ਆਪਣੇ ਪਰਿਵਾਰ ਖਾਤਰ ਪੂਰਾ ਜੀਵਨ ਇਸ ਲਈ ਲਾ ਦਿੱਤਾ ਕਿ ਮੇਰਾ ਬੁਢਾਪਾ ਸੁਖਮਈ ਹੋਵੇਗਾ। ਬਿਮਾਰੀ ਕਰਕੇ ਪਿਛਲੀ ਉਮਰੇ ਮੇਰੀ ਜੋ ਦੁਰਗਤ ਹੋਈ ਹੈ ਉਹ ਮੈਂ ਹੀ ਜਾਣਦਾ ਹਾਂ। ਮਾਤਲੋਕ ਵਿੱਚ ਲੋਕ ਕੀ ਕੀ ਡਰਾਮੇ ਕਰਦੇ ਹਨ ਜੇ ਵੇਖਣੇ ਹਨ ਤਾਂ ਮਾਤਲੋਕ ਵਿੱਚ ਰੁਕ ਕੇ ਵੇਖ ਲਵੋ, ਨਾਲੇ ਮੈਂ ਵੀ ਵੇਖ ਲਵਾਂਗਾ ਜਿਨ੍ਹਾਂ ਖਾਤਰ ਮੈਂ ਬੇਈਮਾਨ ਤੱਕ ਬਣਿਆ ਉਹ ਕੀ ਕਰਦੇ ਹਨ।’’ ਕਹਿ ਕੇ ਪਾਪਾ ਜੀ ਦੀ ਆਤਮਾ ਯਮਰਾਜ ਦਾ ਜੁਆਬ ਸੁਣਨ ਲਈ ਚੁੱਪ ਹੋ ਗਈ।
‘‘ਵੇਖ ਬਈ, ਬੰਦਾ ਤੂੰ ਮੈਨੂੰ ਸੱਚਾ-ਸੁੱਚਾ ਤੇ ਨੇਕ ਜਾਪਦਾ ਏਂ ਪਰ ਮੈਂ ਆਪਣੀ ਮਰਜ਼ੀ ਨਹੀਂ ਕਰ ਸਕਦਾ। ਹੁਕਮ ਦਾ ਬੱਝਾ ਹਾਂ, ਧਰਮਰਾਜ ਜੀ ਅੱਗੇ ਤੇਰੀ ਫਰਿਆਦ ਦੀ ਸਿਫ਼ਾਰਸ਼ ਜਰੂਰ ਕਰ ਸਕਦਾ ਹਾਂ ਕਿਉਂਕਿ ਕਿਸੇ ਪ੍ਰਾਣੀ ਦੀ ਪਹਿਲੀ ਪੇਸ਼ੀ ਧਰਮਰਾਜ ਜੀ ਕੋਲ ਹੀ ਹੁੰਦੀ ਹੈ। ਉੱਥੇ ਚਿਤਰ-ਗੁਪਤ ਜੀਵਨ ਵਿੱਚ ਕੀਤੇ ਚੰਗੇ ਮਾੜੇ ਕੰਮਾਂ ਦਾ ਲੇਖਾ-ਜੋਖਾ ਦੱਸਦੇ ਹਨ ਫਿਰ ਨਰਕ ਜਾਂ ਸਵਰਗ ਭੇਜਣ ਦਾ ਫ਼ੈਸਲਾ ਧਰਮਰਾਜ ਖ਼ੁਦ ਕਰਦੇ ਹਨ। ਤੇਰੇ ਮਾਮਲੇ ’ਤੇ ਉਹ ਜ਼ਰੂਰ ਗੌਰ ਕਰਨਗੇ।’’ ਯਮਰਾਜ ਨੇ ਆਪਣੀ ਮਜਬੂਰੀ ਦੱਸ ਦਿੱਤੀ।
