ਪੰਨੂ ਮਾਮਲਾ: ਯਾਦਵ ਨੂੰ ਪਿਛਲੇ ਸਾਲ ਦਿੱਲੀ ਪੁਲੀਸ ਨੇ ਕੀਤਾ ਸੀ ਗ੍ਰਿਫ਼ਤਾਰ
ਨਵੀਂ ਦਿੱਲੀ, 19 ਅਕਤੂਬਰ
ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕੀ ਧਰਤੀ ’ਤੇ ਜਾਨੋਂ ਮਾਰਨ ਦੀ ਕੋਸ਼ਿਸ਼ ’ਚ ਕਥਿਤ ਤੌਰ ’ਤੇ ਸ਼ਾਮਲ ਭਾਰਤ ਸਰਕਾਰ ਦੇ ਸਾਬਕਾ ਅਧਿਕਾਰੀ ਵਿਕਾਸ ਯਾਦਵ ਨੂੰ ਪਿਛਲੇ ਸਾਲ ਦਸੰਬਰ ’ਚ ਦਿੱਲੀ ਪੁਲੀਸ ਨੇ ਫਿਰੌਤੀ ਅਤੇ ਅਗ਼ਵਾ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਸੂਤਰਾਂ ਮੁਤਾਬਕ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਯਾਦਵ ਨੂੰ ਰੋਹਿਨੀ ’ਚ ਰਹਿੰਦੇ ਕਾਰੋਬਾਰੀ ਨੂੰ ਕਥਿਤ ਤੌਰ ’ਤੇ ਅਗ਼ਵਾ ਕਰਕੇ ਉਸ ਤੋਂ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਮ ’ਤੇ ਪੈਸੇ ਮੰਗਣ ਦੇ ਦੋਸ਼ ਹੇਠ 18 ਦਸੰਬਰ, 2023 ’ਚ ਗ੍ਰਿਫ਼ਤਾਰ ਕੀਤਾ ਸੀ ਪਰ ਉਸ ਨੂੰ ਇਸ ਵਰ੍ਹੇ ਅਪਰੈਲ ’ਚ ਜ਼ਮਾਨਤ ਮਿਲ ਗਈ। ਸਪੈਸ਼ਲ ਸੈੱਲ ਵੱਲੋਂ ਦਰਜ ਐੱਫਆਈਆਰ ’ਚ ਕਿਹਾ ਗਿਆ ਹੈ ਕਿ ਯਾਦਵ ਨੇ ਕਾਰੋਬਾਰੀ ਨੂੰ 11 ਦਸੰਬਰ 2023 ਨੂੰ ਦੱਖਣੀ ਦਿੱਲੀ ’ਚ ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਦਫ਼ਤਰ ਨੇੜੇ ਮਿਲਣ ਲਈ ਸੱਦਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਉਸ ਦੀ ਜਾਨ ਨੂੰ ਗੰਭੀਰ ਖ਼ਤਰਾ ਹੈ। ਇਸ ਮਗਰੋਂ ਪੀੜਤ ਆਪਣੇ ਦੋਸਤ ਨਾਲ ਯਾਦਵ ਨੂੰ ਮਿਲਿਆ, ਜੋ ਅਬਦੁੱਲਾ ਨਾਮ ਦੇ ਵਿਅਕਤੀ ਨਾਲ ਆਇਆ ਸੀ। ਯਾਦਵ ਅਤੇ ਅਬਦੁੱਲਾ ਨੇ ਕਾਰੋਬਾਰੀ ਨੂੰ ਕਾਰ ਅੰਦਰ ਜਬਰੀ ਬਿਠਾ ਕੇ ਲਾਰੈਂਸ ਬਿਸ਼ਨੋਈ ਦੇ ਨਾਮ ’ਤੇ ਪੈਸਿਆਂ ਦੀ ਮੰਗ ਕੀਤੀ। ਦੋਹਾਂ ਨੇ ਉਸ ਨੂੰ ਛੱਡਣ ਤੋਂ ਪਹਿਲਾਂ ਖਾਲੀ ਚੈੱਕ ’ਤੇ ਜਬਰੀ ਦਸਤਖ਼ਤ ਕਰਵਾਏ। ਘਰ ਪਰਤਣ ਮਗਰੋਂ ਕਾਰੋਬਾਰੀ ਨੂੰ ਪਤਾ ਲੱਗਾ ਕਿ ਯਾਦਵ ਅਤੇ ਉਸ ਦਾ ਸਾਥੀ ਉਸ ਦੇ ਕੈਫੇ ’ਚ ਪਏ 50 ਹਜ਼ਾਰ ਰੁਪਏ ਵੀ ਲੈ ਗਏ ਅਤੇ ਸੀਸੀਟੀਵੀ ਦੀ ਸਾਰੀ ਰਿਕਾਰਡਿੰਗ ਹਟਾ ਦਿੱਤੀ। ਪੁਲੀਸ ਨੇ ਦੋਹਾਂ ਖ਼ਿਲਾਫ਼ ਧਾਰਾ 364ਏ, 307, 328, 506, 323, 341, 392, 411 ਅਤੇ 120ਬੀ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਯਾਦਵ ਖ਼ਿਲਾਫ਼ 13 ਮਾਰਚ ਨੂੰ ਚਾਰਜਸ਼ੀਟ ਦਾਖ਼ਲ ਕੀਤੀ ਸੀ। -ਪੀਟੀਆਈ