ਯਮਰਾਜ ਦੀ ਸਿਫ਼ਾਰਸ਼ ਨਾਲ ਪਾਪਾ ਜੀ ਦੀ ਆਤਮਾ ਨੂੰ ਕੁਝ ਦਿਨ ਹੋਰ ਮਾਤਲੋਕ ਵਿੱਚ ਜਾਣ ਦੀ ਇਜਾਜ਼ਤ ਮਿਲ ਗਈ। ਧਰਮਰਾਜ ਨੇ ਪਾਪਾ ਜੀ ਦੀ ਆਤਮਾ ਨੂੰ ਵਾਪਸ ਮੁੜਦਿਆਂ ਕਿਹਾ, ‘‘ਧਿਆਨ ਨਾਲ ਸੁਣ, ਤੂੰ ਮਾਤਲੋਕ ਵਿੱਚ ਸੁਣ ਸਕੇਂਗਾ, ਵੇਖ ਸਕੇਂਗਾ ਪਰ ਉਹ ਤੈਨੂੰ ਨਾ ਤਾਂ ਵੇਖ ਸਕਣਗੇ ਨਾ ਹੀ ਸੁਣ ਸਕਣਗੇ।’’
ਪਾਪਾ ਜੀ ਦੀ ਆਤਮਾ ਵਾਪਸ ਮਾਤਲੋਕ ਵਿੱਚ ਆ ਗਈ। ਆਤਮਾ ਨੇ ਆਪਣੇ ਹੱਥੀਂ ਬਣਾਏ ਘਰ ਨੂੰ ਬੜੀ ਰੀਝ ਨਾਲ ਤੱਕਿਆ। ਘਰ ਵਿੱਚ ਚੁੱਪ ਚਾਂ ਸੀ ਜਿਵੇਂ ਸਾਰੇ ਹੀ ਬੜੇ ਚਿਰਾਂ ਮਗਰੋਂ ਸੁਖ ਦੀ ਨੀਂਦ ਸੁੱਤੇ ਹੋਣ। ਆਤਮਾ ਨੇ ਅਹਿੱਲ ਪਏ ਰਮੇਸ਼ ਚੰਦਰ ਦੇ ਨਿਰਜਿੰਦ ਸਰੀਰ ਵੱਲ ਵੇਖਿਆ। ਆਤਮਾ ਦੀ ਧਾਹ ਨਿਕਲ ਗਈ। ਆਤਮਾ ਨੂੰ ਖ਼ਿਆਲ ਆਇਆ ਮੇਰੀ ਧਾਹ ਇੱਥੇ ਕੀਹਨੇ ਸੁਣਨੀ ਆ! ਪਾਪਾ ਜੀ ਦੀ ਆਤਮਾ ਆਪਣੇ ਘਰ ਦੇ ਆਲੇ-ਦੁਆਲੇ ਹੀ ਘੁੰਮਦੀ ਰਹੀ ਜਿਵੇਂ ਉਸ ਨੂੰ ਆਪਣਾ ਘਰ ਹੀ ਚੰਗਾ ਲੱਗਦਾ ਹੋਵੇ।
ਸਵੇਰੇ ਘਰ ਵਿੱਚ ਅਗਲੇ ਕਾਰਜਾਂ ਦੀਆਂ ਸਲਾਹਾਂ ਹੋਣ ਲੱਗ ਪਈਆਂ। ਪਾਪਾ ਜੀ ਐਨੀ ਜਾਇਦਾਦ ਛੱਡ ਕੇ ਗਏ ਸਨ, ਉਨ੍ਹਾਂ ਦੇ ਮਾਣ ਸਨਮਾਨ ਹਿੱਤ ਸ਼ਰੀਕੇ ਕਬੀਲੇ ਵਿੱਚ ਵੀ ਨੱਕ ਉੱਚਾ ਰੱਖਣ ਦਾ ਖਿਆਲ ਰੱਖਣਾ ਪੈਣਾ ਸੀ। ਸੋ ਫ਼ੈਸਲਾ ਹੋਇਆ ਕਿ ਪਾਪਾ ਜੀ ਦਾ ਬਬਾਨ ਗੱਜ-ਵੱਜ ਕੇ ਕੱਢਿਆ ਜਾਵੇ। ਧੀਆਂ ਸਮੇਤ ਸਾਰਾ ਕੁੜਮ-ਕਬੀਲਾ ਪਹੁੰਚ ਚੁੱਕਾ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇਸ਼ਨਾਨ ਕਰਾ ਕੇ ਫੱਟੇ ਉੱਤੇ ਰੱਖਣ ਤੋਂ ਬਾਅਦ ਅਰਥੀ ਸਜਾਉਂਦਿਆਂ ਉੱਤੇ ਰੰਗਦਾਰ ਕੱਪੜਾ ਪਾ ਕੇ ਰੰਗ-ਬਿਰੰਗੇ ਫੁੱਲ ਅਤੇ ਗੁਬਾਰੇ ਲਾਏ ਗਏ। ਹਰ ਕਿਸਮ ਦਾ ਫਲ਼ ਟੰਗਿਆ ਗਿਆ। ਕੰਧ ’ਤੇ ਬੈਠੀ ਪਾਪਾ ਜੀ ਦੀ ਆਤਮਾ ਸਭ ਕੁਝ ਵੇਖ ਤਾਂ ਸਕਦੀ ਸੀ ਪਰ ਕਿਸੇ ਨੂੰ ਇਹ ਨਹੀਂ ਸੀ ਆਖ ਸਕਦੀ, ‘‘ਓਏ, ਢਾਈ ਤਿੰਨ ਸਾਲ ਮੰਜੇ ’ਤੇ ਪਏ ਨੂੰ ਕਿਸੇ ਨੇ ਫਲ਼ ਤਾਂ ਕੀ ਦੇਣੇ ਸਨ, ਰੱਜਵੀਂ ਰੋਟੀ ਵੀ ਨਹੀਂ ਦਿੱਤੀ।’’
ਵਿਲਕਦੀਆਂ ਧੀਆਂ ਵੇਖ ਕੇ ਪਾਪਾ ਜੀ ਦੀ ਆਤਮਾ ਵੀ ਵਿਲਕ ਪਈ ਸੀ ਪਰ ਹੁਣ ਧੀਆਂ ਨੂੰ ਕਿਸੇ ਨੇ ਗਲ਼ਵਕੜੀ ’ਚ ਨਹੀਂ ਸੀ ਲੈਣਾ। ਅੰਤਿਮ ਯਾਤਰਾ ਦੇ ਅੱਗੇ ਵੱਜ ਰਹੇ ਬੈਂਡ ਕਰਕੇ ਪਾਪਾ ਜੀ ਨੂੰ ਵਿਆਹ ਵੇਲਾ ਯਾਦ ਆ ਗਿਆ ਜਦੋਂ ਉਹ ਰਾਮ ਪਿਆਰੀ ਨੂੰ ਘੋੜੀ ’ਤੇ ਚੜ੍ਹ ਕੇ ਬੜੀ ਸ਼ਾਨ ਨਾਲ ਵਿਆਹੁਣ ਗਏ ਸਨ। ਪਾਪਾ ਜੀ ਦੇ ਆਧੁਨਿਕ ਤੇ ਸਾਊ ਨੂੰਹਾਂ-ਪੁੱਤਰਾਂ ਨੇ ਅੰਤਿਮ ਅਰਦਾਸ ਅਤੇ ਰਸਮ ਪਗੜੀ ਦਾ ਪ੍ਰਬੰਧ ਵੀ ਸ਼ਹਿਰ ਦੇ ਸਭ ਤੋਂ ਮਹਿੰਗੇ ਪੈਲੇਸ ਵਿੱਚ ਕੀਤਾ। ਇੱਥੇ ਵੀ ਪਾਪਾ ਜੀ ਦੀ ਆਤਮਾ ਆਪਣੇ ਕਪੁੱਤਰਾਂ ਅਤੇ ਨੂੰਹਾਂ ਨੂੰ ਵਧੀਆ ਲਬਿਾਸਾਂ ਵਿੱਚ ਵੇਖ ਕੇ ਝੂਰਨ ਤੋਂ ਇਲਾਵਾ ਕੁਝ ਨਾ ਕਰ ਸਕੀ। ਸਾਰੇ ਕੰਮ ਖ਼ਤਮ ਹੋਣ ਤੋਂ ਬਾਅਦ ਸਾਰਿਆਂ ਦੇ ਨਾਲ ਪਾਪਾ ਜੀ ਦੀ ਆਤਮਾ ਘਰ ਆ ਗਈ। ਸਾਰੇ ਰਿਸ਼ਤੇਦਾਰ ਪੈਲੇਸ ਵਿੱਚੋਂ ਹੀ ਤੁਰ ਗਏ ਸਨ। ਡਰਾਇੰਗ ਰੂਮ ਵਿੱਚ ਬੈਠੇ ਨੂੰਹਾਂ ਤੇ ਪੁੱਤਰ ਸਾਰੇ ਕੰਮ ਨੇਪਰੇ ਚੜ੍ਹਨ ’ਤੇ ਸੰਤੁਸ਼ਟ ਸਨ। ਛੋਟੇ ਪੁੱਤਰ ਨੇ ਵੱਡੇ ਭਾਈ ਨੂੰ ਕਿਹਾ, ‘‘ਭਾਈ ਸਾਹਿਬ, ਕਿੰਨਾ ਚੰਗਾ ਹੋਵੇ ਜੇ ਆਪਾਂ ਜਾਇਦਾਦ ਦਾ ਹਿਸਾਬ-ਕਿਤਾਬ ਵੀ ਕਰ ਹੀ ਲਈਏ, ਫਿਰ ਕੱਲ੍ਹ ਨੂੰ ਭੈਣਾਂ ਰੱਫੜ ਪਾਉਣਗੀਆਂ।’’ ਪਾਪਾ ਜੀ ਦੀ ਆਤਮਾ ਇਹ ਸੁਣ ਕੇ ਚੀਕ ਹੀ ਪਈ। ਆਤਮਾ ਨੂੰ ਖਿਆਲ ਆ ਗਿਆ ਕਿ ਮੇਰੀ ਆਵਾਜ਼ ਤਾਂ ਕਿਸੇ ਨੂੰ ਸੁਣਨੀ ਹੀ ਨਹੀਂ!
ਸਮੀਰ ਨੇ ਬੜੇ ਠਰੰਮੇ ਨਾਲ ਛੋਟੇ ਭਰਾ ਨੂੰ ਕਿਹਾ, ‘‘ਕਾਹਲੀ ਕਾਹਦੀ ਆ, ਕੁਝ ਦਿਨਾਂ ਬਾਅਦ ਸ਼ਰਾਧ ਵੀ ਉਤਰਨ ਵਾਲੇ ਹਨ, ਪਾਪਾ ਜੀ ਦੇ ਸ਼ਰਾਧ ਤੋਂ ਬਾਅਦ ਸਭ ਕੁਝ ਕਰ ਲਵਾਂਗੇ।’’
ਪਾਪਾ ਜੀ ਦੀ ਆਤਮਾ ਨੇ ਸ਼ਰਾਧ ਤੱਕ ਰੁਕਣ ਦਾ ਫ਼ੈਸਲਾ ਕਰ ਲਿਆ।
ਸ਼ਰਾਧ ਮੌਕੇ ਪੰਜ ਪ੍ਰੋਹਿਤ ਸੱਦੇ ਗਏ। ਮੰਤਰ ਉਚਾਰਣ ਤੋਂ ਬਾਅਦ ਪ੍ਰੋਹਿਤਾਂ ਅੱਗੇ ਪਰੋਸੇ ਪਕਵਾਨ ਵੇਖ ਕੇ ਪਾਪਾ ਜੀ ਦੀ ਆਤਮਾ ਦੇ ਮੂੰਹ ਵਿੱਚ ਪਾਣੀ ਆ ਗਿਆ। ਅਜਿਹੇ ਪਕਵਾਨ ਖਾਧਿਆਂ ਤਾਂ ਜੁੱਗੜੇ ਬੀਤ ਗਏ ਸਨ। ਦੋਵੇਂ ਪੁੱਤਰ ਤੇ ਨੂੰਹਾਂ ਪ੍ਰੋਹਿਤਾਂ ਨੂੰ ਹਰੇਕ ਪਕਵਾਨ ਪਰੋਸਦੇ ਆਖ ਰਹੇ ਸਨ, ‘‘ਆਹ ਤਾਂ ਪਾਪਾ ਜੀ ਦੀ ਖ਼ਾਸ ਪਸੰਦ ਸੀ ਇਹ ਲਵੋ।’’
ਪ੍ਰੋਹਿਤ ਭਰੇ ਢਿੱਡਾਂ ’ਤੇ ਹੱਥ ਫੇਰਦੇ ਆਖਦੇ, ‘‘ਬੱਸ ਜਜਮਾਨ, ਹੁਣ ਗੁੰਜਾਇਸ਼ ਨਹੀਂ।’’
ਫਿਰ ਕੋਈ ਨੂੰਹ ਆਖਦੀ, ‘‘ਪ੍ਰੋਹਿਤ ਜੀ, ਪਾਪਾ ਜੀ ਦੀ ਪਸੰਦ ਆਹ ਮੇਵੇ ਤੇ ਬਦਾਮਾਂ ਵਾਲੀ ਖੀਰ ਤਾਂ ਖਾਣੀ ਹੀ ਪਵੇਗੀ, ਅਸੀਂ ਉਨ੍ਹਾਂ ਨੂੰ ਮੰਜੇ ਉੱਤੇ ਪਿਆਂ ਨੂੰ ਵੀ ਚਮਚੇ ਨਾਲ ਖਵਾਉਂਦੇ ਰਹੇ ਹਾਂ।’’
ਪ੍ਰੋਹਿਤਾਂ ਨੂੰ ਖੀਰ ਖਾਂਦੇ ਵੇਖ ਭਾਪਾ ਜੀ ਦੀ ਆਤਮਾ ਇੱਕ ਵਾਰ ਫਿਰ ਚੀਖੀ, ‘‘ਓਏ, ਮੈਂ ਤਾਂ ਤਰਸ ਗਿਆ ਸਾਂ ਇਨ੍ਹਾਂ ਚੀਜ਼ਾਂ ਨੂੰ। ਮੈਨੂੰ ਇੰਝ ਲੱਗਦਾ ਹੈ ਕਿ ਐਨਾ ਕੁਝ ਖਾ ਕੇ ਧਾਅਡੇ ਸ਼ਰਾਧ ਵੀ ਜਲਦੀ ਹੀ ਹੋ ਜਾਣਗੇ।’’ ਆਤਮਾ ਦੀ ਆਵਾਜ਼ ਕਿਸੇ ਨੇ ਨਹੀਂ ਸੁਣੀ।
ਪਾਪਾ ਜੀ ਦੀ ਆਤਮਾ ਦਾ ਵਾਪਸ ਜਾਣ ਨੂੰ ਦਿਲ ਨਹੀਂ ਕਰ ਰਿਹਾ ਸੀ ਕਿਉਂਕਿ ਸਾਰੀ ਉਮਰ ਉਨ੍ਹਾਂ ਘਰ ਅਤੇ ਔਲਾਦ ਨੂੰ ਬਹੁਤ ਮੋਹ ਕੀਤਾ ਸੀ।
ਸ਼ਰਾਧ ਤੋਂ ਅਗਲੇ ਦਿਨ ਹੀ ਜਾਇਦਾਦ ਨੂੰ ਲੈ ਕੇ ਛਿੱਤਰ ਪੌਲਾ ਖੜਕ ਪਿਆ। ਪੁੱਤਰਾਂ ਨੂੰ ਲੜਦਿਆਂ ਵੇਖ ਦੁਖੀ ਹੁੰਦਿਆਂ ਆਤਮਾ ਨੇ ਸੋਚਿਆ, ‘‘ਕਿਤੇ ਇਨ੍ਹਾਂ ਵਾਂਗ ਮੇਰੀ ਆਤਮਾ ਹੀ ਨਾ ਮਰ ਜਾਵੇ ਇਸ ਤੋਂ ਪਹਿਲਾਂ ਮੈਨੂੰ ਪਰਲੋਕ ਮੁੜ ਹੀ ਜਾਣਾ ਚਾਹੀਦਾ ਹੈ।’’
ਸੰਪਰਕ: 94656-56214